ਜੱਗਾ ਸਿੰਘ ਆਦਮਕੇ
ਚਿੱਠੀ ਪੁਰਾਤਨ ਸਮੇਂ ਤੋਂ ਦੂਰ ਦੁਰਾਡੇ ਵਸਦੇ ਲੋਕਾਂ ਵਿੱਚ ਆਪਸੀ ਸੰਪਰਕ ਦਾ ਸਾਧਨ ਰਹੀ ਹੈ। ਚਿੱਠੀ ਕਾਗਜ਼ ਉੱਪਰ ਉੱਕਰੇ ਸੁੱਖਾਂ ਦੁੱਖਾਂ, ਜਜ਼ਬਾਤ, ਅਪਣੱਤ, ਜਜ਼ਬਿਆਂ, ਭਾਵਨਾਵਾਂ ਨੂੰ ਪੁਰਾਤਨ ਸਮਿਆਂ ਤੋਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੀ ਰਹੀ ਹੈ। ਚਿੱਠੀ ਦਾ ਇਤਿਹਾਸ ਕਾਫ਼ੀ ਪੁਰਾਤਨ ਹੈ। ਆਧੁਨਿਕ ਡਾਕ ਪ੍ਰਣਾਲੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਚਿੱਠੀਆਂ ਨੂੰ ਮਨੁੱਖ ਦੁਆਰਾ ਜਾਂ ਪਾਲਤੂ ਕਬੂਤਰਾਂ ਰਾਹੀਂ ਪਹੁੰਚਾਇਆ ਜਾਂਦਾ ਸੀ ਜਿਨ੍ਹਾਂ ਨੂੰ ਕਾਸਦ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਚਿੱਠੀਆਂ ਲਿਆਉਣ ਤੇ ਲੈ ਜਾਣ ਲਈ ਘੋੜ ਸਵਾਰਾਂ ਦੀ ਵਿਵਸਥਾ ਦੇ ਵੀ ਪ੍ਰਮਾਣ ਮਿਲਦੇ ਹਨ।
ਚਿੱਠੀ ਦਾ ਮਹੱਤਵ ਬਹੁਪਸਾਰੀ ਹੈ। ਆਪਣੇ ਅਜਿਹੇ ਮਹੱਤਵ ਕਾਰਨ ਚਿੱਠੀ ਹੋਰਨਾਂ ਸੰਸਕ੍ਰਿਤੀਆਂ ਸੱਭਿਆਚਾਰਾਂ ਦੇ ਨਾਲ ਨਾਲ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ, ਸਥਾਨ ਅਤੇ ਪਹਿਚਾਣ ਰੱਖਦੀ ਹੈ। ਅਜਿਹਾ ਹੋਣ ਕਾਰਨ ਪੰਜਾਬ ਦੇ ਲੋਕਗੀਤਾਂ, ਬੋਲੀਆਂ ਆਦਿ ਵਿੱਚ ਇਸ ਦਾ ਵੱਖ ਵੱਖ ਪੱਖਾਂ ਤੋਂ ਜ਼ਿਕਰ ਮਿਲਦਾ ਹੈ। ਪੰਜਾਬੀ ਕਿੱਸਿਆਂ ਵਿੱਚ ਵੀ ਖ਼ਤ ਸਬੰੰਧੀ ਵਰਣਨ ਮਿਲਦਾ ਹੈ। ਵਾਰਿਸ ਦੀ ਹੀਰ ਵਿੱਚ ਰਾਂਝੇ ਦੇ ਭਰਾਵਾਂ ਵੱਲੋਂ ਸਿਆਲਾਂ ਨੂੰ ਖ਼ਤ ਲਿਖਣ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ
ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ
ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ
ਕੂੰਮਾਂ ਓਸ ਅੱਗੇ ਵੱਡੇ ਮਾਲ ਦੀਆਂ।
ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ
ਜ਼ਾਤਾ ਮਹਿਰਮ ਜ਼ਾਤ ਦੇ ਹਾਲ ਦੀਆਂ
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ
ਇਹ ਕੁਦਰਤਾਂ ਜੱਲ ਜਲਾਲ ਦੀਆਂ।
ਸਾਥੋਂ ਰੁੱਸ ਆਇਆ ਤੁਸੀਂ ਮੋੜ ਘੱਲੋ,
ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ।
ਆਧੁਨਿਕ ਸੰਚਾਰ ਸਾਧਨਾਂ ਦੀ ਅਣਹੋਂਦ ਸਮੇਂ ਰਿਸ਼ਤੇਦਾਰਾਂ ਜਾਂ ਦੂਰ ਵਸਦੇ ਨਜ਼ਦੀਕੀਆਂ ਵੱਲੋਂ ਅਕਸਰ ਸੁੱਖ ਦੁੱਖ ਨੂੰ ਬਿਆਨਦੀਆਂ ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਚਿੱਠੀਆਂ ਜਨ ਜੀਵਨ ਦਾ ਹਿੱਸਾ ਕੁਝ ਇਸ ਤਰ੍ਹਾਂ ਹੁੰਦੀਆਂ ਸਨ:
ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ
ਵਸਦੇ ਘਰਾਂ ਵਿੱਚ ਆਉਣ ਚਿੱਠੀਆਂ।
ਸੁਖਦ ਸਨੇਹਾ ਲਿਆਉਣ ਵਾਲੀਆਂ ਚਿੱਠੀਆਂ ਆਉਣ ਦਾ ਚਾਅ ਘਰ ਦੇ ਸਾਰੇ ਮੈਂਬਰਾਂ ਨੂੰ ਹੋਣਾ ਲਾਜ਼ਮੀ ਹੈ, ਪਰ ਜੇਕਰ ਕਿਸੇ ਦੇ ਮਾਹੀਏ ਵੱਲੋਂ ਪਾਈ ਚਿੱਠੀ ਵਿੱਚ ਉਸ ਦੀ ਬਾਲੋ (ਜੀਵਨ ਸਾਥਣ) ਦਾ ਜ਼ਿਕਰ ਵਿਸ਼ੇਸ਼ ਰੂਪ ਵਿੱਚ ਹੁੰਦਾ ਹੋਵੇ ਤਾਂ ਸਬੰਧਤ ਲਈ ਇਸ ਤੋਂ ਵੱਡੀ ਖੁਸ਼ੀ ਤੇ ਚਾਅ ਦੀ ਗੱਲ ਹੋਰ ਕੀ ਹੋ ਸਕਦੀ? ਚਿੱਠੀ ਦੇ ਅਜਿਹੇ ਪੱਖ ਦਾ ਜ਼ਿਕਰ ਮਹੀਏ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਕੋਠੇ ‘ਤੇ ਕਾਂ ਬੋਲੇ
ਚਿੱਠੀ ਆਈ ਮਾਹੀਏ ਦੀ
ਵਿੱਚ ਬਾਲੋ ਦਾ ਨਾਂ ਬੋਲੇ।
ਪੁਰਾਤਨ ਸਮੇਂ ਤੋਂ ਚਿੱਠੀਆਂ ਦੂਰ ਵਸਦੇ ਆਪਣੇ ਨਜ਼ਦੀਕੀਆਂ ਨਾਲ ਰਾਬਤਾ ਕਾਇਮ ਕਰਨ ਦਾ ਸਾਧਨ ਰਹੀਆਂ ਹਨ। ਇਸ ਤਰ੍ਹਾਂ ਚਿੱਠੀਆਂ ਆਪਣੇ ਜਜ਼ਬਾਤ, ਭਾਵਨਾਵਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਦਾ ਜ਼ਰੀਆ ਕੁਝ ਇਸ ਤਰ੍ਹਾਂ ਬਣਦੀਆਂ ਰਹੀਆਂ ਹਨ:
ਰੋ ਰੋ ਲਿਖੀਏ ਚਿੱਠੀਏ ਦਰਦ ਭਰੀਏ
ਪਤਾ ਲਈ ਪ੍ਰਦੇਸ ਦੇ ਵਾਸੀਆਂ ਦਾ।
ਫੇਰਾ ਘੱਤ ਪੁਰਾਣਿਆਂ ਸੱਜਣਾ ਵੇ
ਆ ਕੇ ਪੁੱਛ ਲੈ ਹਾਲ ਉਦਾਸੀਆਂ ਦਾ।
ਚਿੱਠੀ ਸਹੀ ਥਾਂ ਪਤੇ ਪਹੁੰਚਾਉਣ ਲਈ ਸਬੰਧਤ ਦਾ ਪਤਾ ਹੋਣਾ ਵੀ ਜ਼ਰੂਰੀ ਹੈ, ਪਰ ਜੇਕਰ ਜਾਣ ਵਾਲਾ ਕਿਸੇ ਕਾਰਨ ਜਾਂਦਾ ਹੋਇਆ ਆਪਣਾ ਪਤਾ ਟਿਕਾਣਾ ਨਾ ਦੱਸ ਗਿਆ ਹੋਵੇ, ਫਿਰ ਸਬੰਧਤ ਤੱਕ ਚਿੱਠੀ ਕਿਸ ਪਤੇ ‘ਤੇ ਭੇਜੀ ਜਾਵੇ। ਚਿੱਠੀ ਦੇ ਅਜਿਹੇ ਪੱਖ ਦਾ ਜ਼ਿਕਰ ਲੋਕਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਵੇ ਜਾਂਦਾ ਹੋਇਆ ਦੱਸ ਨਾ ਗਿਆ
ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ।
ਚਿੱਠੀਆਂ ਦਾ ਮਹੱਤਵਪੂਰਨ ਖਾਸਾ ਦੂਰ ਬੈਠੇ ਲੋਕਾਂ ਲਈ ਸ਼ਬਦਾਂ ਦੁਆਰਾ ਆਪਣੇ ਮਿੱਤਰ ਪਿਆਰਿਆਂ, ਸਕੇ ਸਬੰਧੀਆਂ ਨਾਲ ਮੁਲਾਕਾਤ ਕਰਵਾਉਣ ਵਰਗਾ ਅਹਿਸਾਸ ਕੁਝ ਇਸ ਤਰ੍ਹਾਂ ਕਰਵਾਉਂਦਾ ਵੀ ਰਿਹਾ ਹੈ:
ਚਿੱਠੀ ਵਾਲੀ ਗੱਲਬਾਤ
ਹੁੰਦੀ ਅੱਧੀ ਮੁਲਾਕਾਤ।
ਚਿੱਠੀਆਂ ਦੀ ਸ਼ੈਲੀਗਤ ਵਿਸ਼ੇਸ਼ਤਾ ਇਸ ਵਿੱਚ ਗੱਲਬਾਤ ਵਾਲਾ ਲਹਿਜ਼ਾ ਹੈ। ਚਿੱਠੀਆਂ ਲਿਖਣ ਵਾਲੇ ਨੂੰ ਇਸ ਦੇ ਪੜ੍ਹਨ ਵਾਲੇ ਦੀ ਦਿਲਚਸਪੀ ਅਤੇ ਰੁਚੀ ਦੀ ਵੀ ਜ਼ਰੂਰਤ ਹੁੰਦੀ ਹੈ। ਚਿੱਠੀ ਲਿਖਣ ਵਾਲੇ ਵੱਲੋਂ ਚਿੱਠੀ ਪੜ੍ਹਨ ਲਈ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ:
ਚਿੱਠੀਆਂ ਮੈਂ ਲਿਖਦੀ
