12.4 C
Alba Iulia
Monday, May 13, 2024

ਸੰਜੀਦਾ ਅਭਿਨੇਤਰੀ ਸਮਿਤਾ ਪਾਟਿਲ

Must Read


ਸੁਖਮਿੰਦਰ ਸੇਖੋਂ

ਬੌਲੀਵੁੱਡ ਦੀ ਉੱਘੀ ਅਭਿਨੇਤਰੀ ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ 1955 ਨੂੰ ਮਹਾਰਾਸ਼ਟਰ ਦੇ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਰਾਜਨੀਤੀ ਵਿੱਚ ਮੋਹਰੀ ਭੂਮਿਕਾ ਵਿੱਚ ਸਨ ਜੋ ਮੰਤਰੀ ਵੀ ਰਹੇ। ਬਚਪਨ ਵਿੱਚ ਹੀ ਉਹ ਪੜ੍ਹਾਈ ਲਿਖਾਈ ਵਿੱਚ ਚੰਗੀ ਹੋਣ ਤੋਂ ਇਲਾਵਾ ਚੁਸਤ ਦਰੁਸਤ ਵੀ ਪੂਰੀ ਸੀ। ਮੁੰਡਿਆਂ ਵਾਂਗ ਪੈਂਟ-ਕਮੀਜ਼ ਪਹਿਨਣੀ ਉਸ ਨੂੰ ਭਾਉਂਦੀ ਸੀ। ਪਹਿਲਾਂ ਉਹ ਦੂਰਦਰਸ਼ਨ ‘ਤੇ ਅਨਾਉਂਸਰ ਵਜੋਂ ਵੀ ਕੰਮ ਕਰਦੀ ਰਹੀ। ਉੱਚ ਖਾਨਦਾਨ ਦੀ ਬੇਟੀ ਹੋਣ ਕਰਕੇ ਸ਼ਾਇਦ ਫਿਲਮਾਂ ਵਿੱਚ ਜਾਣ ਦਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ, ਪਰ ਫਿਲਮੀ ਦੁਨੀਆ ਨੇ ਅਛੋਪਲੇ ਜਿਹੇ ਉਸ ਨੂੰ ਆਪਣੇ ਕਲਾਵੇ ਵਿੱਚ ਭਰ ਲਿਆ। 1974 ਤੋਂ ਉਸ ਦਾ ਫਿਲਮਾਂ ਵਿੱਚ ਪ੍ਰਵੇਸ਼ ਹੋ ਗਿਆ। ਉਸ ਦੀਆਂ ਸ਼ੁਰੂਆਤੀ ਫਿਲਮਾਂ ਵਿੱਚ ‘ਮੇਰੇ ਸਾਥ ਚੱਲ’, ‘ਗਮਨ’, ‘ਮੰਥਨ’ ਆਦਿ ਸ਼ਾਮਲ ਹਨ।

ਆਪਣੇ ਫਿਲਮੀ ਸਫ਼ਰ ਦੇ ਸ਼ੁਰੂ ਵਿੱਚ ਹੀ ਉਸ ਨੇ ਦਰਸਾ ਦਿੱਤਾ ਕਿ ਉਹ ਇੱਕ ਵਧੀਆ ਅਦਾਕਾਰਾ ਹੈ ਜਿਸ ਨੂੰ ਹਰ ਇੱਕ ਭੂਮਿਕਾ ਵਿੱਚ ਦਰਸ਼ਕ ਪਸੰਦ ਕਰਦੇ ਹਨ। ‘ਭੂਮਿਕਾ’ ਤੇ ‘ਮੰਡੀ’ ਫਿਲਮਾਂ ਉਸ ਦੀ ਬਿਹਤਰੀਨ ਅਦਾਕਾਰੀ ਦਾ ਪ੍ਰਮਾਣ ਹਨ। ਫਿਰ ਤਾਂ ਉਸ ਦੀਆਂ ਆਰਟ ਫਿਲਮਾਂ ਦੀ ਝੜੀ ਹੀ ਲੱਗ ਗਈ। ‘ਬਾਜ਼ਾਰ’ (82) ਤੇ ‘ਸਪਰਸ਼’ (84) ਵਰਗੀਆਂ ਕਿੰਨੀਆਂ ਹੀ ਕਲਾ ਫਿਲਮਾਂ ਕਰਨ ਤੋਂ ਬਾਅਦ ਉਸ ਦਾ ਵਪਾਰਕ ਫਿਲਮਾਂ ਨੇ ਵੀ ਢੁੱਕਵਾਂ ਸਵਾਗਤ ਕੀਤਾ। ਯਸ਼ ਰਾਜ ਚੋਪੜਾ ਦੀ ‘ਸ਼ਕਤੀ’ ਤੇ ਪ੍ਰਕਾਸ਼ ਮਹਿਰਾ ਦੀ ‘ਨਮਕ ਹਲਾਲ’ ਵਿੱਚ ਉਸ ਨੇ ਸੁਨੀਲ ਦੱਤ ਨਾਲ ਫਿਲਮ ਕੀਤੀ। ਰਾਜ ਕੁਮਾਰ ਕੋਹਲੀ ਦੀ ਫਿਲਮ ‘ਬਦਲੇ ਕੀ ਆਗ’ ਵਿੱਚ ਡਾਕੂ ਦੇ ਕਿਰਦਾਰ ਵਿੱਚ ਧਰਮਿੰਦਰ ਨਾਲ ਬੇਸ਼ੱਕ ਰੀਨਾ ਰਾਏ ਵੀ ਸੀ, ਪਰ ਅਦਾਕਾਰੀ ਦੇ ਸਨਮੁੱਖ ਉਸ ਨੇ ਆਪਣੀ ਸ਼ੈਲੀ ਵਿੱਚ ਆਪਣੇ ਕਿਰਦਾਰ ਨੂੰ ਇਸ ਕਦਰ ਜਾਨਦਾਰ ਬਣਾ ਦਿੱਤਾ ਕਿ ਧਰਮ ਜਾਂ ਰੀਨਾ ਤੋਂ ਵਧੇਰੇ ਤਾੜੀਆਂ ਉਸ ਦੀ ਝੋਲੀ ਵਿੱਚ ਪੈਂਦੀਆਂ ਨਜ਼ਰ ਆਈਆਂ।

ਸਤਿਆਜੀਤ ਰੇਅ ਦੀ ‘ਸਦਗਤੀ’ ਵਿੱਚ ਉਸ ਨੇ ਇੱਕ ਪੱਛੜੇ ਵਰਗ ਦੀ ਔਰਤ ਦੇ ਕਿਰਦਾਰ ਨੂੰ ਜਿਸ ਖੂਬੀ ਨਾਲ ਅੰਜਾਮ ਦਿੱਤਾ, ਉਹ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿੱਚ ਵਸਿਆ ਹੋਵੇਗਾ। ਸਮਿਤਾ ਨੇ ਕੇਵਲ ਗਰੀਬੀ ਜਾਂ ਪੱਛੜੀਆਂ ਇਸਤਰੀਆਂ ਦੇ ਕਿਰਦਾਰਾਂ ਨੂੰ ਹੀ ਫਿਲਮਾਂ ਵਿੱਚ ਨਹੀਂ ਜੀਵਿਆ ਬਲਕਿ ਮੱਧ ਵਰਗ ਦੀਆਂ ਔਰਤਾਂ ਦੇ ਕਿਰਦਾਰਾਂ ਨੂੰ ਵੀ ਉਸੇ ਖੂਬੀ ਨਾਲ ਨਿਭਾਇਆ, ਜਿਸ ਦੀ ਮਿਸਾਲ ਹਨ ‘ਆਖਿਰ ਕਿਉਂ’, ‘ਗੁਲਾਮੀ’, ‘ਕਿਆਮਤ’, ‘ਆਪ ਕੇ ਸਾਥ’ ਆਦਿ। ਸਾਂਵਲੇ ਰੰਗ ਦੀ ਤਿੱਖੇ ਨੇਣਾਂ ਨਕਸ਼ਾਂ ਵਾਲੀ ਇਸ ਅਦਾਕਾਰਾ ਨੂੰ ਮਰਹੂਮ ਹੀਰੋ ਵਿਨੋਦ ਖੰਨਾ ਦੂਸਰੀਆਂ ਹੀਰੋਇਨਾਂ ਦੀ ਨਿਸਬਤ ਵਧੇਰੇ ਆਕਰਸ਼ਕ ਮੰਨਦਾ ਸੀ। ਦਰਅਸਲ, ਸਮਿਤਾ ਨੂੰ ਉਸ ਦਾ ਸਾਂਵਲਾ ਰੰਗ ਤੇ ਬੋਲਦੀਆਂ ਅੱਖਾਂ ਹੀ ਫਿਲਮਾਂ ਵਿੱਚ ਸ਼ਕਤੀਸ਼ਾਲੀ ਅਦਾਕਾਰਾ ਵਜੋਂ ਮਦਦ ਕਰਨ ਵਿੱਚ ਬਹੁਤ ਸਹਾਈ ਹੋਈਆਂ।

ਆਪਣੀ ਨਿੱਕੀ ਉਮਰ ਵਿੱਚ ਹੀ ਫਿਲਮਾਂ ਵਿੱਚ ਦਮਦਾਰ ਭੂਮਿਕਾਵਾਂ ਨਿਭਾ ਕੇ ਸਮਿਤਾ ਨੇ ਸਾਬਤ ਕਰ ਦਿੱਤਾ ਸੀ ਕਿ ਜ਼ਰੂਰੀ ਨਹੀਂ ਕਿ ਕੋਈ ਬਹੁਤ ਗੋਰਾ ਜਾਂ ਖੂਬਸੂਰਤ ਹੋਵੇ, ਅਸਲ ਗੱਲ ਤਾਂ ਯੋਗਤਾ ਜਾਂ ਪ੍ਰਤਿਭਾ ‘ਤੇ ਆ ਕੇ ਹੀ ਖੜ੍ਹਦੀ ਹੈ। ਉਸ ਨੂੰ ਫਿਲਮਾਂ ਲਈ ਕੁਝ ਵੱਕਾਰੀ ਸਨਮਾਨ ਵੀ ਹਾਸਲ ਹੋਏ ਜਿਸ ਦੀ ਉਹ ਹੱਕਦਾਰ ਵੀ ਸੀ। ਪਹਿਲਾਂ ਤੋਂ ਹੀ ਵਿਆਹੇ ਹੋਏ ਹੀਰੋ ਐਕਟਰ ਰਾਜ ਬੱਬਰ ਨਾਲ ਉਸ ਨੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਪ੍ਰੇਮ ਵਿਆਹ ਰਚਾ ਲਿਆ। ਉਨ੍ਹਾਂ ਦੇ ਘਰ ਬੇਟੇ ਪ੍ਰਤੀਕ ਨੇ ਜਨਮ ਲਿਆ ਜਿਸ ਨੇ ਵੱਡਾ ਹੋਣ ‘ਤੇ ਕੁਝ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਰਾਜ ਬੱਬਰ ਨਾਲ ਹੋਰਨਾਂ ਫਿਲਮਾਂ ਤੋਂ ਇਲਾਵਾ ਫਿਲਮ ‘ਵਾਰਿਸ’ ਵਿੱਚ ਉਸ ਦੀ ਅਦਾਕਾਰੀ ਦੇਖਣਯੋਗ ਸੀ। ਖਾਸ ਕਰਕੇ ਖ਼ਲਨਾਇਕ ਅਮਰੀਸ਼ ਪੁਰੀ ਦੀ ਬਰਾਬਰੀ ਕਰਕੇ ਡਾਇਲਾਗ ਬੋਲਣਾ ਅਤੇ ਨਾ ਥਿੜਕਣਾ ਉਸ ਦੀ ਮਜ਼ਬੂਤ ਅਦਾਕਾਰੀ ਦਾ ਹੀ ਸਿੱਟਾ ਸੀ।

