ਮੁੰਬਈ: ਲੋਕਾਂ ਨੂੰ ਹਸਾ ਕੇ ਲੋਟ-ਪੋਟ ਕਰਨ ਵਾਲੇ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀ ਫਿਲਮ ‘ਜ਼ਵੀਗਾਟੋ’ ਭਾਰਤ ਦੇ ਸਭ ਤੋਂ ਮਹੱਤਵਪੂਰਨ ਫਿਲਮ ਮੇਲਿਆਂ ਵਿੱਚੋਂ ਇੱਕ 27ਵੇਂ ‘ਦਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਕੇਰਲਾ’ (ਆਈਐੱਫਐੱਫਕੇ) ਵਿੱਚ ਦਿਖਾਈ ਜਾਵੇਗੀ। ਇਸ ਤੋਂ ਪਹਿਲਾਂ ਇਹ ਫਿਲਮ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਬੁਸਾਨ ਇੰਟਰਨੈਸ਼ਨਸ਼ਨ ਫਿਲਮ ਫੈਸਟੀਵਲ ਦੌਰਾਨ ਵੀ ਦਿਖਾਈ ਜਾ ਚੁੱਕੀ ਹੈ। ਆਈਐੱਫਐੱਫਕੇ ਦੌਰਾਨ ਇਸ ਫਿਲਮ ਨੂੰ ਕਲਾਈਡੋਸਕੋਪ ਸੈਕਸ਼ਨ ਤਹਿਤ 10 ਅਤੇ 13 ਦਸੰਬਰ ਨੂੰ ਦਿਖਾਇਆ ਜਾਵੇਗਾ। ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਅਦਾਕਾਰ ਕਪਿਲ ਸ਼ਰਮਾ ਨੇ ਘਰ-ਘਰ ਖਾਣਾ ਪਹੁੰਚਾਉਣ ਵਾਲੇ ਇੱਕ ਵਿਅਕਤੀ ਦੀ ਭੂਮਿਕਾ ਨਿਭਾਈ ਹੈ, ਜੋ ਇਸ ਡਿਜੀਟਲ ਵਿਕਾਸ ਦੇ ਯੁੱਗ ਵਿੱਚ ਗਾਹਕਾਂ ਵੱਲੋਂ ਦਿੱਤੀ ਜਾਣ ਵਾਲੀ ਰੇਟਿੰਗ ਤੇ ਹੋਰ ਪ੍ਰੇਸ਼ਾਨੀਆਂ ਨਾਲ ਘਿਰਿਆ ਹੋਇਆ ਹੈ। ਫ਼ਿਲਮ ਵਿੱਚ ਅਦਾਕਾਰਾ ਸ਼ਾਹਾਨਾ ਗੋਸਵਾਮੀ ਨੇ ਕਪਿਲ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ, ਜੋ ਘਰ ਸੰਭਾਲਦੀ ਹੈ, ਪਰ ਮਗਰੋਂ ਆਰਥਿਕ ਤੌਰ ‘ਤੇ ਆਪਣੇ ਪਤੀ ਦੀ ਮਦਦ ਕਰਨ ਲਈ ਕੰਮ ਵੀ ਕਰਦੀ ਹੈ। ਇਹ ਕਹਾਣੀ ਇਨ੍ਹਾਂ ਦੋਵਾਂ ਦੇ ਸੰਘਰਸ਼ ਨੂੰ ਬਿਆਨਦੀ ਹੈ। -ਆਈਏਐੱਨਐੱਸ