ਮੁੰਬਈ: 2003 ਵਿੱਚ ਆਈ ਫਿਲਮ ‘ਮੁੰਨਾ ਭਾਈ ਐੱਮਬੀਬੀਐੱਸ’ ਦੇ 19 ਸਾਲ ਪੂਰੇ ਹੋਣ ਮੌਕੇ ਅੱਜ ਇਸ ਫਿਲਮ ਵਿੱਚ ਡਾ. ਅਸਥਾਨਾ ਦੇ ਕਿਰਦਾਰ ਵਿੱਚ ਜਾਨ ਪਾਉਣ ਵਾਲੇ ਅਦਾਕਾਰ ਬੋਮਨ ਇਰਾਨੀ ਨੇ ਫਿਲਮ ਦੇ ਸਹਿ ਕਲਾਕਾਰਾਂ ਤੇ ਬਾਕੀ ਅਮਲੇ ਨੂੰ ਵਧਾਈ ਦਿੱਤੀ ਹੈ। ਇਹ ਫਿਲਮ ਬੋਮਨ ਇਰਾਨੀ ਲਈ ਬਹੁਤ ਖਾਸ ਹੈ ਕਿਉਂਕਿ ਇਸ ਫਿਲਮ ਵਿੱਚ ਬੋਮਨ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ ਸੀ। ਫਿਲਮ ਬਾਰੇ ਗੱਲ ਕਰਦਿਆਂ ਬੋਮਨ ਨੇ ਕਿਹਾ, ”ਮੈਂ ਜਾਣਦਾ ਸੀ ਕਿ ਡਾ. ਅਸਥਾਨਾ ਦਾ ਕਿਰਦਾਰ ਸਭ ਤੋਂ ਵੱਖਰਾ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਪਛਾਣ ਛੱਡਣ ਵਾਲਾ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਮੈਂ ਇਹ ਕਿਰਦਾਰ ਨਿਭਾਇਆ ਕਿਉਂਕਿ ਇਸ ਫਿਲਮ ਨੂੰ ਕਈ ਸਾਲ ਬੀਤਣ ਦੇ ਬਾਵਜੂਦ ਹਾਲੇ ਵੀ ਦਰਸ਼ਕ ਮੇਰੇ ਇਸ ਕਿਰਦਾਰ ਨੂੰ ਯਾਦ ਕਰਦੇ ਹਨ।” ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਵੱਲੋਂ ਕੀਤਾ ਗਿਆ ਸੀ ਤੇ ਇਸ ਫਿਲਮ ਨੂੰ 2004 ਵਿੱਚ ਸਰਵੋਤਮ ਪਾਪੂਲਰ ਫਿਲਮ ਦਾ ਕੌਮੀ ਐਵਾਰਡ ਵੀ ਹਾਸਲ ਹੋਇਆ ਸੀ। ਇਸ ਫਿਲਮ ਤੋਂ ਬਾਅਦ ਬੋਮਨ ਤੇ ਹਿਰਾਨੀ ਨੇ ਕਈ ਫਿਲਮਾਂ ਇਕੱਠਿਆਂ ਕੀਤੀਆਂ ਸਨ। -ਆਈਏਐੱਨਐੱਸ