ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਆਪਣੀ ਫਿਲਮ ‘ਸੈਲਫੀ’ ਦੇ ਸੈੱਟ ‘ਤੇ ਇਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿਚ ਉਹ ‘ਫੌਕਸ ਫਰ’ ਦੀ ਜੈਕਟ ਪਾਈ ਕਾਰ ਉਤੇ ਬੈਠਾ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨਾਲ ਅਕਸ਼ੈ ਨੇ ਆਪਣੀ ਸਫਲਤਾ ਦਾ ਮੰਤਰ ਸਾਂਝਾ ਕੀਤਾ ਹੈ ਜਿਸ ਵਿਚ ਉਸ ਨੂੰ ‘ਸੈਲਫੀ’ ਦੇ ਇੱਕ ਗੀਤ ਲਈ ਗਰਮੀ ਅਤੇ ਨਮੀ ਵਾਲੇ ਮੌਸਮ ਵਿੱਚ ‘ਫੌਕਸ ਫਰ’ ਦੀ ਜੈਕੇਟ ਪਹਿਨ ਕੇ ਸ਼ੂਟਿੰਗ ਕਰਨੀ ਪਈ ਸੀ। ਉਸ ਨੇ ਕਿਹਾ ਕਿ ਮੇਰਾ ਅੱਜ ਦਾ ਮੰਤਰ ਹੈ, ‘ਗਰਮੀ, ਨਮੀ ਔਰ ‘ਫੌਕਸ ਫਰ’… ਸਬ ਚਲੇਗਾ, ਬਸ ਕੰਮ ਕਰ, ਕੰਮ ਕਰ… ‘ਸੈਲਫੀ।’ ਉਸ ਨੇ ਤਸੀਵਰ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਸ ਫਿਲਮ ਲਈ ਫਰਵਰੀ 2024 ਵਿਚ ਸਿਨੇਮਾ ਘਰਾਂ ਵਿਚ ਮਿਲਦੇ ਹਾਂ। ‘ਸੈਲਫੀ’ ਮਲਿਆਲਮ ਫਿਲਮ ‘ਡਰਾਈਵਿੰਗ ਲਾਇਸੈਂਸ’ ਦਾ ਹਿੰਦੀ ਰੀਮੇਕ ਹੈ, ਜਿਸ ਵਿੱਚ ਪ੍ਰਿਥਵੀਰਾਜ ਅਤੇ ਸੂਰਜ ਵੇਂਜਾਰਾਮੁਡੂ ਮੁੱਖ ਅਦਾਕਾਰ ਹਨ। ਅਕਸ਼ੈ ਤੋਂ ਇਲਾਵਾ ਇਮਰਾਨ, ਡਾਇਨਾ ਪੇਂਟੀ ਅਤੇ ਨੁਸਰਤ ਭਰੁਚਾ ਵੀ ਇਸ ਫਿਲਮ ਦਾ ਹਿੱਸਾ ਹਨ। ਇਹ ਫ਼ਿਲਮ ਅਗਲੇ ਸਾਲ 24 ਫਰਵਰੀ ਨੂੰ ਰਿਲੀਜ਼ ਹੋਵੇਗੀ। -ਏਐੱਨਆਈ