12.4 C
Alba Iulia
Tuesday, April 23, 2024

ਠੰਢੀਆਂ ਆਉਣ ਹਵਾਵਾਂ…

Must Read


ਕਮਲਜੀਤ ਕੌਰ ਗੁੰਮਟੀ

ਇੱਕ ਧੀ ਲਈ ਪੇਕਿਆਂ ਦਾ ਘਰ ਰਾਜ ਮਹਿਲ ਵਰਗਾ ਹੁੰਦਾ ਹੈ। ਜਿੱਥੇ ਉਸ ਨੂੰ ਆਪਣੀ ਮਾਂ ਰਾਣੀ ਅਤੇ ਬਾਬਲ ਰਾਜਾ ਜਾਪਦਾ ਹੈ। ਉਸੇ ਰਾਜ ਮਹਿਲ ਵਿੱਚ ਮਾਪਿਆਂ ਦੀ ਸੰਘਣੀ ਛਾਂ ਹੇਠਾਂ ਧੀ ਪਲਦੀ ਹੈ। ਵਿਆਹ ਤੋਂ ਬਾਅਦ ਜਦੋਂ ਧੀ ਪ੍ਰਦੇਸਣ ਹੋ ਕੇ ਸਹੁਰੇ ਘਰ ਚਲੀ ਜਾਂਦੀ ਹੈ ਤਾਂ ਉਹ ਪੇਕੇ ਘਰ ਦੀਆਂ ਯਾਦਾਂ ਅਤੇ ਪਿਆਰ ਆਪਣੇ ਅੰਦਰ ਸਮੇਟ ਕੇ ਆਪਣੇ ਨਾਲ ਲੈ ਜਾਂਦੀ ਹੈ ਫਿਰ ਸਬੱਬੀਂ ਹੀ ਪੇਕੀਂ ਗੇੜਾ ਮਾਰਦੀ ਹੈ। ਪੇਕੇ ਘਰ ਲਈ ਉਸ ਦੀ ਤਾਂਘ ਹਮੇਸ਼ਾਂ ਬਣੀ ਰਹਿੰਦੀ ਹੈ। ਧੀ ਸਰੀਰਕ ਤੌਰ ‘ਤੇ ਭਾਵੇਂ ਪੇਕਿਆਂ ਦੇ ਘਰ ਤੋਂ ਦੂਰ ਚਲੀ ਜਾਂਦੀ ਹੈ, ਪਰ ਸਮੇਂ ਦੇ ਨਾਲ ਨਾਲ ਉਸ ਦੀ ਪੇਕਿਆਂ ਨਾਲ ਸਾਂਝ ਹੋਰ ਵਧੇਰੇ ਪਕੇਰੀ ਹੋ ਜਾਂਦੀ ਹੈ। ਮਾਂ ਤੋਂ ਬਾਅਦ ਜੇ ਭਰਜਾਈ ਮਾਂ ਦਾ ਪਿਆਰ ਦੇਵੇ, ਬਾਬਲ ਤੋਂ ਬਾਅਦ ਭਰਾ ਬਾਬਲ ਦੀ ਥਾਂ ਖੜ੍ਹ ਜਾਵੇ ਤਾਂ ਇਸ ਸਾਂਝ ਨੂੰ ਉਹ ਉਮਰਾਂ ਤੱਕ ਹੰਢਾਉਂਦੀ ਹੈ।

ਮਾਂ-ਬਾਪ ਤੋਂ ਬਾਅਦ ਧੀ ਦੀ ਪੇਕਿਆਂ ਨਾਲ ਸਾਂਝ ਭੱਬਾ ਅੱਖਰ ਤੋਂ ਪੈਣ ਵਾਲੇ ਰਿਸ਼ਤਿਆਂ ਨਾਲ ਹੀ ਅੱਗੇ ਤੁਰਦੀ ਹੈ। ਭੱਬਾ (ਭ) ਭੈਣ, ਭਰਾ, ਭਰਜਾਈ, ਭਤੀਜਾ, ਭਤੀਜੀ ਅਤੇ ਭੈਣ ਲਈ ਜੋ ਵਰ ਲੱਭਿਆ ਜਾਂਦਾ ਹੈ ਭਣੋਈਆ, ਉਹ ਵੀ ਭੱਬੇ ਤੋਂ ਹੀ ਸ਼ੁਰੂ ਹੁੰਦਾ ਹੈ। ਭੱਬੇ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਰਿਸ਼ਤਿਆਂ ਨਾਲ ਹੀ ਭੈਣ ਨੂੰ ਆਪਣੇ ਪੇਕਿਆਂ ਦਾ ਘਰ ਭਰਿਆ ਭਰਿਆ ਲੱਗਦਾ ਹੈ।

ਜੇਕਰ ਭੈਣ ਛੋਟੀ ਤੇ ਭਰਾ ਵੱਡੇ ਹੋਣ ਤਾਂ ਭੈਣ ਨੂੰ ਭਰਾਵਾਂ ਤੋਂ ਭੈਣਾਂ ਅਤੇ ਧੀਆਂ ਦੋਵਾਂ ਵਰਗਾ ਪਿਆਰ ਮਿਲਦਾ ਹੈ। ਭਰਜਾਈਆਂ ਵੀ ਉਸ ਨੂੰ ਆਪਣੀਆਂ ਮਾਵਾਂ ਵਾਂਗ ਜਾਪਦੀਆਂ ਹਨ। ਭਰਾਵਾਂ ਲਈ ਭੈਣ ਪਰਮਾਤਮਾ ਅੱਗੇ ਅਰਦਾਸਾਂ ਕਰਦੀ ਹੈ। ਪੇਕਿਆਂ ਵੱਲੋਂ ਹਮੇਸ਼ਾਂ ਠੰਢੀਆਂ ਹਵਾਵਾਂ ਆਉਣ ਦੀ ਕਾਮਨਾ ਕਰਦੀ ਹੈ:

ਠੰਢੀਆਂ ਆਉਣ ਹਵਾਵਾਂ ਵੇ ਰੱਬਾ

ਮੇਰੇ ਪੇਕਿਆਂ ਤੋਂ

ਭੈਣ ਨੂੰ ਆਪਣੇ ਭਰਾ ਸਾਰੀ ਦੁਨੀਆ ਤੋਂ ਪਿਆਰੇ ਹੁੰਦੇ ਹਨ। ਉਹ ਆਪਣੇ ਭਰਾਵਾਂ ਨੂੰ ਦੇਖ ਦੇਖ ਜਿਊਂਦੀ ਹੈ। ਭੈਣ, ਭਰਾ ਨੂੰ ਵੀਰ ਆਖਦੀ ਹੈ। ਵੀਰ ਦਾ ਅਰਥ ਹੈ ਬਹਾਦਰ। ਭੈਣ ਨੂੰ ਇੰਜ ਲੱਗਦਾ ਹੈ ਕਿ ਇਸ ਦੁਨੀਆ ਵਿੱਚ ਉਸ ਦਾ ਭਰਾ ਸਭ ਤੋਂ ਬਹਾਦਰ ਹੈ ਅਤੇ ਉਸ ਦਾ ਅਹੁਦਾ ਸਭ ਤੋਂ ਉੱਚਾ ਹੈ:

ਥਾਣੇਦਾਰ ਦੇ ਬਰਾਬਰ ਡਹਿੰਦੀ

ਕੁਰਸੀ ਮੇਰੇ ਵੀਰਨ ਦੀ।

ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ

ਕਾਲੀ ਡਾਂਗ ਮੇਰੇ ਵੀਰ ਦੀ।

ਭਰਾ ਆਪਣੀ ਭੈਣ ਦੀਆਂ ਰੀਝਾਂ ਪੂਰੀਆਂ ਕਰਨ ਲਈ ਆਪਣੀ ਸਾਰੀ ਕਮਾਈ ਆਪਣੀ ਭੈਣ ਉੱਪਰੋਂ ਵਾਰਨ ਲਈ ਤਿਆਰ ਰਹਿੰਦਾ ਹੈ। ਜੇਕਰ ਕਿਤੇ ਭਰਜਾਈ ਕੰਜੂਸੀ ਕਰਦੀ ਵੀ ਹੈ ਤਾਂ ਭੈਣ, ਭਰਜਾਈ ਨੂੰ ਸਮਝਾਉਂਦੀ ਹੈ:

ਜੱਸ ਖੱਟ ਵੱਡੀਏ ਭਰਜਾਈਏ

ਘਰ ਮੇਰੇ ਵੀਰ ਦਾ ਲੱਗੇ।

ਭੈਣ ਦੀ ਹਮੇਸ਼ਾਂ ਦੁਆ ਹੁੰਦੀ ਹੈ ਕਿ ਉਸ ਦੇ ਭਰਾ ਭਰਜਾਈ ਦੀ ਗੋਦੀ ਲਾਲ ਖੇਡੇ। ਕਿਉਂਕਿ ਭੂਆ ਨੂੰ ਭਤੀਜੇ-ਭਤੀਜੀਆਂ ਬੜੇ ਪਿਆਰੇ ਹੁੰਦੇ ਹਨ। ਭਤੀਜੇ-ਭਤੀਜੀਆਂ ਦੀ ਆਮਦ ਨਾਲ ਧੀ ਨੂੰ ਪੇਕਿਆਂ ਦਾ ਘਰ ਭਰਿਆ ਭਰਿਆ ਲੱਗਦਾ ਹੈ :

ਭਾਈਆਂ ਨਾਲੋਂ ਨੀਂ ਭਤੀਜੇ ਪਿਆਰੇ

ਭੂਆ ਕਹਿ ਕੇ ਮੱਥਾ ਟੇਕਦੇ।

ਭਤੀਜਿਆਂ ਨੂੰ ਭੂਆ ਮਾਪਿਆਂ ਦੀ ਨਿਉਂ ਜੜ੍ਹ ਸਮਝਦੀ ਹੈ। ਇਸ ਲਈ:

ਪੁੱਤ ਵੀਰ ਦਾ ਭਤੀਜਾ ਮੇਰਾ

ਨਿਉਂ ਜੜ੍ਹ ਮਾਪਿਆਂ ਦੀ।

ਜਦੋਂ ਭਤੀਜਾ ਹੋ ਜਾਂਦਾ ਹੈ ਤਾਂ ਭੂਆ ਉਸ ਨੂੰ ਬੜੇ ਲਾਡਾਂ ਚਾਵਾਂ ਨਾਲ ਸ਼ਿੰਗਾਰਦੀ ਹੈ ਤੇ ਕਹਿੰਦੀ ਹੈ:

ਦੇ ਜਾ ਦੇ ਜਾ ਵੇ ਸੁਨਿਆਰਿਆ ਕਾਲੀ ਲੋਗੜੀ

ਗੁੰਦਣੀ ਭਤੀਜੇ ਦੇ

ਟਿੱਕਾ ਘੜੇ ਸੁਨਿਆਰਾ ਚਿੱਤ ਲਾ ਕੇ

ਗੁੰਦਣਾ ਭਤੀਜੇ ਦੇ।

ਭਤੀਜੇ ਨੂੰ ਗੋਦੀ ਵਿੱਚ ਚੁੱਕ ਕੇ ਭੂਆ ਕੁਝ ਵੀ ਕਰ ਗੁਜ਼ਰਨ ਦਾ ਹੌਸਲਾ ਰੱਖਦੀ ਹੈ:

ਪੰਜ ਪੌੜੀਆਂ ਚੁਬਾਰਾ ਟੱਪ ਜਾਵਾਂ

ਚੱਕ ਕੇ ਭਤੀਜੇ ਨੂੰ।

ਕੋਈ ਸਮਾਂ ਸੀ ਜਦੋਂ ਭੂਆ ਸਿਰਫ਼ ਭਤੀਜਾ ਹੀ ਮੰਗਦੀ ਸੀ, ਪਰ ਅੱਜਕੱਲ੍ਹ ਭੂਆ ਭਤੀਜੀਆਂ ਲਈ ਵੀ ਦੁਆਵਾਂ ਮੰਗਦੀਆਂ ਹਨ:

ਮੇਰੇ ਆਂਗਣ ਭਤੀਜੀ ਖੇਡੇ

ਪੱਚੀਆਂ ਦੀ ਵੰਡਾਂ ਸ਼ੀਰਨੀ।

ਭੂਆ ਦੀ ਭਤੀਜੀ ਨਾਲ ਸਾਂਝ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਭੂਆ ਨੂੰ ਭਤੀਜੀ ਵਿੱਚ ਆਪਣਾ ਬਚਪਨ ਨਜ਼ਰ ਆਉਂਦਾ ਹੈ:

ਭੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਵਿੱਚ ਭਤੀਜੀ ਦੇ।

ਜੇਕਰ ਭੂਆ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਭਤੀਜੇ-ਭਤੀਜੀਆਂ ਨੂੰ ਪਾਲਦੀ ਹੈ ਤਾਂ ਇਹ ਰਿਸ਼ਤਾ ਹੋਰ ਵੀ ਨੇੜੇ ਹੋ ਜਾਂਦਾ ਹੈ। ਭੂਆ ਦਾ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਮੋਹ ਭਤੀਜੇ-ਭਤੀਜੀਆਂ ਵਿੱਚ ਰਹਿ ਜਾਂਦਾ ਹੈ। ਅੱਜਕੱਲ੍ਹ ਜ਼ਮੀਨ ਅਤੇ ਪੈਸੇ ਦੇ ਲਾਲਚ ਕਰਕੇ ਇਨ੍ਹਾਂ ਮਿੱਠੇ ਰਿਸ਼ਤਿਆਂ ਵਿੱਚੋਂ ਕੜਵਾਹੜ ਆਉਣ ਲੱਗੀ ਹੈ। ਬਹੁਤ ਭੈਣ ਭਰਾ ਲਾਲਚ ਵੱਸ ਪੈ ਕੇ ਇਸ ਭਰਵੀਂ ਸਾਂਝ ਤੋਂ ਸੱਖਣੇ ਹੋ ਗਏ ਹਨ। ਬਾਕੀ ਰਹਿੰਦੀ ਕਸਰ ਤੇਜ਼ ਰਫ਼ਤਾਰ ਜ਼ਿੰਦਗੀ ਨੇ ਕੱਢ ਦਿੱਤੀ ਹੈ। ਨਵੀਆਂ ਤਕਨੀਕਾਂ ਨਾਲ ਸਾਰੇ ਕੰਮ ਜਲਦੀ ਹੋਣ ਦੇ ਬਾਵਜੂਦ ਸਾਡੇ ਕੋਲ ਸਮੇਂ ਦੀ ਘਾਟ ਹੈ। ਗੱਡੀਆਂ ਨਾਲੋਂ ਗੱਡਿਆਂ ਦਾ ਸਫ਼ਰ ਵਧੇਰੇ ਆਰਾਮਦਾਇਕ ਹੁੰਦਾ ਸੀ ਜਿਨ੍ਹਾਂ ‘ਤੇ ਸਫ਼ਰ ਕਰਕੇ ਆਪਣਿਆਂ ਲਈ ਖੁੱਲ੍ਹਾ ਸਮਾਂ ਕੱਢ ਲਿਆ ਜਾਂਦਾ ਸੀ। ਚੌਰਾਸੀ ਲੱਖ ਜੂਨਾਂ ਭੁਗਤਣ ਤੋਂ ਬਾਅਦ ਵੀ ਭੈਣ ਭਰਾਵਾਂ ਨੂੰ ਇੱਕ ਮਾਂ ਦੇ ਢਿੱਡੋਂ ਜੰਮਣ ਦਾ ਨਸੀਬ ਪ੍ਰਾਪਤ ਨਹੀਂ ਹੁੰਦਾ, ਨਾ ਹੀ ਇੱਕ ਥਾਲੀ ਵਿੱਚ ਇੱਕ ਦੂਜੇ ਤੋਂ ਖੋਹ ਖੋਹ ਕੇ ਖਾਣ ਦਾ ਸੁਆਦ ਮਿਲਦਾ ਹੈ। ਇਨ੍ਹਾਂ ਰਿਸ਼ਤਿਆਂ ਦੀ ਸਾਡੇ ਹੱਥਾਂ ਵਿੱਚੋਂ ਢਿੱਲੀ ਹੋ ਰਹੀ ਡੋਰ ਨੂੰ ਕਸ ਕੇ ਫੜਨ ਦੀ ਅਤੇ ਘੁੱਟ ਕੇ ਗੁੰਦਣ ਦੀ ਜ਼ਰੂਰਤ ਹੈ। ਜੇ ਕਿਧਰੇ ਇਨ੍ਹਾਂ ਮਿੱਠੇ ਰਿਸ਼ਤਿਆਂ ਦੀ ਡੋਰ ਦਾ ਇੱਕ ਵੀ ਲੜ ਹੱਥੋਂ ਨਿਕਲ ਗਿਆ ਤਾਂ ਅਸੀਂ ਖੇਰੂੰ ਖੇਰੂੰ ਹੋ ਜਾਵਾਂਗੇ:

ਆਉਂਦੀ ਕੁੜੀਏ, ਜਾਂਦੀ ਕੁੜੀਏ

ਚੱਕ ਲਿਆ ਬਜ਼ਾਰ ਵਿੱਚੋਂ ਡੋਈ

ਵੇ ਟੁੱਟ ਕੇ ਨਾ ਬਹਿ ਜਿਓ ਵੀਰਨੋਂ

ਭੈਣਾਂ ਵਰਗਾ ਸਾਕ ਨਾ ਕੋਈ।

ਰਿੱਝਦੀ ਖੀਰ ਵਿੱਚ ਡੋਈ

ਟੁੱਟ ਕੇ ਨਾ ਬਹਿ ਜੀ ਕੁੜੀਏ

ਪੇਕਿਆਂ ਵਰਗਾ ਸਾਕ ਨਾ ਕੋਈ।
ਸੰਪਰਕ: 98769-26873



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -