12.4 C
Alba Iulia
Saturday, May 18, 2024

ਲੋਕ ਢਾਡੀ ਨਿਰੰਜਣ ਸਿੰਘ ਘਨੌਰ

Must Read


ਹਰਦਿਆਲ ਸਿੰਘ ਥੂਹੀ

ਲੋਕ ਢਾਡੀ ਕਲਾ ਦੇ ਇਤਿਹਾਸ ਦਾ ਢਾਡੀ ਨਿਰੰਜਣ ਸਿੰਘ ਘਨੌਰ ਵੀ ਇੱਕ ਪੰਨਾ ਹੈ। ਨਿਰੰਜਣ ਸਿੰਘ ਦਾ ਸ਼ੁਮਾਰ ਪਹਿਲੀ ਪੀੜ੍ਹੀ ਦੇ ਢਾਡੀਆਂ ਵਿੱਚ ਕੀਤਾ ਜਾ ਸਕਦਾ ਹੈ। ਉਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ ਨੇੜਲੇ ਪਿੰਡ ਘਨੌਰ ਖੁਰਦ ਵਿਖੇ ਪਿਤਾ ਨਰੈਣ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ 1918 ਦੇ ਨੇੜੇ ਤੇੜੇ ਹੋਇਆ। ਪਿੰਡ ਦੇ ਡੇਰੇ ਤੋਂ ਤਪੇ ਵਾਲੇ ਸੰਤਾਂ ਕੋਲੋਂ ਉਸ ਨੇ ਅੱਖਰ ਉਠਾਉਣੇ ਸਿੱਖੇ। ਇਸ ਤਰ੍ਹਾਂ ਉਹ ਗੁਰਮੁਖੀ ਪੜ੍ਹਨ ਦੇ ਕਾਬਲ ਬਣਿਆ।

ਬੱਲ੍ਹਰਿਆਂ ਦਾ ਰਤਨ ਸਿੰਘ ਆਪਣੀ ਭੂਆ ਕੋਲ ਘਨੌਰ ਆਉਂਦਾ ਹੁੰਦਾ ਸੀ, ਜੋ ਕਾਫ਼ੀ ਸਮਾਂ ਇੱਥੇ ਰਹਿ ਜਾਂਦਾ ਸੀ। ਉਸ ਨੂੰ ਗਾਉਂਦਿਆਂ ਦੇਖ ਕੇ ਨਿਰੰਜਣ ਸਿੰਘ ਨੂੰ ਵੀ ਸ਼ੌਕ ਪੈਦਾ ਹੋ ਗਿਆ ਅਤੇ ਉਹ ਉਸ ਦੀ ਸੰਗਤ ਕਰਨ ਲੱਗ ਪਿਆ। ਇਸ ਕੰਮ ਵਿੱਚ ਨਿਰੰਜਣ ਸਿੰਘ ਦੇ ਮਾਮੇ ਨੇ ਵੀ ਉਸ ਦਾ ਉਤਸ਼ਾਹ ਵਧਾਇਆ। ਭਾਵੇਂ ਮਾਮਾ ਉਸ ਨੂੰ ਪਹਿਲਵਾਨ ਬਣਾਉਣਾ ਚਾਹੁੰਦਾ ਸੀ, ਕਿਉਂਕਿ ਚੜ੍ਹਦੀ ਉਮਰ ਵਿੱਚ ਉਹ ਹੱਡਾਂ ਪੈਰਾਂ ਦਾ ਖੁੱਲ੍ਹਾ, ਉੱਚੇ ਲੰਮੇ ਕੱਦ ਅਤੇ ਗੋਰੇ ਨਿਛੋਹ ਰੰਗ ਵਾਲਾ ਦਰਸ਼ਨੀ ਜਵਾਨ ਸੀ। ਰਤਨ ਸਿੰਘ ਦੀ ਅਗਵਾਈ ਅਤੇ ਆਪਣੀ ਜੀਅ ਤੋੜ ਮਿਹਨਤ ਸਦਕਾ ਉਸ ਨੇ ਥੋੜ੍ਹੇ ਸਮੇਂ ਵਿੱਚ ਆਪਣੇ ਆਪ ਨੂੰ ਗਾਇਕੀ ਦੇ ਖੇਤਰ ਵਿੱਚ ਦਾਖਲ ਕਰ ਲਿਆ। ਲਗਭਗ ਵੀਹ ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਹੀ ਪਿੰਡ ਵਿੱਚ ਪਹਿਲਾ ਅਖਾੜਾ ਲਾਇਆ ਜਿਸ ਵਿੱਚ ਉਸ ਨੇ ਪੂਰਨ ਭਗਤ ਗਾਇਆ।

ਸ਼ੁਰੂ ਵਿੱਚ ਨਿਰੰਜਣ ਸਿੰਘ ਦੇ ਗਰੁੱਪ ਵਿੱਚ ਬੁਰਜ ਦਾ ਖੁਸ਼ੀਆ ਸਾਰੰਗੀ ਮਾਸਟਰ ਅਤੇ ਹਥਨ ਦਾ ਮੈਂਗਲ ਢੱਡ ‘ਤੇ ਸੀ। ਕਈ ਸਾਲ ਇਸ ਗਰੁੱਪ ਨੇ ਆਪਣੀ ਕਲਾ ਰਾਹੀਂ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮੇਂ ਸਮੇਂ ‘ਤੇ ਇਸ ਗਰੁੱਪ ਵਿੱਚ ਕੋਈ ਸ਼ਾਮਲ ਹੁੰਦਾ ਤੇ ਕੋਈ ਨਿਕਲਦਾ ਰਿਹਾ। ਬਾਅਦ ਵਿੱਚ ਭਜਨ ਸਿੰਘ ਬਾਲਦ ਇਸ ਗਰੁੱਪ ਵਿੱਚ ਲੰਮਾ ਸਮਾਂ ਰਿਹਾ। ਆਮ ਰਵਾਇਤੀ ਢਾਡੀਆਂ ਵਾਂਗ ਇਸ ਗਰੁੱਪ ਨੇ ਵੀ ਮੁੱਖ ਰੂਪ ਵਿੱਚ ਪੂਰਨ, ਕੌਲਾਂ, ਹੀਰ ਅਤੇ ਮਿਰਜ਼ੇ ਦੀਆਂ ਲੋਕ ਗਾਥਾਵਾਂ ਗਾਈਆਂ। ਇਸ ਤੋਂ ਇਲਾਵਾ ਸੱਸੀ, ਰਸਾਲੂ, ਦੁੱਲਾ ਭੱਟੀ, ਦਹੂਦ ਬਾਦਸ਼ਾਹ ਆਦਿ ਵੀ ਲੋਕਾਂ ਦੀ ਫਰਮਾਇਸ਼ ‘ਤੇ ਇਹ ਗਰੁੱਪ ਗਾਉਂਦਾ ਰਿਹਾ ਹੈ।

