ਕੋਲਕਾਤਾ, 15 ਦਸੰਬਰ
ਫਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਅੱਜ ਕਿਹਾ ਕਿ ਦੁਨੀਆ ਕੁਝ ਵੀ ਕਰ ਲਵੇ, ਉਨ੍ਹਾਂ ਵਰਗੇ ਸਕਾਰਾਤਮਕ ਲੋਕ ‘ਜਿਊਂਦੇ’ ਰਹਿਣਗੇ। ਫਿਲਮ ‘ਪਠਾਨ’ ਦੇ ਇੱਕ ਗੀਤ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਅਦਾਕਾਰ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ।
ਕੋਲਕਾਤਾ ਕੌਮਾਂਤਰੀ ਫਿਲਮ ਉਤਸਵ (ਕੇਆਈਐੱਐੱਫ) ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਦਾਕਾਰ ਨੇ ਇਹ ਵੀ ਕਿਹਾ ਕਿ ਕਿਵੇਂ ਸੋਸ਼ਲ ਮੀਡੀਆ ਅਕਸਰ ਕੁਝ ਸੌੜੇ ਵਿਚਾਰਾਂ ਤੋਂ ਪ੍ਰੇਰਿਤ ਹੁੰਦਾ ਹੈ ਅਤੇ ਇਸ ਨੂੰ ਵੰਡਪਾਊ ਤੇ ਤਬਾਹਕੁਨ ਬਣਾ ਦਿੰਦਾ ਹੈ। ਉਨ੍ਹਾਂ ਕਿਹਾ, ‘ਸਿਨੇਮਾ ਮਨੁੱਖਤਾ ਦੀ ਦਿਆਲਤਾ, ਏਕਤਾ ਤੇ ਭਾਈਚਾਰੇ ਦੀ ਵੱਡੀ ਸਮਰੱਥਾ ਨੂੰ ਸਾਹਮਣੇ ਲਿਆਉਂਦਾ ਹੈ।’ ਉਨ੍ਹਾਂ ਕਿਹਾ, ‘ਦੁਨੀਆ ਭਾਵੇਂ ਕੁਝ ਵੀ ਕਰ ਲਵੇ, ਮੈਂ ਅਤੇ ਤੁਸੀਂ ਲੋਕ ਤੇ ਜਿੰਨੇ ਵੀ ਹਾਂ-ਪੱਖੀ ਲੋਕ ਹਨ, ਜਿਊਂਦੇ ਰਹਿਣਗੇ।’ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਾਹਹੁਖ ਨੇ ਕਿਹਾ ਕਿ ਸਿਨੇਮਾ ਮਨੁੱਖਤਾ ਖ਼ਿਲਾਫ਼ ਬਿਰਤਾਂਤ ਸਿਰਜਣ ਵਾਲਿਆਂ ਦਾ ਟਾਕਰਾ ਕਰਨ ਦਾ ਇੱਕ ਪੁਖ਼ਤਾ ਸਾਧਨ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਵੱਖ ਵੱਖ ਰੰਗਾਂ, ਜਾਤਾਂ ਤੇ ਧਰਮਾਂ ਦੇ ਲੋਕਾਂ ਲਈ ਇੱਕ-ਦੂਜੇ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਜ਼ਰੀਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਫਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਹੈ ਕਿ ਇਸ ਗੀਤ ਨਾਲ ਇੱਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਫਿਲਮ ਅਜੇ ਰਿਲੀਜ਼ ਨਹੀਂ ਹੋਈ ਹੈ। -ਪੀਟੀਆਈ