ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਸ਼ਰਧਾ ਕਪੂਰ ਦੀ ਫ਼ਿਲਮ ਦਾ ਨਾਮ ਹੁਣ ‘ਤੂੰ ਝੁੂਠੀ ਮੈਂ ਮੱਕਾਰ’ ਹੋਵੇਗਾ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਫ਼ਿਲਮ ਦਾ ਨਾਂ ‘ਟੀਜੇਐੱਮਐੱਮ’ ਹੋਣ ਦਾ ਖੁਲਾਸਾ ਕੀਤਾ ਸੀ। ਅੱਜ ਫ਼ਿਲਮ ਦੀ ਪਹਿਲੀ ਝਲਕ ਇੱਕ ਵੀਡੀਓ ਰਾਹੀਂ ਸਾਹਮਣੇ ਆਈ ਹੈ, ਜਿਸ ਵਿਚ ਰਣਬੀਰ ਅਤੇ ਸ਼ਰਧਾ ਦੀ ਜੁਗਲਬੰਦੀ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦੇ ਟਾਈਟਲ ਗੀਤ ਨੂੰ ਪ੍ਰੀਤਮ ਨੇ ਸੰਗੀਤ ਦਿੱਤਾ ਹੈ ਅਤੇ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ, ਜਦਕਿ ਆਵਾਜ਼ ਰਣਬੀਰ ਅਤੇ ਸ਼ਰਧਾ ਨੇ ਦਿੱਤੀ ਹੈ। ਸ਼ਰਧਾ ਨੇ ਅੱਜ ਆਪਣੇ ਇੰਸਟਾਗ੍ਰਾਮ ‘ਤੇ ਫ਼ਿਲਮ ਵਿਚਲੀ ਝਲਕ ਸਾਂਝੀ ਕਰਦਿਆਂ ਆਖਿਆ, ‘ਆਖ਼ਰਕਾਰ ਟਾਈਟਲ ਗੀਤ ਲੈ ਕੇ ਹਾਜ਼ਰ ਹਾਂ!!! ਦੇਖੋ…।” ਫ਼ਿਲਮ ਦਾ ਨਿਰਦੇਸ਼ਨ ‘ਪਿਆਰ ਕਾ ਪੰਚਨਾਮਾ’, ‘ਸੋਨੂ ਕੇ ਟੀਟੂ ਕੀ ਸਵੀਟੀ’ ਅਤੇ ‘ਆਕਾਸ਼ਵਾਣੀ’ ਲਈ ਜਾਣੇ ਜਾਂਦੇ ਨਿਰਦੇਸ਼ਕ ਲਵ ਰੰਜਨ ਨੇ ਕੀਤਾ ਹੈ। ਇਹ ਫਿਲਮ ਲਵ ਰੰਜਨ ਦੇ ਲਵ ਫਿਲਮਜ਼ ਅਤੇ ਅੰਕੁਰ ਗਰਗ ਨੇ ਪ੍ਰੋਡਿਊਸ ਕੀਤੀ ਹੈ ਅਤੇ ਇਸ ਨੂੰ ਟੀ-ਸੀਰੀਜ਼ ਨੇ ਪੇਸ਼ ਕੀਤਾ ਹੈ। ਇਹ ਅਗਲੇ ਸਾਲ ਹੋਲੀ ਮੌਕੇ 8 ਮਾਰਚ, 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