12.4 C
Alba Iulia
Saturday, May 4, 2024

ਰੂਹ ਦਾ ਰੱਜ, ਜਿਊਣ ਦਾ ਹੱਜ

Must Read


ਕਰਨੈਲ ਸਿੰਘ ਸੋਮਲ

ਬਾਲਪੁਣੇ ਦੇ ਅਨੇਕਾਂ ਪ੍ਰਭਾਵ ਪਿਛਲੀ ਉਮਰੇ ਚੇਤੇ ‘ਤੇ ਤਰਦੇ ਆਉਂਦੇ ਹਨ। ਉਨ੍ਹਾਂ ਦੇ ਪਿੱਛੇ ਛਿਪੀਆਂ ਭਾਵਨਾਵਾਂ ਅਤੇ ਗਹਿਰੇ ਅਰਥਾਂ ਨੂੰ ਵੇਖ ਖ਼ੁਦ ਦੰਗ ਰਹਿ ਜਾਈਦਾ ਹੈ। ਕਦੇ-ਕਦਾਈਂ ਘਰ ਕੋਈ ਰਿਸ਼ਤੇਦਾਰ ਆ ਜਾਂਦਾ। ਤਦ ਉਸ ਦੀ ਖ਼ਾਤਰ-ਸੇਵਾ ਵਜੋਂ ਕੋਈ ਮਿੱਠੀ ਚੀਜ਼ ਬਣਾਈ ਜਾਂਦੀ। ਆਮ ਦਿਨਾਂ ਵਿੱਚ ਦਾਲ ਜਾਂ ਸਬਜ਼ੀ ਇੱਕ ਹੀ ਮੁਸ਼ਕਲ ਨਾਲ ਬਣਦੀ, ਪਰ ਪ੍ਰਾਹੁਣਾ ਆਉਣ ‘ਤੇ ਸਲੂਣੇ ਵਜੋਂ ਦਾਲ ਤੇ ਸਬਜ਼ੀ ਦੋਵੇਂ ਬਣਦੀਆਂ। ਥਾਲੀ ਵਿੱਚ ਅਕਸਰ ਚਾਰ ਫੁਲਕੇ ਧਰੇ ਜਾਂਦੇ। ਉਪਰੰਤ ਕਈ ਵਾਰੀ ‘ਹੋਰ ਰੋਟੀ’ ਪੁੱਛੀ ਜਾਂਦੀ। ਕਈ ਸਬੰਧੀ ਅਜਿਹੇ ਵੀ ਹੁੰਦੇ ਜਿਹੜੇ ਰੋਟੀ ਪਰੋਸਣ ਵਾਲੇ ਨੂੰ ਆਖਦੇ, ”ਭਾਈ, ਇੱਕ ਕੌਲੀ ਲੈ ਜਾ ਨਾਲੇ ਅਹਿ ਮਿੱਠਾ ਤੇ ਇੱਕ ਫੁਲਕਾ ਵੀ। ਬਸ, ਜਿਊਂਦਾ ਰਹਿ!” ਹੋਰ ਰੋਟੀ ਪੁੱਛਣੀ ਤਾਂ ਅਗਲੇ ਨੇ ਕਹਿਣਾ, ਨਹੀਂ ਜੀ, ਹੋਰ ਕੁਝ ਨਹੀਂ ਲੈਣਾ। ਠੀਕ ਵੀ ਹੈ, ਸਬਰ-ਸੰਤੋਖ ਹੁੰਦਾ ਹੈ ਤਾਂ ਥੋੜ੍ਹਾ ਖਾ ਕੇ ਵੀ ਤ੍ਰਿਪਤੀ ਪ੍ਰਤੀਤ ਕਰੀਦੀ ਹੈ। ਗੁਰਬਾਣੀ ਦਾ ਕਥਨ ਹੈ:

ਬਿਨਾ ਸੰਤੋਖ ਨਹੀ ਕੋਊ ਰਾਜੈ।।

ਵਿਆਹਾਂ-ਸ਼ਾਦੀਆਂ ਵਿੱਚ ਬਣੇ ਪਕਵਾਨਾਂ ਨੂੰ ਢਿੱਡ ਵਿੱਚ ਤੂੜ-ਤੂੜ ਭਰਨ ਵਾਲੇ ਵੀ ਬਥੇਰੇ ਹੁੰਦੇ, ਪਰ ਖਾਣ ਵੇਲੇ ਸਬਰ-ਸੰਤੋਖ ਤੋਂ ਕੰਮ ਲੈਣ ਵਾਲੇ ਵਿਰਲੇ ਵੇਖੀਦੇ। ਪਿੱਛੇ ਜਿਹੇ ਇੱਕ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ। ਇਸ ਵਿੱਚ ਕਈ ਜਪਾਨੀ ਟਾਪੂਆਂ ਵਿੱਚ ਸੌ ਸਾਲਾਂ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਅਧਿਐਨ ਦਾ ਹਵਾਲਾ ਸੀ। ਉਹ ਲੋਕ ਪਰੋਸੇ ਹੋਏ ਖਾਣੇ ਦਾ ਅੱਸੀ ਪ੍ਰਤੀਸ਼ਤ ਹੀ ਖਾਂਦੇ ਹਨ। ਨਾਲੇ ਜੀਵਨ ਭਰ ਕੋਈ ਨਾ ਕੋਈ ਕੰਮ ਆਪਣੀ ਸਮਰੱਥਾ ਤੇ ਖ਼ੁਸ਼ੀ ਅਨੁਸਾਰ ਕਰਦੇ ਹਨ। ਆਪਸ ਵਿੱਚ ਦੁੱਖ-ਸੁੱਖ ਦੇ ਸਾਂਝੀ ਬਣਦੇ ਹਨ। ਕੁਦਰਤ ਦੇ ਨੇੜੇ ਵਿਚਰਦੇ ਹਨ। ਜਿੱਥੋਂ ਤੀਕ ਸੰਭਵ ਹੋਵੇ ਉਹ ਪੈਦਲ ਤੁਰਦੇ ਤੇ ਹੱਥੀਂ ਕੰਮ ਕਰਦੇ ਹਨ। ਬੱਚਿਆਂ ਤੇ ਪਸ਼ੂ-ਪੰਛੀਆਂ ਨਾਲ ਪਿਆਰ, ਸਾਦਾ ਰਹਿਣ-ਸਹਿਣ, ਕੋਈ ਤਣਾਉ ਆਦਿ ਨਹੀਂ। ਇਸੇ ਲਈ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀਆਂ ਵੀ ਨਹੀਂ।

ਇੱਥੇ ਮੈਨੂੰ ਆਪਣੇ ਬਚਪਨ ਦੇ ਦਿਨਾਂ ਦੇ ਪੇਂਡੂ ਲੋਕ ਯਾਦ ਆ ਗਏ। ਭੁੱਖ ਰੱਖ ਕੇ ਖਾਣ ਦੀ ਮੱਤ ਅਸੀਂ ਅਕਸਰ ਸੁਣਦੇ। ਖ਼ੈਰ, ਭੋਖੜਿਆਂ ਵਿੱਚ ਜੂਨੀ ਕੱਟਣ ਵਾਲਿਆਂ ਨੂੰ ਜਦੋਂ ਖਾਣ ਦਾ ਮੌਕਾ ਮਿਲਦਾ, ਉਹ ਰੱਜ-ਰੱਜ ਖਾਂਦੇ ਹਨ। ਇਸੇ ਲਈ, ਜਦੋਂ ਕਿਤੇ ਚਾਰ ਜਣੇ ਬੈਠਦੇ ਤਾਂ ਅਕਸਰ ਖਾਣ ਦੀਆਂ ਗੱਲਾਂ ਕਰਦੇ। ਇੱਕ ਆਖਦਾ ‘ਫਲਾਣਾ’ ਵਿਆਹ ਵਿੱਚ ਚਾਲੀ ਜੋਟੇ ਲੱਡੂ ਖਾ ਗਿਆ। ਕੋਈ ਹੋਰ ਇਸ ਤੋਂ ਵੱਧ ਖਾਣ ਦੀ ਗੱਲ ਕਰਦਾ।

ਮੇਰੇ ਪਿੰਡ ਦੇ ਲੋਕ ਤਾਉਮਰ ਕੋਈ ਨਾ ਕੋਈ ਕੰਮ ਆਪਣੀ ਸਮਰੱਥਾ ਅਨੁਸਾਰ ਖ਼ੁਸ਼ੀ-ਖ਼ੁਸ਼ੀ ਕਰਦੇ। ਜਦੋਂ ਸਰੀਰ ਬਹੁਤਾ ਬੋਝ-ਭਾਰ ਦਾ ਕੰਮ ਨਾ ਕਰ ਸਕਦਾ ਤਾਂ ਉਹ ਆਪ ਹੀ ਹਲਕੇ ਕੰਮ ਕਰਨ ਲੱਗ ਪੈਂਦੇ। ਕੋਈ ਬਜ਼ੁਰਗ ਔਰਤ ਬੱਚੇ ਨੂੰ ਆਪਣੀ ਗੋਦੀ ਵਿੱਚ ਸੁਲਾ ਦਿੰਦੀ ਤਾਂ ਜੋ ਮਾਂ ਘਰ ਦੇ ਹੋਰ ਕੰਮ ਕਰ ਸਕੇ। ਨਾਲੇ ਆਖਦੀ, ”ਲਿਆ ਬਹੂ, ਬੈਠੀ ਬੈਠੀ ਲਸਣ ਹੀ ਛਿੱਲ ਦੇਵਾਂ।” ਅੱਗੋਂ ਜੇਕਰ ਅਗਲੀ ਆਖਦੀ, ”ਬੇਬੇ ਜੀ ਤੁਸੀਂ ਆਰਾਮ ਕਰੇ। ਬਥੇਰਾ ਕੰਮ ਕਰ ਲਿਆ ਤੁਸੀਂ।” ਤਾਂ ਜਵਾਬ ਹੁੰਦਾ, ”ਧੀਏ ਵਿਹਲੇ ਬੈਠ ਕੇ ਮੱਲ੍ਹਣਾ ਹੈ ਕੋਈ!” ਇੰਜ ਬਜ਼ੁਰਗ ਔਰਤਾਂ ਹੱਡਬੀਤੀਆਂ ਤੇ ਜੱਗਬੀਤੀਆਂ ਸੁਣਾਉਂਦੀਆਂ, ਨਾਲੇ ਜ਼ਿੰਦਗੀ ਦੇ ਵਧੀਆ ਨੁਸਖ਼ੇ ਦੱਸੀ ਜਾਂਦੀਆਂ।

‘ਰੱਜ’ ਦਾ ਸਬੰਧ ਉਂਜ ਬੰਦੇ ਦੀਆਂ ਖਾਣ-ਪੀਣ ਨਾਲ ਜੁੜੀਆਂ ਆਦਤਾਂ ਨਾਲ ਹੈ। ਕਈਆਂ ਦਾ ਢਿੱਡ ਭਰ ਜਾਂਦਾ ਹੈ, ਪਰ ਨੀਅਤ ਨਹੀਂ ਭਰਦੀ। ਖਾਣ, ਪਹਿਨਣ, ਸੌਣ ਆਦਿ ਦੀ ਅੱਤ ਨੂੰ ਬਾਬਾ ਨਾਨਕ ਜੀ ਨੇ ‘ਖੁਸੀ ਖੁਆਰੁ’ ਦਾ ਸਬੱਬ ਮੰਨਿਆ ਹੈ। ਮੇਰਾ ਨਾਨਾ ਸੰਤ ਸਿੰਘ ਪਹਿਲੀ ਜਾਂ ਦੂਜੀ ਸੰਸਾਰ-ਜੰਗ ਵਿੱਚ ਅੰਗਰੇਜ਼ਾਂ ਦੇ ਸੈਨਿਕ ਵਜੋਂ ਲੜਿਆ। ਉਹ ਦੱਸਦਾ ਹੁੰਦਾ ਸੀ ਕਿ ਕਈ ਦਿਨਾਂ ਦਾ ਭੁੱਖਾ ਸੀ। ਅਚਾਨਕ ਨਜ਼ਰ ਰੋਟੀ ਦੇ ਇੱਕ ਸੁੱਕੇ ਟੁਕੜੇ ਉੱਤੇ ਜਾ ਪਈ। ਉਸ ਨੇ ਉਹ ਸੁੱਕੀ ਰੋਟੀ ਚੁੱਕ ਕੇ ਮੱਥੇ ਨੂੰ ਛੁਹਾਈ। ਤਦ ਤੋਂ ਨਾਨਾ ਆਪਣੇ ਅੰਤਲੇ ਦਿਨਾਂ ਤੀਕ ਜਦੋਂ ‘ਪ੍ਰਸ਼ਾਦਾ’ ਛਕਦਾ ਤਾਂ ਉਸ ਨੂੰ ਨਮਸਕਾਰਦਾ। ਦੂਜਾ, ਉਸ ਨੇ ਕਦੇ ਮਿਲੀ ਰੋਟੀ ਦੇ ਤੱਤੀ ਜਾਂ ਠੰਢੀ ਹੋਣ ਬਾਰੇ ਵਿਚਾਰ ਨਾ ਕੀਤਾ। ਤੀਜਾ, ਰੋਟੀ ਦੀ ਗਰਾਹੀ ਤੋੜਨ ਤੋਂ ਪਹਿਲਾਂ ਆਵਾਜ਼ ਮਾਰ ਕੇ ਕਹਿੰਦਾ, ”ਆਓ ਭਾਈ, ਪ੍ਰਸ਼ਾਦਾ ਛਕੋ।” ਉਹ ਘਰ ਆਏ ਕਿਸੇ ਵੀ ਬੰਦੇ ਨੂੰ ਰੋਟੀ ਖਿਲਾਏ ਬਿਨਾਂ ਨਾ ਜਾਣ ਦਿੰਦਾ। ਉਸ ਨੂੰ ਦਸ ਕਿ ਬਾਰਾਂ ਰੁਪਏ ਪੈਨਸ਼ਨ ਲੱਗੀ ਸੀ। ਉਹ ਤਿੰਨੀ ਮਹੀਨੀਂ ਪੈਨਸ਼ਨ ਲੈ ਕੇ ਪਹਿਲਾਂ ਬਾਜ਼ਾਰ ਵਿੱਚੋਂ ਪਤਾਸੇ ਖ਼ਰੀਦਦਾ। ਫਿਰ ਪਿੰਡ ਵੜਦਾ ਹਰੇਕ ਨੂੰ, ਖ਼ਾਸ ਕਰਕੇ ਨਿਆਣਿਆਂ ਨੂੰ ਮੁੱਠੀ ਮੁੱਠੀ ਪਤਾਸਿਆਂ ਦੀ ਦਿੰਦਾ।

