ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਹੌਲੀਵੁੱਡ ਦੀ ਪਹਿਲੀ ਫ਼ਿਲਮ ‘ਹਾਰਟ ਆਫ਼ ਸਟੋਨ’ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਗੈਲ ਗੈਡਟ ਅਤੇ ਜੈਮੀ ਡੌਰਨਨ ਮੁੱਖ ਅਦਾਕਾਰ ਹੋਣਗੇ। ਇਹ ਫਿਲਮ ਨੈਟਫਲਿੱਕਸ ‘ਤੇ ਦਿਖਾਈ ਜਾਵੇਗੀ। ਨੈੱਟਫਲਿਕਸ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਫਿਲਮ ਦਾ ਟੀਜ਼ਰ ਤੇ ਵੀਡੀਓ ਵੀ ਜਨਤਕ ਕੀਤੇ ਹਨ। ਇਸੇ ਦਿਨ ਆਲੀਆ ਦੇ ਪਤੀ ਰਣਬੀਰ ਕਪੂਰ ਦੀ ਫਿਲਮ ‘ਜਾਨਵਰ’ ਵੀ ਰਿਲੀਜ਼ ਹੋ ਰਹੀ ਹੈ। ‘ਹਾਰਟ ਆਫ ਸਟੋਨ ਦਾ ਨਿਰਦੇਸ਼ਨ ਟੌਮ ਹਾਰਪਰ ਨੇ ਕੀਤਾ ਹੈ ਤੇ ਇਹ ਟੌਮ ਕਰੂਜ਼ ਦੇ ਮਿਸ਼ਨ ਇੰਪੌਸੀਬਲ ਵਰਗੀ ਲੜੀ ਦੀ ਪਹਿਲੀ ਕਿਸ਼ਤ ਹੈ। ਇਸ ਫਿਲਮ ਵਿੱਚ ਗੈਲ, ਜੈਮੀ ਅਤੇ ਆਲੀਆ ਤੋਂ ਇਲਾਵਾ ਸੋਫੀ ਓਕੋਨਡੋ, ਮੈਥਿਸ ਸ਼ਵੇਗੋਫਰ, ਜਿੰਗ ਲੁਸੀ ਅਤੇ ਪੌਲ ਰੈਡੀ ਸਹਿ ਅਦਾਕਾਰ ਹਨ। ਇਸ ਦੇ ਕਲਿੱਪ ‘ਚ ‘ਐਕਸਟਰੈਕਸ਼ਨ 2’, ‘ਮਰਡਰ ਮਿਸਟਰੀ 2’, ‘ਰੈਬਲ ਮੂਨ’ ਅਤੇ ‘ਦਿ ਕਿਲਰ’ ਦਾ ਟੀਜ਼ਰ ਵੀ ਦਿਖਾਇਆ ਗਿਆ ਹੈ। ਜੈਨੀਫਰ ਐਨਿਸਟੋਨ ਅਤੇ ਐਡਮ ਸੈਂਡਲਰ ਦੀ ‘ਮਰਡਰ ਮਿਸਟਰੀ 2’ 13 ਮਾਰਚ ਨੂੰ ਰਿਲੀਜ਼ ਹੋਵੇਗੀ ਜਦਕਿ ‘ਐਕਸਟਰੈਕਸ਼ਨ 2’ ਕ੍ਰਿਸ ਹੇਮਸਵਰਥ ਦੀ ‘ਐਕਸਟਰੈਕਸ਼ਨ’ ਦੀ ਦੂਜੀ ਕਿਸ਼ਤ ਹੈ ਜੋ 16 ਜੂਨ ਨੂੰ ਰਿਲੀਜ਼ ਹੋਵੇਗੀ। ਆਲੀਆ ਅਗਲੀ ਵਾਰ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਨਜ਼ਰ ਆਵੇਗੀ ਜਿਸ ਵਿਚ ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਉਣਗੇ। ਇਹ ਫਿਲਮ 28 ਅਪਰੈਲ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