ਸਥਾਨਕ ਮੇਲਿਆਂ ਤੋਂ ਇਲਾਵਾ ਕਪਾਲ ਮੋਚਨ, ਪਹੋਏ, ਨੈਣਾ ਦੇਵੀ ਆਦਿ ਧਾਰਮਿਕ ਮੇਲਿਆਂ ‘ਤੇ ਹਰ ਸਾਲ ਇਨ੍ਹਾਂ ਦਾ ਜਥਾ ਪਹੁੰਚਦਾ ਸੀ। ਮੇਲਿਆਂ ਤੋਂ ਬਿਨਾਂ ਵੀ ਪਿੰਡਾਂ ਵਿੱਚ ਆਮ ਅਖਾੜੇ ਚੱਲਦੇ ਰਹਿੰਦੇ ਸਨ। ਜਿਹੜੇ ਪਿੰਡ ਦੇ ਕੋਲ ਦੀ ਇਹ ਤੁਰਕੇ ਲੰਘ ਰਹੇ ਹੁੰਦੇ ਤਾਂ ਸੱਥ ਵਿੱਚ ਬੈਠੇ ਨੌਜਵਾਨ ਆਪਣੇ ਪਿੰਡ ਵਿੱਚ ਇਨ੍ਹਾਂ ਨੂੰ ਅਖਾੜਾ ਲਾਉਣ ਦੀ ਬੇਨਤੀ ਕਰਦੇ। ਇਸ ਤਰ੍ਹਾਂ ਇੱਕ-ਇੱਕ ਪਿੰਡ ਵਿੱਚ ਕਈ-ਕਈ ਦਿਨ ਅਖਾੜਾ ਚੱਲਦਾ ਰਹਿੰਦਾ ਅਤੇ ਫਿਰ ਅਗਲੇ ਪਿੰਡ ਅਤੇ ਉਸ ਤੋਂ ਅਗਲੇ ਪਿੰਡ ਚੱਲਦੇ ਰਹਿੰਦੇ। ਇਸ ਤਰ੍ਹਾਂ ਉਹ ਦੋ ਦੋ ਮਹੀਨੇ ਬਾਅਦ ਘਰ ਮੁੜਦੇ।

ਪੂਰੀ ਅੱਧੀ ਸਦੀ ਨਿਰੰਜਣ ਸਿੰਘ ਨੇ ਢਾਡੀ ਰਾਗ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਦੂਰ-ਦੂਰ ਤੱਕ ‘ਨਿਰੰਜਣ ਘਨੌਰੀਆ’ ਨਾਂ ਮਸ਼ਹੂਰ ਹੋਇਆ। 1987-88 ਤੋਂ ਉਸ ਨੇ ਗਾਉਣਾ ਬੰਦ ਕਰ ਦਿੱਤਾ ਸੀ। ਉਸ ਦੇ ਆਪਣੇ ਪੁੱਤਰਾਂ ਵਿੱਚੋਂ ਕੋਈ ਵੀ ਉਸ ਦੇ ਪਦ ਚਿੰਨ੍ਹਾਂ ਉੱਪਰ ਨਹੀਂ ਚੱਲਿਆ, ਪਰ ਉਨ੍ਹਾਂ ਨੇ ਉਸ ਨੂੰ ਕਦੇ ਟੋਕਿਆ ਵੀ ਨਹੀਂ।

ਗਾਉਣਾ ਛੱਡਣ ‘ਤੇ ਉਸ ਨੂੰ ਆਪਣੇ ਅੰਦਰੋਂ ਕੁਝ ਗੁਆਚ ਗਿਆ ਮਹਿਸੂਸ ਹੁੰਦਾ ਰਿਹਾ। ਜਬਰਦਸਤੀ ਉਹ ਆਪਣੇ ਜਜ਼ਬਿਆਂ ਨੂੰ ਦਬਾ ਕੇ ਰੱਖਦਾ ਰਿਹਾ, ਪਰ 1997 ਵਿੱਚ ਉਸ ਦੇ ਅੰਦਰਲਾ ਲਾਵਾ ਜਵਾਲਾ ਮੁਖੀ ਬਣ ਕੇ ਫੁੱਟ ਪਿਆ। ਉਸ ਨੇ ਆਪਣੀ ਅਲਮਾਰੀ ਵਿੱਚ ਰੱਖੀ ਸਾਰੰਗੀ ਕੱਢ ਲਈ ਜਿਸ ਨੂੰ ਉਹ ਚੋਰੀ ਛਿਪੇ ਦੇਖਦਾ ਰਹਿੰਦਾ ਸੀ। ਇਸ ਦੇ ਟੁੱਟੇ ਤਾਰਾਂ ਨੂੰ ਸੰਵਾਰਿਆ, ਗਜ਼ ‘ਤੇ ਬਰੋਜਾ ਫੇਰਿਆ ਅਤੇ ਇਹਨੂੰ ਆਪਣੀ ਛਾਤੀ ਨਾਲ ਲਾ ਲਿਆ। ਉਹ ਅੰਦਰੋਂ ਬਾਹਰੋਂ ਟਹਿਕ ਪਿਆ। ਆਪਣੇ ਪਿੰਡ ਦੇ ਗੁਰਦੁਆਰੇ ਮਨਾਏ ਜਾਂਦੇ ਸਾਲਾਨਾ ਸਮਾਗਮ ‘ਤੇ ਉਸ ਨੇ ਕਈ ਸਾਲਾਂ ਬਾਅਦ ਆਪਣੀ ਹਾਜ਼ਰੀ ਲੁਆਈ।

