ਨਵੀਂ ਦਿੱਲੀ: ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’, ‘ਧੜਕ’ ਅਤੇ ‘ਰੂਹੀ’ ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਆਪਣੀ ਛਾਪ ਛੱਡਣ ਵਾਲੀ ਅਦਾਕਾਰਾ ਜਾਹਨਵੀ ਕਪੂਰ ਹੁਣ ਫਿੱਟਨੈੱਸ ਦੇ ਮਾਮਲੇ ਵਿੱਚ ਵੀ ਪ੍ਰਸ਼ੰਸਕਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ। ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਦੀ ਫਿੱਟਨੈੱਸ ਅਤੇ ਆਤਮ-ਵਿਸ਼ਵਾਸ ਨਾਲ ਭਰੇ ਅੰਦਾਜ਼ ਨੇ ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ ਹੈ। ਜਾਹਨਵੀ ਦਾ ਮੰਨਣਾ ਹੈ ਕਿ ਤੁਸੀਂ ਉਹੀ ਹੋ ਜੋ ਤੁਸੀਂ ਖਾਂਦੇ ਹੋ। ਜਾਹਨਵੀ ਦਾ ਕਹਿਣਾ ਹੈ, ”ਇੱਕ ਪੰਜਾਬੀ ਪਰਿਵਾਰ ਤੋਂ ਹੋਣ ਕਰ ਕੇ ਮੈਂ ਬਚਪਨ ਵਿੱਚ ਬਹੁਤ ਮੋਟੀ ਸੀ। ਇਸ ਮੋਟਾਪੇ ਨੂੰ ਖਤਮ ਕਰ ਕੇ ਫਿੱਟ ਹੋਣ ਦਾ ਮੇਰਾ ਇਹ ਸਫ਼ਰ ਬਹੁਤ ਹੀ ਔਖਾ ਰਿਹਾ ਹੈ।” ਅਦਾਕਾਰਾ ਨੇ ਕਿਹਾ, ”ਆਪਣੇ ਜੀਵਨ ਵਿੱਚ ਬਹੁਤ ਛੋਟੀਆਂ-ਛੋਟੀਆਂ ਤਬਦੀਲੀਆਂ ਕਰ ਕੇ ਸਹੀ ਸਿਹਤ ਪਾਈ ਜਾ ਸਕਦੀ ਹੈ। ਤੁਸੀਂ ਖਾਣ-ਪੀਣ ਦੇ ਮਾਮਲੇ ਵਿੱਚ ਪੌਸਟਿਕ ਚੀਜ਼ਾਂ ਵੱਲ ਵਧ ਸਕਦੇ ਹੋ। ਮੈਂ ਆਪਣਾ ਇਹ ਸਫ਼ਰ ਫਲ, ਸਬਜ਼ੀਆਂ ਖਾਣ ਦੀ ਆਦਤ ਪਾ ਕੇ ਸ਼ੁਰੂ ਕੀਤਾ ਸੀ।” -ਆਈਏਐੱਨਐੱਸ