ਲਾਸ ਏਂਜਲਸ: ਬੰਗਲੂਰੂ ਮੂਲ ਦੇ ਸੰਗੀਤਕਾਰ ਰਿੱਕੀ ਕੇਜ ਨੇ ਐਲਬਮ ‘ਡਿਵਾਈਨ ਟਾਈਡਸ’ ਲਈ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਕੇਜ ਨੇ ਇਹ ਪੁਰਸਕਾਰ ਆਪਣੇ ਮੁਲਕ ਭਾਰਤ ਨੂੰ ਸਮਰਪਿਤ ਕੀਤਾ ਹੈ। ਅਮਰੀਕਾ ਵਿੱਚ ਪੈਦਾ ਹੋਏ ਸੰਗੀਤਕਾਰ ਨੇ ਬ੍ਰਿਟਿਸ਼ ਰੌਕ ਬੈਂਡ ‘ਦਿ ਪੁਲੀਸ’ ਦੇ ਡਰੱਮਰ ਸਟੀਵਰਟ ਕੋਪਲੈਂਡ ਨਾਲ ਪੁਰਸਕਾਰ ਸਾਂਝਾ ਕੀਤਾ ਹੈ, ਜਿਨ੍ਹਾਂ ਐਲਬਮ ਵਿੱਚ ਕੇਜ ਨੂੰ ਸਹਿਯੋਗ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦੋਵਾਂ ਨੇ ’65ਵੇਂ ਸਾਲਾਨਾ ਗ੍ਰੈਮੀ ਐਵਾਰਡਜ਼’ ਵਿੱਚ ਉੱਚ ਦਰਜੇ ਦੀ ‘ਇਮਰਸਿਵ ਆਡੀਓ ਐਲਬਮ’ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਾਪਤ ਕੀਤਾ ਹੈ। ਇਨ੍ਹਾਂ ਨੇ ਪਿਛਲੇ ਸਾਲ ਇਸੇ ਐਲਬਮ ਲਈ ‘ਬੈਸਟ ਨਿਊ ਏਜ ਐਲਬਮ’ ਸ਼੍ਰੇਣੀ ਵਿੱਚ ਗ੍ਰੈਮੀ ਜਿੱਤਿਆ ਸੀ। ਗ੍ਰੈਮੀ ਪੁਰਸਕਾਰ ਸਮਾਗਮ ਕਰਵਾਉਣ ਵਾਲੀ ਰਿਕਾਰਡਿੰਗ ਅਕੈਡਮੀ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ‘ਤੇ ਟੀਮ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ ਹੈ। ਇਸ ਮਗਰੋਂ ਕੇਜ ਨੇ ਆਪਣੇ ਟਵਿੱਟਰ ਪੇਜ ‘ਤੇ ਤਸਵੀਰਾਂ ਦੀ ਲੜੀ ਸਾਂਝੀ ਕਰਦੇ ਹੋਏ ਕਿਹਾ, ”ਹੁਣੇ-ਹੁਣੇ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ। ਬਹੁਤ ਸ਼ੁਕਰਗੁਜ਼ਾਰ ਹਾਂ ਤੇ ਭਾਵਨਾਵਾਂ ਜ਼ਾਹਿਰ ਕਰਨ ਕੋਈ ਸ਼ਬਦ ਨਹੀਂ ਹੈ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ ਕਰਦਾ ਹਾਂ।” -ਪੀਟੀਆਈ
ਇਰਾਨੀ ਗਾਇਕ ਹਾਜੀਪੁਰ ਦੇ ਬਗਾਵਤੀ ਗੀਤ ਨੂੰ ਮਿਲਿਆ ਗ੍ਰੈਮੀ
ਇਰਾਨੀ ਗਾਇਕ ਸ਼ਰਵਿਨ ਹਾਜੀਪੁਰ ਨੂੰ ਉਸ ਬਗਾਵਤ ਭਰੇ ਗੀਤ ‘ਬਰਾਏ’ ਲਈ ‘ਨਿਊ ਸੌਂਗ ਫਾਰ ਸੋਸ਼ਲ ਚੇਂਜ’ ਸ਼੍ਰੇਣੀ ਵਿੱਚ ‘ਸਪੈਸ਼ਲ ਮੈਰਿਟ ਗ੍ਰੈਮੀ ਐਵਾਰਡ’ ਮਿਲਿਆ ਹੈ। ਹਾਜੀਪੁਰ ਦਾ ‘ਬਰਾਏ’ ਗੀਤ ਇਰਾਨ ਵਿੱਚ ਪੁਲੀਸ ਹਿਰਾਸਤ ‘ਚ ਇਕ ਔਰਤ ਦੀ ਮੌਤ ਦੇ ਵਿਰੋਧ ਵਿੱਚ ਜਾਰੀ ਪ੍ਰਦਰਸ਼ਨਾਂ ਦੌਰਾਨ ਕਾਫ਼ੀ ਚਲਾਇਆ ਗਿਆ ਸੀ। ਇਸ ਗੀਤ ਲਈ ਹਾਜੀਪੁਰ ਨੂੰ ਜੇਲ੍ਹ ਹੋਣ ਦਾ ਖਦਸ਼ਾ ਵੀ ਸੀ। ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਨੇ ਲੰਘੀ ਰਾਤ ਐਲਾਨ ਕੀਤਾ ਕਿ ਹਾਜੀਪੁਰ ਦੇ ਬਰਾਏ ਗੀਤ ਨੇ ‘ਨਿਊ ਸੌਂਗ ਫਾਰ ਸੋਸ਼ਲ ਚੇਂਜ’ ਸ਼੍ਰੇਣੀ ਦਾ ‘ਸਪੈਸ਼ਲ ਮੈਰਿਟ ਗ੍ਰੈਮੀ ਪੁਰਸਕਾਰ’ ਆਪਣੇ ਨਾਂ ਕਰ ਲਿਆ ਹੈ।