ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਜਾਸੂਸੀ ‘ਤੇ ਆਧਾਰਿਤ ਐਕਸ਼ਨ ਫਿਲਮ ‘ਪਠਾਣ’ ਨਾਲ ਚਾਰ ਸਾਲਾਂ ਬਾਅਦ ਸਿਨੇਮਾ ਘਰਾਂ ਵਿੱਚ ਵਾਪਸੀ ਕਰ ਰਿਹਾ ਹੈ। ਫਿਲਮਕਾਰ ਇਸ ਫਿਲਮ ਦੇ ਪ੍ਰਚਾਰ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ ਜਾਰੀ ਕੀਤਾ ਫਿਲਮ ਦਾ ਟਰੇਲਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ‘ਤੇ ਦਿਖਾਇਆ ਗਿਆ ਹੈ। ਇਸ ਬਾਰੇ ਲੋਕਾਂ ਵਿੱਚ ਚਰਚਾ ਛਿੜਨ ਮਗਰੋਂ ਇਮਾਰਤ ਦਾ ਨਾਂ ਟਵਿੱਟਰ ‘ਤੇ ਟਰੈਂਡਿੰਗ ਵਿੱਚ ਚੱਲ ਰਿਹਾ ਸੀ। ਯਸ਼ ਰਾਜ ਫਿਲਮਜ਼ ਨੇ ਟਵਿੱਟਰ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਫਿਲਮ ਦਾ ਟਰੇਲਰ ਬੁਰਜ ਖਲੀਫਾ ‘ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ‘ਚ ਸੁਪਰਸਟਾਰ ਨੇ ਕਾਲੇ ਰੰਗ ਦੀ ਟੀ-ਸ਼ਰਟ ਨਾਲ ਲੈਦਰ ਜੈਕੇਟ ਪਾਈ ਹੋਈ ਹੈ ਅਤੇ ਐਨਕਾਂ ਲਾਈਆਂ ਹੋਈ ਹਨ। ਇਸ ਦੌਰਾਨ ਕੁਝ ਚਾਹੁਣ ਵਾਲਿਆਂ ਦੇ ਪੇਜਾਂ ‘ਤੇ ਅਦਾਕਾਰ ਦੇ ਲੋਕਾਂ ਨਾਲ ਗੱਲਬਾਤ ਕਰਨ ਅਤੇ ਫਿਲਮ ਦੇ ਡਾਇਲਾਗ ਬੋਲਣ ਦੇ ਵੀਡੀਓ ਸਾਂਝੇ ਕੀਤੇ ਹਨ। ਇਸ ਵਿੱਚ ਸ਼ਾਹਰੁਖ ਕਹਿ ਰਿਹਾ ਹੈ, ‘ਪਾਰਟੀ ਰੱਖੋਂਗੇ ਤਾਂ ਮਹਿਮਾਨਿਵਾਜ਼ੀ ਲਈ ਪਠਾਣ ਆਵੇਗਾ ਅਤੇ ਪਟਾਕੇ ਵੀ ਲਿਆਵੇਗਾ।’ -ਆਈੲੇਐਨਐਸ