ਬਲਜਿੰਦਰ ਸਿੰਘ ਜੌੜਕੀਆਂ
ਬੱਚਿਆਂ ਤੇ ਮਾਪਿਆਂ ਦੇ ਦੋਸਤਾਨਾ ਸਬੰਧਾਂ ਦੇ ਬਹੁਤ ਹੀ ਸਾਰਥਿਕ ਨਤੀਜੇ ਨਿਕਲਦੇ ਹਨ, ਜਦੋਂਕਿ ਮਾਪਿਆਂ ਦੇ ਕਠੋਰ ਵਿਵਹਾਰ ਨਾਲ ਬੱਚਿਆਂ ਦੇ ਸੁਭਾਅ ਵਿੱਚ ਵਿਗਾੜ ਆ ਜਾਂਦੇ ਹਨ। ਘਰ ਦੇ ਡਰੋਂ ਨਿਆਣੇ ਚੋਰੀਉਂ ਅਜਿਹੇ ਕੰਮ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਵਿੱਚ ਅਨੈਤਿਕ ਤੇ ਅਪਰਾਧੀ ਰੁਚੀਆਂ ਦਾ ਵਿਕਾਸ ਹੁੰਦਾ ਹੈ, ਉਹ ਚਾਨਣ ਵੱਲ ਜਾਣ ਦੀ ਥਾਂ ਹਨੇਰਿਆਂ ਵੱਲ ਹੋ ਤੁਰਦੇ ਹਨ। ਜਦੋਂ ਮਾਪੇ ਬੱਚਿਆਂ ਦੇ ਦੋਸਤ ਹੁੰਦੇ ਹਨ ਤਾਂ ਉਨ੍ਹਾਂ ਅੰਦਰ ਉਸਾਰੂ ਰੁਚੀਆਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਅੰਦਰੋਂ ਮਜ਼ਬੂਤ ਤੇ ਜੁੜੇ ਹੋਏ ਮਹਿਸੂਸ ਕਰਦੇ ਹਨ।
ਬੱਚਿਆਂ ਨੂੰ ਸਖ਼ਤ ਹੁਕਮ ਜਾਂ ਨਿਰਦੇਸ਼ ਦੇਣ ਦੀ ਬਜਾਇ ਸਿਹਤਮੰਦ ਹੱਦਬੰਦੀ ਤੈਅ ਕਰਨ ਨਾਲ ਬੱਚੇ ਦਾਇਰੇ ਵਿੱਚ ਰਹਿੰਦੇ ਹੋਏ ਸਿੱਖਣ ਦੇ ਨਾਲ-ਨਾਲ ਨਿੱਕੀਆਂ-ਨਿੱਕੀਆਂ ਖੁਸ਼ੀਆਂ ਮਾਣਦੇ ਰਹਿੰਦੇ ਹਨ। ਬੱਚਿਆਂ ਦੀਆਂ ਗਲਤੀਆਂ ‘ਤੇ ਚੀਕਣ ਨਾਲ ਮਸਲੇ ਹੋਰ ਵਿਗੜ ਜਾਂਦੇ ਹਨ। ਬੱਚਿਆਂ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰੋ ਅਤੇ ਉਨ੍ਹਾਂ ਨੂੰ ਗਲਤੀਆਂ ਤੋਂ ਸਬਕ ਸਿੱਖਣ ਤੇ ਉਹੀ ਗਲਤੀ ਦੁਬਾਰਾ ਨਾ ਕਰਨ ਲਈ ਪ੍ਰੇਰਿਤ ਕਰੋ। ਬੱਚੇ ਛੋਟੀਆਂ ਚੀਜ਼ਾਂ ਲਈ ਚੀਕ ਸਕਦੇ ਹਨ, ਪਰ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਨਾ ਕਰੋ ਸਗੋਂ ਉਨ੍ਹਾਂ ਦੀ ਪਰੇਸ਼ਾਨੀ ਦੀ ਵਜ੍ਹਾ ਲੱਭ ਕੇ ਉਸ ਦਾ ਹੱਲ ਕਰੋ। ਬੱਚੇ ਕੋਲ ਆਪਣੀ ਤਕਲੀਫ਼ ਦੱਸਣ ਦੇ ਅਨੇਕਾਂ ਵਿਕਲਪ ਹੋਣੇ ਅਤੀ ਜ਼ਰੂਰੀ ਹਨ। ਬੱਚਿਆਂ ਤੋਂ ਕਦੇ ਵੀ ਸ਼ਰਤਾਂ ਨਾਲ ਕੰਮ ਨਾ ਕਰਵਾਓ। ਕਈ ਮਾਪੇ ਕਹਿਣਗੇ ਕਿ ਡਿਨਰ ਖਤਮ ਕਰਨ ‘ਤੇ ਹੀ ਆਈਸ ਕਰੀਮ ਮਿਲੇਗੀ, ਇਸ ਨਾਲ ਬੱਚੇ ਡਿਨਰ ਤਾਂ ਕਰ ਲੈਣਗੇ, ਪਰ ਉਨ੍ਹਾਂ ਅੰਦਰ ਡਿਨਰ ਦੀ ਖਿੱਚ ਸਦਾ ਲਈ ਖਤਮ ਹੋ ਜਾਵੇਗੀ। ਕਈ ਮਾਪੇ ਬੱਚਿਆਂ ਤੋਂ ਕੰਮ ਕਰਵਾਉਣ ਲਈ ਨਿੱਕੇ-ਨਿੱਕੇ ਲਾਲਚ ਦਿੰਦੇ ਹਨ, ਇਸ ਨਾਲ ਬੱਚੇ ਕੰਮ ਤਾਂ ਕਰ ਦਿੰਦੇ ਹਨ, ਪਰ ਉਨ੍ਹਾਂ ਅੰਦਰ ਟਿੱਪ ਲੈਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਜਿਸ ਨਾਲ ਵੱਡੇ ਹੋ ਕੇ ਵਿਗਾੜ ਰਿਸ਼ਵਤ ਆਦਿ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।
ਕੋਈ ਵੀ ਸਰਬ ਕਲਾ ਸਮਰੱਥ ਨਹੀਂ ਹੁੰਦਾ। ਪਹਿਲੀ ਵਾਰ ਕੋਈ ਵੀ ਕੰਮ ਠੀਕ ਨਹੀਂ ਹੁੰਦਾ। ਗਲਤੀਆਂ ਸੁਭਾਵਿਕ ਹਨ। ਕੇਵਲ ਬੱਚੇ ਹੀ ਨਹੀਂ, ਅਸੀਂ ਵੀ ਗਲਤੀਆਂ ਕਰਦੇ ਹਾਂ। ਜੇਕਰ ਬੱਚਾ ਆਪਣਾ ਪੱਖ ਰੱਖਦਾ ਹੈ ਤਾਂ ਇਹ ਨਾ ਕਹੋ ਕਿ ਤੂੰ ਝੂਠ ਬੋਲ ਰਿਹਾ ਹੈ। ਮਾਪਿਆਂ ਦੀਆਂ ਅਜਿਹੀਆਂ ਟਿੱਪਣੀਆਂ ਨਾਲ ਆਪਸੀ ਸਬੰਧਾਂ ਦੇ ਵਿਸ਼ਵਾਸ ਵਾਲਾ ਧਾਗਾ ਕਮਜ਼ੋਰ ਹੋ ਜਾਂਦਾ ਹੈ। ਗਲਤ ਕੰਮ ਬੱਚੇ ਸਿਰ ਨਾ ਮੜ੍ਹੋ ਸਗੋਂ ਠੀਕ ਕਰਨ ਲਈ ਬੱਚਿਆਂ ਦੇ ਸਹਿਯੋਗੀ ਬਣੋ। ਬੱਚਿਆਂ ਵੱਲੋਂ ਕੀਤੇ ਨਿੱਕੇ-ਨਿੱਕੇ ਕੰਮਾਂ ਲਈ ਵੱਡੀ ਸ਼ਾਬਾਸ਼ ਦਿਓ। ਸੰਪਰਕ ਸਾਂਝ ਦੀ ਨੀਂਹ ਹੈ। ਸੰਚਾਰ ਨਾ ਟੁੱਟਣ ਦਿਓ। ਨਜ਼ਦੀਕੀਆਂ ਦੀ ਕਦਰ ਨਾ ਕਰਨ ਨਾਲ ਦੂਰੀਆਂ ਵੱਧ ਜਾਂਦੀਆਂ ਹਨ। ਰਾਬਤਾ ਟੁੱਟਣ ਨਾਲ ਅਨੇਕਾਂ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਅੱਗੇ ਵਧਣ ਵਾਲੇ ਰਸਤਿਆਂ ‘ਤੇ ਗੁੱਸੇ ਤੇ ਨਫ਼ਰਤਾਂ ਦਾ ਘਾਹ ਉੱਗ ਆਉਂਦਾ ਹੈ।
ਜਿਨ੍ਹਾਂ ਘਰਾਂ ਵਿੱਚ ਗੱਲ ਕਹਿਣ ਤੇ ਸੁਣਨ ਵਾਲਾ ਮਾਹੌਲ ਹੁੰਦਾ ਹੈ, ਉਥੋਂ ਬਹੁਤ ਵੱਡੇ ਮਨੁੱਖ ਪੈਦਾ ਹੁੰਦੇ ਹਨ। ਗੱਲਾਂ ਬਾਤਾਂ ਦੇ ਸਿਲਸਿਲੇ ਨਾਲ ਆਪਸੀ ਪਿਆਰ ਤੇ ਵਿਸ਼ਵਾਸ ਵੱਧਦਾ ਹੈ। ਬੱਚੇ ਨੂੰ ਬੁਲਾਉਣ ਲਈ ਪਹਿਲ ਕਰੋ। ਨਿੱਕੇ-ਨਿੱਕੇ ਮਜ਼ਾਕ ਕਰਨ ਨਾਲ ਬੱਚੇ ਖੁਸ਼ ਰਹਿੰਦੇ ਹਨ ਤੇ ਉਹ ਵੱਡੇ ਹੋ ਕੇ ਸਭ ਨੂੰ ਖੁਸ਼ ਕਰਨ ਵਾਲੇ ਵਿਅਕਤੀ ਬਣਦੇ ਹਨ। ਸਰਲ ਮਾਤਾ-ਪਿਤਾ ਹੋਣਾ ਇੱਕ ਕਲਾ ਹੈ। ਮਾਪਿਆਂ ਦੇ ਸ਼ਬਦਾਂ ਦਾ ਬੱਚਿਆਂ ਲਈ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਲਈ ਕਦੇ ਵੀ ਬੱਚਿਆਂ ਦਾ ਦਿਲ ਨਾ ਤੋੜੋ ਸਗੋਂ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਰਹੋ। ਘਰੋਂ ਮਿਲੀ ਹੱਲਾਸ਼ੇਰੀ ਬੱਚਿਆਂ ਲਈ ਰਾਮਬਾਣ ਦਾ ਕੰਮ ਕਰਦੀ ਹੈ।
”ਤੂੰ ਤਾਂ ਸਿਰੇ ਦਾ ਮੂਰਖ ਹੈਂ” ਕਹਿਣ ਨਾਲ ਬੱਚੇ ਨੂੰ ਅਸਹਿ ਸਦਮਾ ਲੱਗਦਾ ਹੈ। ਬਚਪਨ ਜਜ਼ਬਾਤੀ ਹੁੰਦਾ ਹੈ, ਇਸ ਲਈ ਬੱਚਿਆਂ ਦੀਆਂ ਮਲੂਕ ਭਾਵਨਾਵਾਂ ਦੀ ਕਦਰ ਕਰੋ। ਬੱਚਿਆਂ ਨੂੰ ਪੜ੍ਹਾਈ ਹਊਆ ਨਹੀਂ ਸਗੋਂ ਜੀਵਨ ਖੁਸ਼ੀਆਂ ਦਾ ਸਾਧਨ ਹੋਣ ਬਾਰੇ ਦੱਸੋ। ਡਰ ਪਾਉਣ ਨਾਲ ਬੱਚੇ ਦੱਬੂ ਬਣ ਜਾਂਦੇ ਹਨ ਅਤੇ ਸਾਰੀ ਉਮਰ ਅਧੂਰੇ ਹੀ ਰਹਿੰਦੇ ਹਨ। ”ਮਾਊਂ ਖਾ ਜਾਊ” ਦਾ ਡਰਾਵਾ ਬੜਾ ਨੁਕਸਾਨ ਕਰਦਾ ਹੈ। ਮਾਊਂ ਹੁੰਦਾ ਹੀ ਨਹੀਂ, ਪਰ ਡਰ ਬੱਚੇ ਨੂੰ ਮਾਨਸਿਕ ਅਪਾਹਿਜ ਬਣਾ ਦਿੰਦਾ ਹੈ। ਆਪਣੀ ਔਲਾਦ ਦੀ ਉਸ ਦੇ ਸਾਥੀਆਂ ਜਾਂ ਹੁਸ਼ਿਆਰ ਜਮਾਤੀਆਂ ਨਾਲ ਤੁਲਨਾ ਕਰਨੀ ਮਾੜਾ ਰੁਝਾਨ ਹੈ, ਇਸ ਨਾਲ ਬੱਚੇ ਅੰਦਰ ਹੀਣ-ਭਾਵਨਾ ਵਧਦੀ ਹੈ। ਜਿਵੇਂ ਪੰਜੇ ਉਗਲਾਂ ਬਰਾਬਰ ਨਹੀਂ, ਉਸੇ ਤਰ੍ਹਾਂ ਕੁਦਰਤ ਨੇ ਹਰ ਸ਼ਖ਼ਸ ਨੂੰ ਵੱਖੋ-ਵੱਖਰੀ ਕਲਾ ਦਿੱਤੀ ਹੈ। ਆਪਣੇ ਬੱਚੇ ਦੇ ਗੁਣਾਂ ਦੀ ਰੱਜ ਕੇ ਤਾਰੀਫ਼ ਕਰੋ। ਬੱਚੇ ਓਨੇ ਹੀ ਲਾਇਕ ਤੇ ਕਾਬਿਲ ਹੁੰਦੇ ਹਨ ਜਿੰਨੇ ਉਨ੍ਹਾਂ ਦੇ ਮਾਪੇ ਸਮਝਦੇ ਹਨ। ਇਸ ਲਈ ਬੱਚਿਆਂ ਦੇ ਹਰ ਕੰਮ ਨੂੰ ਮਾਨਤਾ ਦਿਓ। ਬੱਚੇ ਲਈ ਲਕੀਰ ਖਿੱਚ ਕੇ ਕਦੇ ਵੀ ਕੋਈ ਗੱਲ ਨਾ ਕਰੋ ਸਗੋਂ ਲਚਕਦਾਰ ਪਹੁੰਚ ਰੱਖੋ। ਕਈ ਵਾਰ ਮਾਪੇ ਬੱਚੇ ਨੂੰ ਕਹਿੰਦੇ ਹਨ ਕਿ ਅਸੀਂ ਤੈਨੂੰ ਕਦੇ ਵੀ ਮੁਆਫ਼ ਨਹੀਂ ਕਰਾਂਗੇ। ਇਹ ਟਿੱਪਣੀ ਬੱਚਿਆਂ ਦੀ ਮਾਪਿਆਂ ਨਾਲ ਜਜ਼ਬਾਤੀ ਸਾਂਝ ਸਦਾ ਲਈ ਖਤਮ ਕਰ ਦਿੰਦੀ ਹੈ ਭਾਵੇਂ ਮੁਆਫ਼ ਵੀ ਕਿਉਂ ਨਾ ਕਰ ਦੇਣ। ਇਸ ਲਈ ਆਪਣੇ ਬੱਚਿਆਂ ਨੂੰ ਉਡਾਰੀਆਂ ਮਾਰਨ ਲਈ ਖੁੱਲ੍ਹਾ ਅੰਬਰ ਦਿਓ।
ਇਹ ਵੀ ਮਾੜਾ ਰੁਝਾਨ ਹੈ ਕਿ ਜੋ ਪ੍ਰਾਪਤੀਆਂ ਮਾਪੇ ਖ਼ੁਦ ਨਹੀਂ ਕਰ ਸਕੇ ਹੁੰਦੇ, ਉਹ ਆਪਣੇ ਬੱਚਿਆਂ ਰਾਹੀਂ ਸਾਕਾਰ ਕਰਨਾ ਲੋਚਦੇ ਹਨ ਜਦੋਂ ਕਿ ਬੱਚਿਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਅੱਗੇ ਵਧਣ ਲਈ ਮਾਹੌਲ ਤਿਆਰ ਕਰਨਾ ਹੁੰਦਾ ਹੈ। ਘੁਟਨ ਨਾਲ ਬੱਚੇ ਲੜਾਕੂ ਹੋ ਜਾਂਦੇ ਹਨ ਤੇ ਉਹ ਨਿੱਕੀਆਂ -ਨਿੱਕੀਆਂ ਗੱਲਾਂ ‘ਤੇ ਬਹਿਸਣ ਲੱਗ ਜਾਂਦੇ ਹਨ। ਨਸ਼ਾ ਤੇ ਹਿੰਸਾ ਮੁਕਤ ਖੁਸ਼ਹਾਲ ਸਮਾਜ ਉਸਾਰਨ ਲਈ ਮਾਪਿਆਂ ਨੂੰ ਉਕਤ ਗੱਲਾਂ ‘ਤੇ ਧਿਆਨ ਦੇਣਾ ਅਤੀ ਜ਼ਰੂਰੀ ਹੈ।
ਸੰਪਰਕ: 94630-24575