ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਦੀ ਮੁਲਜ਼ਮ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਵੱਲੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗਣ ਵਾਲੀ ਅਪੀਲ ‘ਤੇ ਸੁਣਵਾਈ ਲਈ 22 ਦਸੰਬਰ ਦੀ ਤਾਰੀਕ ਤੈਅ ਕੀਤੀ ਹੈ। ਇਹ ਕੇਸ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਹੈ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਨੋਟਿਸ ਜਾਰੀ ਕਰਦਿਆਂ ਏਜੰਸੀ ਨੂੰ ਅਦਾਕਾਰਾ ਦੀ ਅਰਜ਼ੀ ‘ਤੇ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੈਕੁਲਿਨ ਨੇ ਆਪਣੀ ਅਰਜ਼ੀ ‘ਚ 23 ਦਸੰਬਰ ਤੋਂ ਬਹਿਰੀਨ ਦੀ ਯਾਤਰਾ ਕਰਨ ਦੀ ਇਜਾਜ਼ਤ ਮੰਗੀ ਹੈ। ਉਹ ਮਾਮਲੇ ਦੀ ਸੰਖੇਪ ਸੁਣਵਾਈ ਦੌਰਾਨ ਅਦਾਲਤ ‘ਚ ਪੇਸ਼ ਵੀ ਹੋਈ। ਅਦਾਲਤ ਨੇ ਅਦਾਕਾਰਾ ਨੂੰ 15 ਨਵੰਬਰ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਸੀ। ਇਸ ਮਾਮਲੇ ‘ਚ ਉਸ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਈਡੀ ਵੱਲੋਂ ਅਦਾਕਾਰਾ ਨੂੰ ਹੁਣ ਤੱਕ ਕਈ ਵਾਰ ਜਾਂਚ ਲਈ ਸੱਦਿਆ ਜਾ ਚੁੱਕਾ ਹੈ। -ਪੀਟੀਆਈ