ਮੁੰਬਈ: ਬੌਲੀਵੁੱਡ ਅਦਾਕਾਰਾ ਤੇ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨਸ਼ਰ ਕੀਤੀ ਹੈ ਜਿਸ ਵਿਚ ਉਹ ਰਣਬੀਰ ਕਪੂਰ ਦੀ ਸ਼ਰਧਾ ਕਪੂਰ ਨਾਲ ਆਉਣ ਵਾਲੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦੇ ਗੀਤ ਤੇਰੇ ਪਿਆਰ ਮੇਂ ‘ਤੇ ਜਿਮ ਵਿਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਆਲੀਆ ਵਲੋਂ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਨ ਤੋਂ ਬਾਅਦ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਇਸ ਵੀਡੀਓ ਵਿਚ ਉਹ ਸ਼ਰਧਾ ਕਪੂਰ ਨਾਲੋਂ ਵੀ ਵਧੀਆ ਲੱਗ ਰਹੀ ਹੈ। ਇਸ ਤੋਂ ਬਾਅਦ ਸ਼ਰਧਾ ਕਪੂਰ ਤੇ ਆਲੀਆ ਭੱਟ ਨੇ ਮਜ਼ੇਦਾਰ ਟਿੱਪਣੀਆਂ ਕੀਤੀਆਂ। ਸ਼ਰਧਾ ਕਪੂਰ ਨੇ ਰਣਬੀਰ ਨੂੰ ਆਪਣੇ ਅਸਲੀ ਇੰਸਟਾਗ੍ਰਾਮ ਖਾਤੇ ਦੀ ਵਰਤੋਂ ਕਰਨ ਲਈ ਕਿਹਾ। ਉਸ ਨੇ ਲਿਖਿਆ, ‘ਯੇਹ ਕਯਾ ਮੱਕਾਰੀ ਹੈ ਰਣਬੀਰ? ਅਪਨੇ ਰੀਅਲ ਆਈਡੀ ਸੇ ਆਓ।’ ਇਸ ਤੋਂ ਬਾਅਦ ਆਲੀਆ ਤੇ ਸ਼ਰਧਾ ਕਪੂਰ ਨੇ ਲਿਖਿਆ, ‘ਚਲ ਇਸ ਕੇ (ਅਸਲੀ) ਫਰਜ਼ੀ ਆਈਡੀ ਨੂੰ ਬੇਨਕਾਬ ਕਰਤੇ ਹੈਂ।’ ਦੱਸਣਾ ਬਣਦਾ ਹੈ ਕਿ ਰਣਬੀਰ ਦਾ ਹਾਲੇ ਤਕ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੋਈ ਪ੍ਰਮਾਣਿਤ ਖਾਤਾ ਨਹੀਂ ਹੈ। ਇਸ ਲਈ ਸ਼ਰਧਾ ਨੇ ‘ਸ਼ਮਸ਼ੇਰਾ’ ਫਿਲਮ ਦੇ ਅਦਾਕਾਰਾ ਵੱਲ ਇਸ਼ਾਰਾ ਕੀਤਾ ਕਿ ਉਸ ਕੋਲ ਬੇਨਾਮੀ ਖਾਤਾ ਹੈ। ਲਵ ਰੰਜਨ ਵਲੋਂ ਨਿਰਦੇਸ਼ਤ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਰੋਮਾਂਟਿਕ ਤੇ ਕਾਮੇਡੀ ਭਰਪੂਰ ਫਿਲਮ ਹੈ ਜੋ 8 ਮਾਰਚ ਨੂੰ ਰਿਲੀਜ਼ ਹੋਵੇਗੀ। -ਏਐੱਨਆਈ