ਨਿਹੰਗ ਸਿੰਘਾਂ ਦੇ ਬੋਲ ਹੀ ਵੇਖੋ। ‘ਭਰਪੂਰਤਾ’ ਦੀ ਭਾਵਨਾ ਨਾਲ ਭਰੇ ਹੁੰਦੇ। ‘ਲੰਗਰ’ ਮਸਤ ਹੋ ਗਿਆ ਕਹਿਣ ਵੇਲੇ ਕੁਝ ਵੀ ਮੁੱਕਣ ਜਾਂ ਥੁੜ੍ਹਨ ਦਾ ਅਹਿਸਾਸ ਨਹੀਂ ਹੁੰਦੈ। ਜ਼ਿੰਦਗੀ ਦਾ ਰੱਜ ਰੂਹ ਦੇ ਰੱਜ ਨਾਲ ਜੁੜਿਆ ਹੈ। ਤ੍ਰਿਪਤ ਲੋਕਾਂ ਦਾ ਰੋਮ-ਰੋਮ ਤ੍ਰਿਪਤ ਰਹਿੰਦਾ ਹੈ। ਜ਼ਿੰਦਗੀ ਦੀ ਅਸਲ ਅਮੀਰੀ ਅਮਿਤ ਹੁੰਦੀ ਹੈ। ਕਿਤੇ ਕੋਈ ਕਮੀ ਨਜ਼ਰ ਨਹੀਂ ਆਉਂਦੀ। ਹੁਣ ਹੈਰਾਨ ਹੋਈਦਾ ਹੈ ਜਦੋਂ ਵੇਖੀਦੈ ਕਿ ਦੁਨੀਆ ਦੇ ਧਨ-ਕੁਬੇਰਾਂ ਨੂੰ ਪਛਾੜਨ ਵਾਲੇ ਸਾਡੇ ਪੂੰਜੀਪਤੀਆਂ ਨੂੰ ਰੱਜ ਆਉਂਦਾ ਹੀ ਨਹੀਂ। ਦੇਸ਼ ਦੇ ਆਮ ਲੋਕ ਭਾਵੇਂ ਭੁੱਖੇ ਮਰਦੇ ਰਹਿਣ।
ਸੰਪਰਕ: 98141-57137



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -