ਮੁੰਬਈ: ਅਦਾਕਾਰਾ ਪਰਿਨੀਤੀ ਚੋਪੜਾ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ਲਈ ਬਿਲਕੁਲ ਤਿਆਰ ਹੈ। ਇਸ ਫ਼ਿਲਮ ਲਈ ਅਦਾਕਾਰਾ ਦੇ ਵਾਲਾਂ ਦਾ ਸਟਾਈਲ ਵੀ ਬਦਲਿਆ ਗਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਸ਼ੀਸ਼ੇ ਅੱਗੇ ਖੜ੍ਹ ਕੇ ਲਈ ਸੈਲਫ਼ੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਸੰਤਰੀ ਰੰਗ ਦਾ ਟਰੈਕ ਸੂਟ ਅਤੇ ਬੂਟ ਪਾਏ ਹੋਏ ਹਨ। ਇਸ ਤਸਵੀਰ ਦੀ ਕੈਪਸ਼ਨ ‘ਚ ਅਦਾਕਾਰਾ ਨੇ ਲਿਖਿਆ, ‘ਨਵੀਂ ਫਿਲਮ, ਨਵੇਂ ਵਾਲ।’ ਜ਼ਿਕਰਯੋਗ ਹੈ ਕਿ ਪਰਿਨੀਤੀ ਦੀ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਪਰਿਨੀਤੀ ਨਾਲ ਮੁੱਖ ਭੂਮਿਕਾ ਵਿੱਚ ਗਾਇਕ ਤੇ ਅਦਾਕਾਰਾ ਦਿਲਜੀਤ ਦੋਸਾਂਝ ਦਿਖਾਈ ਦੇਵੇਗਾ। ਇਹ ਕਹਾਣੀ ਪੰਜਾਬੀ ਦੀ ਪ੍ਰਸਿੱਧ ਦੋਗਾਣਾ ਜੋੜੀ ਅਮਰਜੋਤ ਕੌਰ ਤੇ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਹੈ। ਉਕਤ ਕਿਰਦਾਰ ਨਿਭਾਉਣ ਲਈ ਪਰਿਨੀਤੀ ਤੇ ਦਿਲਜੀਤ ਨੇ ਕਈ ਵਰਕਸ਼ਾਪਾਂ ਵੀ ਲਾਈਆਂ ਹਨ। ਜਾਣਕਾਰੀ ਅਨੁਸਾਰ 8 ਮਾਰਚ 1988 ਨੂੰ ਇਸ ਦੋਗਾਣਾ ਜੋੜੀ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਗਈਆ ਸਨ, ਜਿਸ ਵਿੱਚ ਅਮਰਜੋਤ ਕੌਰ ਤੇ ਅਮਰ ਸਿੰਘ ਚਮਕੀਲਾ ਸਣੇ ਉਨ੍ਹਾਂ ਦੇ ਗਰੁੱਪ ਦੇ ਇੱਕ ਹੋਰ ਮੈਂਬਰ ਦੀ ਮੌਤ ਹੋ ਗਈ ਸੀ। -ਏਐੱਨਆਈ