ਮੁੰਬਈ: ਅਦਾਕਾਰ ਪ੍ਰਤੀਕ ਗਾਂਧੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਮਹਾਤਮਾ ਗਾਂਧੀ ਤੇ ਜਯੋਤੀਰਾਓ ਫੂਲੇ ਦੇ ਕਿਰਦਾਰ ਨਿਭਾਉਣ ਜਾ ਰਿਹਾ ਹੈ। ਉਹ ਆਪਣੇ ਇਨ੍ਹਾਂ ਦੋਵੇਂ ਪ੍ਰਾਜੈਕਟਾਂ ਤੋਂ ਕਾਫੀ ਖੁਸ਼ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਤਿਹਾਸ ਦੀਆਂ ਇਨ੍ਹਾਂ ਦੋਵੇਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੇ ਕਿਰਦਾਰ ਨਿਭਾਉਣਾ ਉਸ ਦੀ ਸ਼ਖ਼ਸੀਅਤ ਅਤੇ ਅਦਾਕਾਰੀ ਦੋਵਾਂ ਵਿੱਚ ਨਿਖਾਰ ਲਿਆਏਗਾ। ਜਾਣਕਾਰੀ ਅਨੁਸਾਰ ਫਿਲਮ ‘ਫੂਲੇ’ ਆਨੰਤ ਮਹਾਦੇਵਨ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਪ੍ਰਤੀਕ ਗਾਂਧੀ ਸਮਾਜ ਸੇਵੀ ਤੇ ਸਮਾਜ ਸੁਧਾਰਕ ਮਹਾਤਮਾ ਫੂਲੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਤੇ ਸਾਵਿੱਤਰੀਬਾਈ ਫੂਲੇ ਦਾ ਕਿਰਦਾਰ ਪੱਤਰਲੇਖਾ ਨਿਭਾਅ ਰਹੀ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ ਅਪਰੈਲ ਮਹੀਨੇ ਵਿੱਚ ਸ਼ੁਰੂ ਹੋਵੇਗੀ। ਇਸ ਪ੍ਰਾਜੈਕਟ ਦੀ ਸਮਾਪਤੀ ਮਗਰੋਂ ਅਦਾਕਾਰ ਮਹਾਤਮਾ ਗਾਂਧੀ ਦੇ ਜੀਵਨ ‘ਤੇ ਆਧਾਰਿਤ ਸੀਰੀਜ਼ ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਦੀ ਸ਼ੂਟਿੰਗ ਆਰੰਭੇਗਾ, ਜਿਸ ਦਾ ਨਿਰਦੇਸ਼ਨ ਹੰਸਲ ਮਹਿਤਾ ਵੱਲੋਂ ਕੀਤਾ ਜਾ ਰਿਹਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਮਹੱਤਵਪੂਰਨ ਕਿਰਦਾਰਾਂ ਨੂੰ ਨਿਭਾਉਣਾ ਉਸ ਲਈ ਬਹੁਤ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਦੋਵੇਂ ਹੀ ਕਿਰਦਾਰ ਬਹੁਤ ਪ੍ਰਭਾਵਸ਼ਾਲੀ ਹਨ, ਇਸ ਲਈ ਦੋਵਾਂ ਨੂੰ ਨਿਭਾਅ ਸਕਣਾ ਉਸ ਲਈ ਚੁਣੌਤੀਪੂਰਨ ਹੋਵੇਗਾ। ਅਦਾਕਾਰ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਉਸ ਨੂੰ ਭਾਰ ਵੀ ਘਟਾਉਣਾ ਪਵੇਗਾ। -ਪੀਟੀਆਈ