ਇਸੇ ਵਰ੍ਹੇ ਉਹ ਛਪਾਰ ਮੇਲੇ ਜਾਣ ਤੋਂ ਵੀ ਆਪਣੇ ਆਪ ਨੂੰ ਰੋਕ ਨਾ ਸਕਿਆ। ਹੁਣ ਭਾਵੇਂ ਉਸ ਦੇ ਨਾਲ ਕੋਈ ਪੱਕਾ ਸਾਥੀ ਨਹੀਂ ਸੀ, ਪਰ ਉਸ ਨੇ ਸੁਰਜੀਤ ਸਿੰਘ ਗੁਰਮਾ ਨੂੰ ਸਾਜ਼ੀ ਅਤੇ ਬਲੌਰ ਸਿੰਘ ਹਿੰਮਤਪੁਰਾ ਨੂੰ ਢੱਡ ‘ਤੇ ਲਾ ਕੇ ਚੰਗਾ ਰੰਗ ਬੰਨ੍ਹਿਆ। ਛਪਾਰ ਮੇਲੇ ਤੋਂ ਅਗਲੇ ਦਿਨ ਅਹਿਮਦਗੜ੍ਹ ਸਟੇਸ਼ਨ ‘ਤੇ ਲੱਗਣ ਵਾਲੇ ਅਖਾੜੇ ਵਿੱਚ ਵੀ ਉਸ ਨੇ ‘ਵਾਰੀ’ ਲਈ। ਇਸ ਸਮੇਂ ਅੱਸੀਆਂ ਨੂੰ ਢੁੱਕੇ, ਉੱਚੇ ਲੰਮੇ ਕੱਦ ਵਾਲੇ ਨਿਰੰਜਣ ਸਿੰਘ ਦੇ ਗੋਰੇ ਨਿਛੋਹ ਚਿਹਰੇ ਉਤੇ ਕਿਸੇ ਅਗੰਮੀ ਖੁਸ਼ੀ ਦੀ ਲਾਲੀ ਟਪਕਦੀ ਸੀ। ਉਸ ਨੂੰ ਦੁਬਾਰਾ ਆਪਣਾ ਆਪ ਭਰਿਆ ਪੂਰਾ ਮਹਿਸੂਸ ਹੁੰਦਾ ਸੀ। ਇੱਥੇ ਹੀ ਅਖਾੜੇ ਵਿੱਚ ਮੈਂ ਉਸ ਦੀ ਫੋਟੋ ਖਿੱਚੀ। ਇਸ ਤਰ੍ਹਾਂ ਉਸ ਨੇ ਵੱਡੀ ਉਮਰ ਤੱਕ ਢਾਡੀ ਗਾਇਕੀ ਨਾਲ ਆਪਣੀ ਸਾਂਝ ਨਿਭਾਈ। ਅਖ਼ੀਰ ਦਸੰਬਰ 2001 ਵਿੱਚ ਕੁਝ ਦਿਨ ਢਿੱਲਾ ਮੱਠਾ ਰਹਿਣ ਤੋਂ ਬਾਅਦ ਉਸ ਦਾ ਭੌਰ ਵਜੂਦ ਵਿੱਚੋਂ ਸਦਾ ਲਈ ਉੱਡ ਗਿਆ। ਸਰੀਰਕ ਤੌਰ ‘ਤੇ ਤਾਂ ਭਾਵੇਂ ਉਹ ਇੱਥੋਂ ਚਲਾ ਗਿਆ, ਪਰ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਾ ਗਿਆ।
ਸੰਪਰਕ: 84271-00341



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -