ਧਰਮਪਾਲ
ਮੁੱਖ ਭੂਮਿਕਾ ਨਿਭਾਏਗੀ ਕਾਜਲ ਚੌਹਾਨ
ਸਟਾਰ ਭਾਰਤ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਚੜ੍ਹਦੇ ਸਾਲ ਹੀ ਕੁਝ ਨਵਾਂ ਲਿਆਉਣ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ ਜਨਵਰੀ ਦੇ ਅੰਤ ਵਿੱਚ ਪ੍ਰਸਾਰਿਤ ਹੋਵੇਗਾ। ਇਹ ਸ਼ੋਅ ਫਾਰਮ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸ਼ੋਅ ਦੇ ਨਿਰਮਾਤਾਵਾਂ ਨੇ ਅਦਾਕਾਰਾ ਕਾਜਲ ਚੌਹਾਨ ਵਰਗੀ ਜੋਸ਼ੀਲੀ ਅਭਿਨੇਤਰੀ ਨੂੰ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਹੈ। ਕਾਜਲ ਇਸ ਤੋਂ ਪਹਿਲਾਂ ਵੀ ਕਈ ਟੀਵੀ ਸ਼ੋਅ’ਜ਼ ਵਿੱਚ ਨਜ਼ਰ ਆ ਚੁੱਕੀ ਹੈ।
ਕਾਜਲ ਜਲਦੀ ਹੀ ਬਹੁਮੁਖੀ ਅਦਾਕਾਰਾ ਸੁਸ਼ਮਿਤਾ ਮੁਖਰਜੀ ਦੇ ਨਾਲ ਸ਼ੋਅ ਵਿੱਚ ਨਜ਼ਰ ਆਵੇਗੀ। ਕਾਜਲ ਚੌਹਾਨ ਇੱਕ ਆਮ ਕੁੜੀ ਦਾ ਕਿਰਦਾਰ ਨਿਭਾਏਗੀ ਜੋ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਮਨ ਮੋਹ ਲਵੇਗੀ। ਸ਼ੋਅ ਦੀ ਕਹਾਣੀ ਬਨਾਰਸ ਦੀ ਪਿੱਠਭੂਮੀ ‘ਤੇ ਆਧਾਰਿਤ ਹੈ ਅਤੇ ਨਿਰਮਾਤਾਵਾਂ ਦਾ ਉਦੇਸ਼ ਹਲਕੇ ਡਰਾਮੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੈ। ਇਸ ਸ਼ੋਅ ਵਿੱਚ ਦਿੱਗਜ ਅਦਾਕਾਰਾ ਸੁਸ਼ਮਿਤਾ ਮੁਖਰਜੀ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ, ਸੁਸ਼ਮਿਤਾ ਆਪਣੇ ਪ੍ਰਸ਼ੰਸਕਾਂ ਵਿੱਚ ਕਈ ਟੀਵੀ ਸ਼ੋਅ’ਜ਼ ਅਤੇ ਮਸ਼ਹੂਰ ਫਿਲਮਾਂ ਵਿੱਚ ਨਿਭਾਈਆਂ ਮਹੱਤਵਪੂਰਨ ਭੂਮਿਕਾਵਾਂ ਲਈ ਮਸ਼ਹੂਰ ਹੈ। ਉਹ ਜਲਦ ਹੀ ਸਟਾਰ ਭਾਰਤ ਦੇ ਨਵੇਂ ਸ਼ੋਅ ‘ਚ ਰੇਖਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਰੇਖਾ ਦੇ ਕਿਰਦਾਰ ਦੀ ਤਿਆਰੀ ਲਈ ਉਸ ਨੇ ਬਨਾਰਸੀ ਬੋਲੀ ‘ਤੇ ਮੁਹਾਰਤ ਹਾਸਲ ਕੀਤੀ ਹੈ, ਜਿਸ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ।
ਸੁਸ਼ਮਿਤਾ ਮੁਖਰਜੀ ਕਹਿੰਦੀ ਹੈ, “ਬੁੰਦੇਲਖੰਡ ਦੀ ਇੱਕ ਬੰਗਾਲੀ ਔਰਤ ਹੋਣ ਦੇ ਨਾਤੇ, ਮੈਂ ਥੋੜ੍ਹੀ ਜਿਹੀ ਬਨਾਰਸੀ ਵੀ ਬੋਲਦੀ ਹਾਂ, ਇਸ ਲਈ ਜਦੋਂ ਮੈਨੂੰ ਇਸ ਕਿਰਦਾਰ ਦੀ ਪੇਸ਼ਕਸ਼ ਕੀਤੀ ਗਈ ਤਾਂ ਮੈਨੂੰ ਬਨਾਰਸੀ ਬੋਲਣਾ ਬਹੁਤਾ ਚੁਣੌਤੀਪੂਰਨ ਨਹੀਂ ਲੱਗਿਆ ਕਿਉਂਕਿ ਸ਼ੋਅ ਦੀ ਕਹਾਣੀ ਬਨਾਰਸ ਵਿੱਚ ਸੈੱਟ ਕੀਤੀ ਗਈ ਹੈ। ਮੈਂ ਪਾਤਰ ਅਤੇ ਇਸ ਦੀ ਬੋਲੀ ਵਿੱਚ ਖ਼ੁਦ ਨੂੰ ਢਾਲਣ ਦੇ ਯੋਗ ਸੀ। ਸ਼ੋਅ ਵਿੱਚ ਰੇਖਾ ਦਾ ਕਿਰਦਾਰ ਬਹੁਤ ਵਿਅੰਗਾਤਮਕ ਅਤੇ ਵਿਲੱਖਣ ਹੈ ਅਤੇ ਮੈਂ ਇਸ ਸ਼ੋਅ ਵਿੱਚ ਕੰਮ ਕਰਕੇ ਬਹੁਤ ਰੁਮਾਂਚਿਤ ਹਾਂ ਕਿਉਂਕਿ ਇਸ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਸ਼ੋਅ ਨੂੰ ਪਸੰਦ ਕਰਨਗੇ।”
ਅਮਨ ਵਰਮਾ ਦਾ ਖ਼ਲਨਾਇਕ ਪ੍ਰੇਮ
ਅਦਾਕਾਰ ਅਮਨ ਵਰਮਾ ਫਿਲਮ ਅਤੇ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ, ਜੋ ਅੱਜ ਵੀ ਆਪਣੇ ਸ਼ਾਨਦਾਰ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਉਹ ਇਸ ਸਮੇਂ ਸਟਾਰ ਭਾਰਤ ਦੇ ਨਵੇਂ ਸ਼ੋਅ ‘ਆਸ਼ਾਓ ਕਾ ਸਵੇਰਾ…ਧੀਰੇ ਧੀਰੇ ਸੇ’ ਵਿੱਚ ਸ਼ਾਸਤਰੀ ਪਰਿਵਾਰ ਦੇ ਸੀਨੀਅਰ ਮੈਂਬਰ ਅਤੇ ਮੁਖੀ ਭਾਨੂ ਦੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਮਨ ਨਾਲ ਖਾਸ ਗੱਲਬਾਤ ਦੌਰਾਨ ਉਸ ਨੇ ਆਪਣੇ ਨਕਾਰਾਤਮਕ ਕਿਰਦਾਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਅਮਨ ਵਰਮਾ ਦਾ ਕਹਿਣਾ ਹੈ, ”ਮੈਨੂੰ ਨਕਾਰਾਤਮਕ ਕਿਰਦਾਰ ਨਿਭਾਉਣ ਵਿੱਚ ਮਜ਼ਾ ਆਉਂਦਾ ਹੈ ਕਿਉਂਕਿ ਉਹ ਦਰਸ਼ਕਾਂ ‘ਤੇ ਇੱਕ ਸਥਾਈ ਪ੍ਰਭਾਵ ਛੱਡਦੇ ਹਨ। ਖ਼ਲਨਾਇਕ ਦਾ ਕਿਰਦਾਰ ਹਮੇਸ਼ਾਂ ਇੱਕ ਅਦਾਕਾਰ ਲਈ ਹੋਰ ਚੁਣੌਤੀਆਂ ਲੈ ਕੇ ਆਉਂਦਾ ਹੈ। ਜਦੋਂ ਤੁਸੀਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ ਤਾਂ ਦਰਸ਼ਕ ਯਾਦ ਰੱਖਦੇ ਹਨ। ਜੇਕਰ ਮੇਰੇ ਕਿਰਦਾਰ ਦੀ ਗੱਲ ਕਰੀਏ ਤਾਂ ਮੈਂ ਭਾਨੂ ਨਾਂ ਦੀ ਮਰਦ ਪ੍ਰਧਾਨ ਸ਼ਖ਼ਸੀਅਤ ਵਾਲਾ ਆਦਮੀ ਹਾਂ, ਜਿਸ ਦਾ ਪੂਰੇ ਘਰ ‘ਤੇ ਦਬਦਬਾ ਹੈ। ਮੈਂ ਆਪਣਾ ਕਿਰਦਾਰ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।”
ਹਰਸ਼ ਨਾਗਰ ਦਾ ਦੂਜਾ ਘਰ
ਸ਼ੇਮਾਰੂ ਉਮੰਗ ਦਾ ਰੁਮਾਂਟਿਕ ਡਰਾਮਾ ‘ਕਿਉਂਕਿ ਤੁਮ ਹੀ ਹੋ’ ਇਸ ਮਹੀਨੇ ਪ੍ਰਸਾਰਿਤ ਹੋ ਚੁੱਕਿਆ ਹੈ। ਇਹ ਸ਼ੋਅ ਸੁਹੇਲ ਜ਼ੈਦੀ ਅਤੇ ਅਮਰ ਉਪਾਧਿਆਏ ਦੁਆਰਾ ਤਿਆਰ ਕੀਤਾ ਗਿਆ ਹੈ। ਵੱਖ-ਵੱਖ ਕਾਰਨਾਂ ਕਰਕੇ ਇਸ ਸ਼ੋਅ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵਿੱਚ ਅਮਰ ਤੋਂ ਇਲਾਵਾ ਹਰਸ਼ ਨਾਗਰ ਆਯੁਸ਼ਮਾਨ ਭਾਰਗਵ ਦੀ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ ਜੋ ਇੱਕ ਸਾਧਾਰਨ, ਨਿਰਸਵਾਰਥ, ਸ਼ਰਮੀਲਾ ਅਤੇ ਬਹੁਤ ਹੀ ਸਾਫ਼ ਦਿਲ ਵਾਲਾ ਵਿਅਕਤੀ ਹੈ।
ਹਰਸ਼ ਜਿਸ ਨੇ ਆਪਣੀ ਖੂਬਸੂਰਤ ਦਿੱਖ ਅਤੇ ਸੁਚੱਜੀ ਸ਼ਖ਼ਸੀਅਤ ਨਾਲ ਲੱਖਾਂ ਦਿਲ ਜਿੱਤੇ ਹਨ, ‘ਕਿਉਂਕਿ ਤੁਮ ਹੀ ਹੋ’ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹੈ। ਅਦਾਕਾਰ ਨੇ ਹਾਲ ਹੀ ਵਿੱਚ ਸ਼ੋਅ ਵਿੱਚ ਆਪਣੇ ਕਿਰਦਾਰ ਅਤੇ ਸੈੱਟ ‘ਤੇ ਆਪਣੇ ਅਨੁਭਵ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ, ”ਜਦੋਂ ਮੈਂ ਸਕ੍ਰਿਪਟ ਪੜ੍ਹੀ, ਮੈਨੂੰ ਕਹਾਣੀ ਨਾਲ ਇੱਕ ਸਬੰਧ ਮਹਿਸੂਸ ਹੋਇਆ। ਮੈਂ ਮਹਿਸੂਸ ਕੀਤਾ ਕਿ ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਇਸ ਲਈ, ਜਦੋਂ ਮੈਂ ਆਯੁਸ਼ਮਾਨ ਭਾਰਗਵ ਦੇ ਰੂਪ ਵਿੱਚ ਭੂਮਿਕਾ ਨਿਭਾਉਣ ਲਈ ਫਾਈਨਲ ਕੀਤਾ ਗਿਆ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਨਿੱਜੀ ਤੌਰ ‘ਤੇ ਆਯੁਸ਼ਮਾਨ ਨਾਲ ਸਬੰਧਤ ਹਾਂ। ਆਯੁਸ਼ਮਾਨ ਇੱਕ ਸਾਧਾਰਨ, ਇਮਾਨਦਾਰ ਅਤੇ ਸ਼ਰਮੀਲਾ ਵਿਅਕਤੀ ਹੈ। ਉਹ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ।”
ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਉਸ ਨੇ ਕਿਹਾ, “ਮੇਰੀ ਖੁਸ਼ੀ ਦੁੱਗਣੀ ਹੋ ਗਈ ਹੈ ਕਿਉਂਕਿ ਮੈਂ ਅਮਰ, ਪ੍ਰਿਅੰਕਾ, ਸਪਤਰਿਸ਼ੀ, ਮਨੀਸ਼ ਵਰਗੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਸਕਰੀਨ ਸ਼ੇਅਰ ਕਰ ਰਿਹਾ ਹਾਂ। ਉਹ ਸੈੱਟ ‘ਤੇ ਸਾਰਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹਨ। ਹਾਲਾਂਕਿ ਸ਼ੂਟਿੰਗ ਸ਼ੁਰੂ ਹੋਏ ਕੁਝ ਹੀ ਦਿਨ ਹੋਏ ਹਨ, ਪਰ ਮੈਂ ਕਰੂ ਸਮੇਤ ਸਾਰਿਆਂ ਤੋਂ ਬਹੁਤ ਕੁਝ ਸਿੱਖਿਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਕਿਉਂਕਿ ਤੁਮ ਹੀ ਹੋ’ ਦਾ ਸੈੱਟ ਮੇਰਾ ਦੂਜਾ ਘਰ ਬਣ ਗਿਆ ਹੈ ਅਤੇ ਮੈਂ ਸ਼ੇਮਾਰੂ ਉਮੰਗ ਨਾਲ ਜੁੜ ਕੇ ਖੁਸ਼ ਹਾਂ। ਅਸੀਂ ਸਾਰਿਆਂ ਨੇ ਆਪਣੇ ਕਿਰਦਾਰਾਂ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੇ ਨਾਲ ਜੁੜ ਕੇ ਸ਼ੋਅ ‘ਤੇ ਆਪਣਾ ਪਿਆਰ ਦਿਖਾਉਣਗੇ।” ਗਵਾਲੀਅਰ ਦੀ ਪਿੱਠਭੂਮੀ ‘ਤੇ ਸੈੱਟ ਸ਼ੋਅ ‘ਕਿਉਂਕਿ ਤੁਮ ਹੀ ਹੋ’ ਪਿਆਰ ਦੇ ਵੱਖ-ਵੱਖ ਰੰਗਾਂ ਨੂੰ ਸ਼ਾਮਲ ਕਰਨ ਵਾਲੇ ਇੱਕ ਪ੍ਰੇਮ ਤਿਕੋਣ ਦਾ ਗਵਾਹ ਬਣੇਗਾ।