ਲਾਸ ੲੇਂਜਲਸ: ਰਿਐਲਿਟੀ ਟੀਵੀ ਸਟਾਰ ਕਿਮ ਕਰਦਾਸ਼ੀਆਂ ਨੇ ਇੰਗਲੈਂਡ ਦੀ ਮਰਹੂਮ ਸ਼ਹਿਜ਼ਾਦੀ ਡਾਇਨਾ ਦਾ ਹਾਰ ਦੋ ਲੱਖ ਡਾਲਰ (1.6 ਕਰੋੜ) ਵਿੱਚ ਖਰੀਦਿਆ ਹੈ। ਹੀਰੇ ਅਤੇ ਬਨਫਸ਼ੀ ਰੰਗ ਦੇ ਬਹੁਮੁੱਲੇ ਪੱਥਰ ਨਾਲ ਬਣਿਆ ਇਹ ਹਾਰ ਸ਼ਹਿਜ਼ਾਦੀ ਨੇ ਇਕ ਵਾਰ ਪਹਿਨਿਆ ਸੀ, ਕਿਉਂਕਿ ਸਾਲ 1997 ਦੌਰਾਨ ਵਾਪਰੇ ਇਕ ਸੜਕ ਹਾਦਸੇ ਵਿੱਚ ਸ਼ਹਿਜ਼ਾਦੀ ਦੀ ਮੌਤ ਹੋ ਗਈ ਸੀ। ਉਦੋਂ ਸ਼ਹਿਜ਼ਾਦੀ ਡਾਇਨਾ ਦੀ ਉਮਰ 36 ਸਾਲ ਸੀ। ਇਸ ਦੀ ਪੁਸ਼ਟੀ ਸੋਥਬੀ ਨਿਲਾਮ ਘਰ ਦੇ ਸੂਤਰਾਂ ਨੇ ਕੀਤੀ ਹੈ। ‘ਸੋਥਬੀ ਲੰਡਨ ਜਵੈਲਰੀ’ ਦੇ ਮੁਖੀ ਕ੍ਰਿਸਟੀਅਨ ਸਟੋਪੋਰਥ ਨੇ ਆਖਿਆ,”ਇਹ ਹਾਰ ਆਕਾਰ, ਰੰਗ ਅਤੇ ਨਮੂਨੇ ਪੱਖੋਂ ਕਾਫੀ ਵੱਡਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਇਸ ਹਾਰ ਨੂੰ ਵਿਸ਼ਵ ਦੀ ਮਾਰੂਫ਼ ਸਟਾਰ ਨੇ ਖਰੀਦਿਆ ਹੈ।” ਸੋਥਬੀ ਲੰਡਨ ਜਵੈਲਰੀ ਨੇ ਇਕ ਬਿਆਨ ਰਾਹੀਂ ਆਖਿਆ ਕਿ ਕਰਦਾਸ਼ੀਆਂ ਇਹ ਹਾਰ ਖਰੀਦ ਕੇ ਬਹੁਤ ਮਾਣ ਮਹਿਸੂਸ ਕਰਨਗੇ। ਜਾਣਕਾਰੀ ਅਨੁਸਾਰ ਇਸ ਹਾਰ ਨੂੰ ਸ਼ਹਿਜ਼ਾਦੀ ਨੇ ਸਾਲ 1987 ਵਿੱਚ ਇਕ ਚੈਰਿਟੀ ਸਮਾਗਮ ਦੌਰਾਨ ਪਹਿਨਿਆ ਸੀ। ਇਸ ਹਾਰ ਨੂੰ ਕੈਥਰੀਨ ਵਾਕਰ ਨੇ ਡਿਜ਼ਾਈਨ ਕੀਤਾ ਸੀ। ਸੋਥਬੀ ਲੰਡਨ ਜਵੈਲਰੀ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦੀ ਡਾਇਨਾ ਦੀ ਮੌਤ ਤੋਂ ਪਹਿਲਾਂ ਇਹ ਹਾਰ ਕਿਸੇ ਜਨਤਕ ਥਾਂ ‘ਤੇ ਨਹੀਂ ਦੇਖਿਆ ਗਿਆ। ਇਸ ਦਾ ਭਾਰ 5.25 ਕੈਰੇਟ ਹੈ ਅਤੇ ਆਕਾਰ 136×95 ਮਿਲੀਮੀਟਰ ਹੈ। -ਆਈਏਐੱਨਐੱਸ