ਤੂੰ ਪੜ੍ਹ ਮੁੰਡਿਆ ਅਣਜਾਣਾ।
ਚਿੱਠੀ ਦਾ ਪੰਜਾਬੀ ਜਨ ਜੀਵਨ ਵਿੱਚ ਮਹੱਤਵਪੂਰਨ ਸਥਾਨ ਰਿਹਾ ਹੋਣ ਕਾਰਨ ਇਹ ਲੋਕ ਸਾਹਿਤ, ਲੋਕ ਗੀਤਾਂ ਆਦਿ ਦਾ ਵਿਸ਼ਾ ਰਹੀ ਹੈ। ਬੁਝਾਰਤਾਂ ਵਿੱਚ ਵੀ ਚਿੱਠੀ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਨੀਲੀ ਕੁੱਕੜੀ ਨੀਲੇ ਪੈਰ
ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ। (ਚਿੱਠੀ)
ਦੂਰ ਵਸਦੇ ਨਜ਼ਦੀਕੀਆਂ ਨੂੰ ਲਿਖੀਆਂ ਜਾਂਦੀਆਂ ਚਿੱਠੀਆਂ ਦੇ ਜਵਾਬ ਵਿੱਚ ਚਿੱਠੀਆਂ ਆਉਣ ਦੀਆਂ ਉਮੀਦਾਂ ਵੀ ਲਿਖਣ ਵਾਲੇ ਦੇ ਦਿਲ ਵਿੱਚ ਹੋਣਾ ਕੁਝ ਇਸ ਤਰ੍ਹਾਂ ਆਮ ਜਿਹੀ ਗੱਲ ਹੈ:
ਲਿਖ ਚਿੱਠੀ ਦਰਦਾਂ ਦੀ
ਤੇਰੇ ਵੱਲ ਪਾਈ।
ਜੇ ਆਪ ਨਹੀਂ ਆਉਣਾ
ਚਿੱਠੀ ਵਿੱਚ ਹਾਲ ਸੁਣਾਈਂ।
ਆਪਣੇ ਸੱਜਣਾਂ ਦੀ ਆਈ ਚਿੱਠੀ ਲਿਖਣ ਵਾਲੇ ਦੀ ਨਜ਼ਦੀਕੀ ਮੌਜੂਦਗੀ ਵਰਗਾ ਅਹਿਸਾਸ ਵੀ ਕੁਝ ਇਸ ਤਰ੍ਹਾਂ ਕਰਵਾਉਂਦੀ:
ਚਿੱਠੀ ਆਈ ਸੱਜਣਾਂ ਦੀ
ਵਿੱਚੋਂ ਮਹਿਕ ਸੱਜਣ ਦੀ ਆਵੇ।
ਚਿੱਠੀ ਆਈ ਸੱਜਣਾਂ ਦੀ…
ਚਿੱਠੀ ਗੱਲਬਾਤ ਦਾ ਲਿਖਤੀ ਰੂਪ ਹੈ। ਅਜਿਹਾ ਹੋਣ ਕਾਰਨ ਚਿੱਠੀ ਪੜ੍ਹਨ ਵਾਲੇ ਤੋਂ ਵੀ ਚਿੱਠੀ ਰਾਹੀਂ ਆਪਣੇ ਵਿਚਾਰ, ਜਜ਼ਬਾਤ ਚਿੱਠੀ ਰੂਪ ਵਿੱਚ ਕਾਗਜ਼ ‘ਤੇ ਉੱਕਰ ਕੇ ਭੇਜਣ ਨਾਲ ਹੀ ਵਾਰਤਾਲਾਪ ਸੰਪੂਰਨ ਹੁੰਦਾ ਹੈ। ਅਜਿਹਾ ਹੋਣ ਕਾਰਨ ਚਿੱਠੀ ਲਿਖਣ ਵਾਲੇ ਨੂੰ ਸਬੰਧਤ ਤੋਂ ਵੀ ਚਿੱਠੀਆਂ ਦੇ ਜਵਾਬ ਵਿੱਚ ਚਿੱਠੀ ਭੇਜਣ ਦੀ ਉਮੀਦ ਹੋਣਾ ਕੁਝ ਇਸ ਤਰ੍ਹਾਂ ਲਾਜ਼ਮੀ ਹੈ:
ਪਹਿਲੀ ਚਿੱਠੀ ਦਾ ਜਵਾਬ ਨਾ ਕੋਈ ਆਇਆ
ਮੈਂ ਹੋਰ ਕਿਵੇਂ ਪਾਵਾਂ ਚਿੱਠੀਆਂ।
ਚਿੱਠੀਆਂ ਵਿੱਚ ਉੱਕਰੇ ਸ਼ਬਦ ਵਿਸ਼ੇਸ਼ ਸ਼ੈਲੀ ਰਾਹੀਂ ਲਿਖਣ ਵਾਲੇ ਦੇ ਨਿੱਜੀ ਜਜ਼ਬਾਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਰਹੇ ਹਨ। ਇਸ ਕਰਕੇ ਇਨ੍ਹਾਂ ਨੂੰ ਲਿਖਣ ਪੜ੍ਹਨ ਲਈ ਅੱਖਰ ਗਿਆਨ ਦੀ ਸਬੰਧਤ ਕੋਲ ਯੋਗਤਾ ਦਾ ਹੋਣਾ ਜ਼ਰੂਰੀ ਹੈ। ਅਨਪੜ੍ਹਤਾ ਦੇ ਦੌਰ ਵਿੱਚ ਜਿਨ੍ਹਾਂ ਨੂੰ ਲਿਖਣਾ ਨਹੀਂ ਸੀ ਆਉਂਦਾ, ਉਨ੍ਹਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਚਿੱਠੀਆਂ ਲਿਖਣ ਲਈ ਦੂਸਰਿਆਂ ‘ਤੇ ਨਿਰਭਰ ਰਹਿਣਾ ਪੈਂਦਾ। ਦੂਸਰਿਆਂ ਤੋਂ ਚਿੱਠੀਆਂ ਲਿਖਵਾਉਣ ਦੀਆਂ ਜ਼ਰੂਰਤਾਂ ਸਬੰਧੀ ਵੇਰਵਾ ਲੋਕ ਗੀਤਾਂ, ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਚਿੱਠੀ ਲਿਖ ਵੇ ਡਾਕੀਆ ਮੇਰੀ
ਦਿਉ ਤੈਨੂੰ ਪੰਜ ਵੇ ਪਤਾਸੇ।
ਦੂਰ ਵਸਦੇ ਲੋਕਾਂ ਨਾਲ ਰਾਬਤੇ ਦਾ ਇੱਕੋ ਇੱਕ ਸਾਧਨ ਚਿੱਠੀ ਸੀ, ਪਰ ਕਿਸੇ ਕਿਸੇ ਲਈ ਪ੍ਰਦੇਸੀ ਨੂੰ ਚਿੱਠੀਆਂ ਲਿਖਣਾ ਵਧੇਰੇ ਸਮਾਂ ਦੇਣ ਵਾਲਾ ਵਰਤਾਰਾ ਸਾਬਤ ਹੁੰਦਾ। ਅਜਿਹਾ ਹੋਣ ਕਾਰਨ ਕਿਸੇ ਧੀ ਵੱਲੋਂ ਆਪਣੇ ਬਾਬਲ ਨੂੰ ਪ੍ਰਦੇਸੀ ਦੇ ਲੜ ਲਗਾਉਣ ਦੀ ਬਜਾਏ ਕਿਸੇ ਹਾਲੀ ਨਾਲ ਵਿਆਹੁਣ ਦੀ ਮੰਗ ਵੀ ਲੋਕਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦੀ ਹੈ:
ਨੌਕਰ ਨੂੰ ਨਾ ਦੇਈਂ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਦੀ ਤਾਂ ਦੂਰ ਨੌਕਰੀ
ਦੂਰ ਕਟਾ ਲਏ ਨਾਮੇਂ
ਚਿੱਠੀ ਲਿਖਦੀ ਨੂੰ
ਢਲ ਜਾਂਦੇ ਪਰਛਾਵੇਂ
ਚਿੱਠੀ ਲਿਖਦੀ ਨੂੰ…
ਕਾਲੇ ਪਾਣੀ ਤੋਂ ਕਿਸ਼ਨੇ ਵੱਲੋਂ ਆਪਣੇ ਭਰਾ ਜਿਉਣੇ ਮੌੜ ਨੂੰ ਉਸ ਨਾਲ ਹੋਏ ਧੋਖੇ ਅਤੇ ਉਸ ਦਾ ਬਦਲਾ ਲੈਣ ਸਬੰਧੀ ਲਿਖਿਆ ਖ਼ਤ ਕਲੀਆਂ ਤੇ ਕਵੀਸ਼ਰੀਆਂ ਦਾ ਹਿੱਸਾ ਹੈ:
ਕਾਲੇ ਪਾਣੀਓਂ ਮੌੜ ਨੂੰ ਖ਼ਤ ਕਿਸ਼ਨੇ ਪਾਇਆ।
ਬਦਲਾ ਲੈ ਲਈਂ ਜਿਊਣਿਆਂ ਜੇ ਮਾਂ ਦਾ ਜਾਇਆ।
ਬੇਰੰਗ ਚਿੱਠੀਆਂ ਦਾ ਜ਼ਿਕਰ ਪੰਜਾਬੀ ਗੀਤਾਂ ਲੋਕਗੀਤਾਂ ਵਿੱਚ ਆਮ ਮਿਲਦਾ ਹੈ। ਵਿਸ਼ੇਸ਼ ਹਾਲਤਾਂ ਨੂੰ ਬਿਆਨਦੀਆਂ ਕਿਸੇ ਦੁਆਰਾ ਭੇਜੀਆਂ ਬਰੰਗ ਚਿੱਠੀਆਂ ਐਨਾ ਕੁ ਅਸਰ ਕਰਨ ਵਾਲੀਆਂ ਹੁੰਦੀਆਂ ਕਿ ਚਿੱਠੀਆਂ ਪ੍ਰਾਪਤ ਕਰਨ ਵਾਲੇ ਦੇ ਧੁਰ ਕਾਲਜੇ ਤੱਕ ਪ੍ਰਭਾਵ ਜਾਂਦਾ:
ਜਦੋਂ ਆਉਂਦੀਆਂ ਕਾਲਜੇ ਸੱਲ ਪਾਉਂਦੀਆਂ
ਵੇ ਤੇਰੀਆਂ ਬਰੰਗ ਚਿੱਠੀਆਂ।
ਗਿੱਧੇ ਦੀਆਂ ਬੋਲੀਆਂ ਵਿੱਚ ਵੀ ਚਿੱਠੀਆਂ ਦਾ ਵੇਰਵਾ ਆਮ ਮਿਲਦਾ ਹੈ। ਕਿਸੇ ਨਜ਼ਦੀਕੀ ਵੱਲੋਂ ਭੇਜੇ ਖ਼ਤ ਨੂੰ ਪੜ੍ਹਨ ਲਈ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:
ਰਾਇਆ ਰਾਇਆ ਰਾਇਆ
ਪੜ੍ਹ ਹਰਨਾਮ ਕੁਰੇ
ਕਾਟ ਯਾਰ ਦਾ ਆਇਆ।
ਕਿਸੇ ਦੀ ਚਿੱਠੀ ਦੀ ਉਡੀਕ, ਫਿਰ ਚਿੱਠੀ ਆਉਣ ‘ਤੇ ਦੂਸਰੇ ਕੰਮਾਂ ਨੂੰ ਛੱਡ ਕੇ ਚਿੱਠੀ ਵਿੱਚ ਪਰੋਏ ਜਜ਼ਬਾਤਾਂ ਨੂੰ ਜਾਣਨ, ਪੜ੍ਹਨ ਦੀ ਵਧੇਰੇ ਕਾਹਲੀ ਹੋਣ ਦਾ ਸਬੰਧ ਮਹੀਏ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਤੰਦੂਰ ਤਾਈ ਹੋਈ ਐ
ਖਸਮਾਂ ਨੂੰ ਖਾਣ ਰੋਟੀਆਂ
ਚਿੱਠੀ ਮਾਹੀਏ ਦੀ ਆਈ ਹੋਈ ਐ।
ਦੂਰ ਵਸਦੇ ਮਾਹੀ ਵੱਲੋਂ ਆਪਣੀ ਮੁਟਿਆਰ ਨੂੰ ਚਿੱਠੀ ਨਾ ਪਾਉਣ ‘ਤੇ ਉਸ ਦੇ ਦੁੱਖ ਸੁੱਖ ਨਾ ਪੁੱਛਣ ਦਾ ਦਰਦ ਲੋਕਗੀਤਾਂ ਵਿੱਚ ਕੁਝ ਇਸ ਤਰ੍ਹਾਂ ਵਰਣਨ ਕੀਤਾ ਮਿਲਦਾ ਹੈ:
ਨਾ ਤੁਸਾਂ ਭੇਜਿਆ ਸੁੱਖ ਸੁਨੇਹਾ
ਨਾ ਤੁਸਾਂ ਭੇਜੀਆਂ ਚਿੱਠੀਆਂ।
ਕੀ ਮੇਰੇ ਮਾਹੀਆ ਤੂੰ ਮਨੋ ਵਿਸਾਰੀ
ਕੀ ਮੈਂ ਭਈ ਪੁਰਾਣੀ?
ਚਿੱਠੀ ਰੂਪੀ ਕਾਗਜ਼ ਦੇ ਤਨ ‘ਤੇ ਉੱਕਰੇ ਅੱਖਰਾਂ ਨੂੰ ਪੜ੍ਹ ਕੇ ਦਿਲ ਖੁਸ਼ੀ ਜਾਂ ਦੁੱਖ ਨੂੰ ਹੰਢਾਉਂਦਾ। ਚਿੱਠੀ ਪੜ੍ਹਦਿਆਂ ਸਬੰਧਤ ਵੱਲੋਂ ਅਣਗੌਲੇ ਕਰਨ ਦੇੇ ਅਹਿਸਾਸ ਨੂੰ ਲੋਕ ਬੋਲੀਆਂ, ਗੀਤਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ:
ਢਲੇ ਪਰਛਾਵੇਂ ਚਿੱਠੀ ਵਾਚਣ ਬੈਠੀ
ਰੋਂਦੇ ਨੈਣ ਨਿਮਾਣੇ।
ਨਾ ਰੋਵੋ ਨੈਣ ਨਿਮਾਣਿਓਂ ਵੇ
ਕੌਣ ਦਿਲਾਂ ਦੀਆਂ ਜਾਣੇ।
ਵਿਆਹ ਸਮੇਂ ਸਾਹੇ ਚਿੱਠੀ ਭੇਜਣਾ ਵਿਆਹ ਦੀ ਇੱਕ ਮਹੱਤਵਪੂਰਨ ਰਸਮ ਰਹੀ ਹੈ। ਵਿਆਹ ਨਾਲ ਸਬੰਧਤ ਚਿੱਠੀ ਦਾ ਨਾਂ ਗੰਢ ਪੈਣ ਪਿੱਛੇ ਇਸ ਦੇ ਨਾਲ ਭੇਜੀ ਜਾਂਦੀ ਗੰਢ ਦਿੱਤੀ ਖੰਮਣੀ ਕਾਰਨ ਪਿਆ ਹੈ, ਜੋ ਪ੍ਰਤੀਕ ਦੇ ਰੂਪ ਵਿੱਚ ਸੁਨੇਹਾ ਭੇਜਣ ਦਾ ਕੰਮ ਕਰਦੀ ਸੀ। ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਇਸ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਨਾਈ ਦੇ ਜਾਈਏ ਵੇ ਰਾਜਾ
ਗੰਢਾਂ ਘਲਾਈਏ, ਗੰਢਾਂ ਘਲਾਈਏ
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ।
ਇਸ ਤਰ੍ਹਾਂ ਚਿੱਠੀ ਆਧੁਨਿਕ ਸੰਚਾਰ ਸਾਧਨਾਂ ਦੀ ਅਣਹੋਂਦ ਸਮੇਂ ਦੂਰ ਵਸਦੇ ਆਪਣੇ ਨਜ਼ਦੀਕੀਆਂ, ਪਿਆਰਿਆਂ ਨਾਲ ਆਪਸੀ ਰਾਬਤਾ ਕਾਇਮ ਕਰਨ ਦਾ ਇੱਕ ਮਹੱਤਵਪੂਰਨ ਜ਼ਰੀਆ ਸੀ। ਦੇਸ ਪ੍ਰਦੇਸ ਵਿੱਚ ਵਸਦੇ ਆਪਣਿਆਂ ਦੇ ਨਾਲ ਵਿਚਾਰ, ਹਾਲਤਾਂ, ਖੁਸ਼ੀਆਂ ਤੇ ਗ਼ਮੀਆਂ ਸਬੰਧੀ ਅਦਾਨ ਪ੍ਰਦਾਨ ਚਿੱਠੀਆਂ ਰਾਹੀਂ ਹੀ ਹੁੰਦਾ ਸੀ। ਅਜਿਹਾ ਹੋਣ ਕਾਰਨ ਪੰਜਾਬੀ ਸੱਭਿਆਚਾਰ ਵਿੱਚ ਵੀ ਚਿੱਠੀ ਆਪਣੀ ਹੋਂਦ ਰੱਖਦੀ ਹੈ। ਪੰਜਾਬੀ ਲੋਕਗੀਤਾਂ, ਬੋਲੀਆਂ ਵਿੱਚ ਚਿੱਠੀ ਦਾ ਜ਼ਿਕਰ ਵੱਖ ਵੱਖ ਰੂਪਾਂ, ਸੰਦਰਭਾਂ ਵਿੱਚ ਵੱਡੇ ਪੱਧਰ ‘ਤੇ ਮਿਲਦਾ ਹੈ।
ਸੰਪਰਕ: 81469-24800