ਨਵੀਂ ਦਿੱਲੀ, 18 ਜਨਵਰੀ
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਨਾਮੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਕਥਿਤ ਤਾਨਾਸ਼ਾਹੀ ਰਵੱਈਏ ਖਿਲਾਫ ਅੱਜ ਇਥੇ ਧਰਨੇ ‘ਤੇ ਬੈਠੇ। ਪਹਿਲਵਾਨਾਂ ਨੇ ਆਪਣੀਆਂ ਸ਼ਿਕਾਇਤਾਂ ਜਾਂ ਮੰਗਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਇਹ ਸਪੱਸ਼ਟ ਸੀ ਕਿ ਉਹ ਡਬਲਿਊਐੱਫਆਈ ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਸਿੰਘ ਦੇ ਰਵੱਈਏ ਤੋਂ ਤੰਗ ਹਨ। ਪਹਿਲਾਵਾਨਾਂ ਨੇ ਕਿਹਾ ਕਿ ਸੰਘ ਦੇ ਪ੍ਰਧਾਨ ਨੂੰ ਹਟਾਏ ਜਾਣ ਤੱਕ ਧਰਨਾ ਜਾਰੀ ਰਹੇਗਾ। ਇਥੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ 30 ਪਹਿਲਵਾਨਾਂ ‘ਚ ਬਜਰੰਗ, ਵਿਨੇਸ਼, ਰੀਓ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸਰਿਤਾ ਮੋਰ, ਸੰਗੀਤਾ ਫੋਗਾਟ, ਸਤਿਆਵਰਤ ਮਲਿਕ, ਜਤਿੰਦਰ ਕਿਨਹਾ ਅਤੇ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜੇਤੂ ਸੁਮਿਤ ਮਲਿਕ ਸ਼ਾਮਲ ਹਨ।