ਮੁੰਬਈ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਾਲ ਅਪਰੈਲ ਵਿੱਚ ਕੋਚੇਲਾ ਸੰਗੀਤ ਅਤੇ ਕਲਾ ਉਤਸਵ 2023 ਵਿੱਚ ਪੇਸ਼ਕਾਰੀ ਦੇਣ ਲਈ ਤਿਆਰ ਹੈ। ਇਹ ਜਾਣਕਾਰੀ ਫੈਸਟੀਵਲ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝੀ ਕੀਤੀ ਗਈ ਹੈ ਜਿਸ ਵਿਚ ਦੱਖਣੀ ਕੋਰਿਆਈ ਗਰਲ ਬੈਂਡ ਬਲੈਕਪਿੰਕ, ਬੈਡ ਬਨੀ ਅਤੇ ਬਿਜੋਰਕ ਵੀ ਆਪਣੀ ਪੇਸ਼ਕਾਰੀ ਦੇਣਗੇ। ਇਸ ਸਮਾਗਮ ਵਿਚ ਜਿਵੇਂ ਹੀ ਦਿਲਜੀਤ ਵੱਲੋਂ ਪੇਸ਼ਕਾਰੀ ਦੇਣ ਦੀ ਖ਼ਬਰ ਸਾਹਮਣੇ ਆਈ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇੱਕ ਪ੍ਰਸ਼ੰਸਕ ਨੇ ਕਿਹਾ, ‘ਦਿਲਜੀਤ ਦੋਸਾਂਝ ਐਟ ਕੋਛੇਲਾ..? ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਤੇਜ਼ ਖਰੀਦਦਾਰੀ ਸੀ ਅਤੇ ਮੈਨੂੰ ਹੁਣ ਟਿਕਟ ਲੈਣ ‘ਤੇ ਕੋਈ ਪਛਤਾਵਾ ਨਹੀਂ ਹੈ।’ ਦਿਲਜੀਤ ਨੇ ਇਸ ਪ੍ਰਸ਼ੰਸਕ ਨੂੰ ਰੀਟਵੀਟ ਕਰਦਿਆਂ ਹੱਥ ਜੋੜਨ ਵਾਲਾ ਇਮੋਜੀ ਪਾਇਆ। ਇਸ ਤੋਂ ਇਲਾਵਾ ਇਸ ਫੈਸਟੀਵਲ ਦੀ ਸ਼ਾਨ ਪਾਕਿਸਤਾਨੀ ਗਾਇਕ ਅਲੀ ਸੇਠੀ ਵੀ ਵਧਾਉਣਗੇ, ਜਿਸ ਦੇ ‘ਕੋਕ ਸਟੂਡੀਓ’ ਦੇ ਗੀਤ ‘ਭਸੂੜੀ’ ਨੇ ਕਾਫੀ ਧੂੰਮਾਂ ਪਾਈਆਂ ਸਨ। ਦੱਸਣਾ ਬਣਦਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਸਾਲ 2020 ਅਤੇ 2021 ਦੇ ਸਮਾਗਮ ਰੱਦ ਹੋ ਗਏ ਸਨ ਪਰ ਪਿਛਲੇ ਸਾਲ ਹੈਰੀ ਸਟਾਈਲਜ਼, ਬਿਲੀ ਆਈਲਿਸ਼, ਅਤੇ ਦਿ ਵੀਕੈਂਡ ਸਣੇ ਹੋਰਾਂ ਨੇ ਇਸ ਸਮਾਗਮ ਵਿਚ ਪੇਸ਼ਕਾਰੀ ਦਿੱਤੀ ਸੀ। -ਆਈਏਐੱਨਐੱਸ