ਚੇਨੱਈ: ਅਦਾਕਾਰ ਸੂਰਿਆ ਤਾਮਿਲ ਫਿਲਮਸਾਜ਼ ਬਾਲਾ ਦੀ ਆਉਣ ਵਾਲੀ ਫਿਲਮ ‘ਵਨਨਗਾਨ’ ‘ਚੋਂ ਬਾਹਰ ਹੋ ਗਿਆ ਹੈ। ਕੌਮੀ ਐਵਾਰਡ ਜੇਤੂ ਅਦਾਕਾਰ ਦੇ ਫਿਲਮ ‘ਚੋਂ ਬਾਹਰ ਹੋਣ ਬਾਰੇ ਜਾਣਕਾਰੀ ਬਾਲਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ‘ਚ ਥੋੜ੍ਹੀ ਤਬਦੀਲੀ ਕੀਤੀ ਗਈ ਹੈ। ਬਾਲਾ ਨੇ ਕਿਹਾ, ‘ਮੈਂ ਆਪਣੇ ਛੋਟੇ ਭਰਾ ਸੂਰਿਆ ਨਾਲ ਨਵੀਂ ਫਿਲਮ ‘ਵਨਨਗਾਨ’ ਬਣਾਉਣਾ ਚਾਹੁੰਦਾ ਸੀ ਪਰ ਇਸ ਦੀ ਕਹਾਣੀ ‘ਚ ਥੋੜ੍ਹੀ ਤਬਦੀਲੀ ਹੋਣ ਕਾਰਨ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਹੁਣ ਸੂਰਿਆ ਲਈ ਢੁੱਕਵੀਂ ਨਹੀਂ ਰਹੀ। ਸੂਰਿਆ ਨੂੰ ਮੇਰੇ ਤੇ ਇਸ ਕਹਾਣੀ ‘ਚ ਪੂਰਾ ਭਰੋਸਾ ਹੈ ਪਰ ਫਿਰ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਨੂੰ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਸੂਰਿਆ ਨੂੰ ਥੋੜ੍ਹੀ ਜਿਹੀ ਵੀ ਨਮੋਸ਼ੀ ਝੱਲਣੀ ਪਵੇ।’ ਉਨ੍ਹਾਂ ਕਿਹਾ ਕਿ ਉਹ ਸੂਰਿਆ ਨਾਲ ਮਿਲ ਕੇ ਕੋਈ ਹੋਰ ਪ੍ਰਾਜੈਕਟ ਲਾਜ਼ਮੀ ਕਰਨਗੇ। -ਪੀਟੀਆਈ