ਮੋਹਨ ਕੁਮਾਰ ਦੀ ‘ਅੰਮ੍ਰਿਤ’ ਵਿੱਚ ਰਾਜੇਸ਼ ਖੰਨਾ ਦੀ ਪਤਨੀ ਦੇ ਰੂਪ ਵਿੱਚ ਉਸ ਨੇ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ। ਉਸ ਨੇ ਦਰਸ਼ਕਾਂ ਨੂੰ ਰੁਆਇਆ ਵੀ ਕਿ ਦੱਬੀ-ਕੁਚਲੀ ਤੇ ਡਰੀ-ਸਹਿਮੀ ਔਰਤ ਨੂੰ ਆਪਣੇ ਬਚਾਓ ਲਈ ਅੰਦਰੋਂ ਕਿੰਜ ਸ਼ਕਤੀ ਮਿਲਦੀ ਹੈ, ਉਹ ਸਾਰਾ ਕੁਝ ਫਿਲਮ ‘ਮਿਰਚ ਮਸਾਲਾ’ ਵਿੱਚ ਸਾਹਮਣੇ ਆਉਂਦਾ ਹੈ। ਉਸ ਨੇ ‘ਤਰੰਗ’, ‘ਆਜ ਕੀ ਆਵਾਜ਼’, ‘ਭੀਗੀ ਪਲਕੇਂ’ ਅਤੇ ‘ਨਜ਼ਰਾਨਾ’ ਵਿੱਚ ਵੀ ਆਪਣੀ ਭਰਵੀ ਹਾਜ਼ਰੀ ਲਵਾਈ, ਪਰ ਆਪਣੇ ਕਰੀਅਰ ਦੇ ਆਰੰਭ ਵਿੱਚ ਫਿਲਮ ‘ਚਰਨਦਾਸ ਚੋਰ’ ਵਿੱਚ ਹੀ ਉਸ ਨੇ ਆਪਣੀ ਅਦਾਕਾਰੀ ਨਾਲ ਆਪਣੀ ਪਛਾਣ ਬਣਾ ਲਈ ਸੀ। ਉਸ ਦੀਆਂ ਹੋਰ ਫਿਲਮਾਂ ਵੀ ਯਾਦ ਰੱਖਣਯੋਗ ਹਨ ਜਿਨ੍ਹਾਂ ਵਿੱਚ ਉਸ ਨੇ ਆਪਣੀ ਵਿਲੱਖਣ ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਤੇ ਆਲੋਚਕਾਂ ਦੋਹਾਂ ਦਾ ਹੀ ਦਿਲ ਜਿੱਤਿਆ, ਜਿਵੇਂ ਕਿ ‘ਆਕ੍ਰੋਸ਼’, ‘ਨਿਸ਼ਾਂਤ’, ‘ਅਰਧ ਸੱਤਿਆ’ ਅਤੇ ‘ਅਰਥ’। ਮਹੇਸ਼ ਭੱਟ ਦੀ ‘ਅਰਥ’ ਵਿੱਚ ਚਾਹੇ ਸ਼ਬਾਨਾ ਆਜ਼ਮੀ ਦੀ ਭੂਮਿਕਾ ਹਾਂ ਪੱਖੀ ਸੀ, ਪਰ ਸਮਿਤਾ ਵੀ ਆਪਣੇ ਕਿਰਦਾਰ ਵਿੱਚ ਭਰਵੇਂ ਰੂਪ ਵਿੱਚ ਹਾਜ਼ਰ ਸੀ।

ਸ਼ਿਆਮ ਬੈਨੇਗਲ, ਸਤਿਆਜੀਤ ਰੇਅ ਅਤੇ ਗੋਵਿੰਦ ਨਿਹਲਾਨੀ ਜਿਹੇ ਚਿੰਤਨਸ਼ੀਲ ਨਿਰਦੇਸ਼ਕਾਂ ਦੀਆਂ ਫਿਲਮਾਂ ਵਿੱਚ ਬਾਖੂਬੀ ਅਦਾਕਾਰੀ ਕਰਨ ਵਾਲੀ ਇਹ ਅਦਾਕਾਰਾ ਲੰਮੀ ਉਮਰ ਭੋਗਣ ਤੋਂ ਵਾਂਝੀ ਹੀ ਰਹੀ ਅਤੇ ਸਿਰਫ਼ 31 ਵਰ੍ਹਿਆਂ ਦੀ ਉਮਰ ਵਿੱਚ ਹੀ 13 ਦਸੰਬਰ 1986 ਨੂੰ ਆਪਣੇ ਪ੍ਰਸੰਸਕਾ ਕੋਲੋਂ ਵਿਦਾ ਲੈ ਗਈ। ਛੋਟੀ ਉਮਰ ਵਿੱਚ ਹੀ ਯਾਦਗਾਰੀ ਭੂਮਿਕਾਵਾਂ ਅਤੇ ਮੁੱਲਵਾਨ ਫਿਲਮਾਂ ਕਰਕੇ ਅੱਜ ਵੀ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਹ ਸਾਡੇ ਇਰਦ ਗਿਰਦ ਹੀ ਕਿਧਰੇ ਵਿਚਰ ਰਹੀ ਹੋਵੇ।
ਸੰਪਰਕ: 98145-07693



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -