ਮੁੰਬਈ, 7 ਫਰਵਰੀ
ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੁਰਾਨੀ ‘ਤੇ ਕੁੱਟਮਾਰ ਅਤੇ ਉਸ ਦੇ ਫਲੈਟ ਵਿੱਚੋਂ ਪੈਸੇ ਤੇ ਗਹਿਣੇ ਚੋਰੀ ਕਰਨ ਦੇ ਦੋਸ਼ ਲਾਏ ਹਨ। ਰਾਖੀ ਦੀ ਸ਼ਿਕਾਇਤ ਮਗਰੋਂ ਅੱਜ ਸ਼ਹਿਰ ਦੇ ਓਸ਼ੀਵਾੜਾ ਪੁਲੀਸ ਸਟੇਸ਼ਨ ਵਿੱਚ ਉਸ ਦੇ ਪਤੀ ਨੂੰ ਪੁੱਛ-ਗਿੱਛ ਲਈ ਸੱਦਿਆ ਗਿਆ। ਪੁਲੀਸ ਨੇ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਸਾਂਝੀ ਕੀਤੀ। ਅਧਿਕਾਰੀ ਮੁਤਾਬਕ ਪੁਲੀਸ ਨੂੰ ਸੋਮਵਾਰ ਰਾਤ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਖੀ (41) ਨੇ ਦੱਸਿਆ ਕਿ ਉਹ ਦੁਰਾਨੀ (30) ਦੇ ਸੰਪਰਕ ਵਿੱਚ ਜਨਵਰੀ 2022 ਵਿੱਚ ਆਈ ਸੀ ਅਤੇ ਉਨ੍ਹਾਂ ਨੇ ਸਾਂਝਾ ਬਿਜ਼ਨੈਸ ਅਕਾਊਂਟ ਖੁਲ੍ਹਵਾਇਆ ਸੀ। ਉਸ ਨੂੰ ਦੱਸੇ ਬਿਨਾਂ ਦੁਰਾਨੀ ਨੇ ਜੂਨ ਵਿੱਚ ਕਾਰ ਖਰੀਦਣ ਲਈ ਡੇਢ ਕਰੋੜ ਰੁਪਏ ਅਕਾਊਂਟ ਵਿੱਚੋਂ ਕਢਵਾ ਲਏ ਪਰ ਉਸ ਨੇ ਇਸ ‘ਤੇ ਕੋਈ ਇਤਰਾਜ਼ ਜ਼ਾਹਰ ਨਾ ਕੀਤਾ ਕਿਉਂਕਿ ਉਸ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਛੇਤੀ ਵਿਆਹ ਕਰਵਾ ਲਵੇਗਾ। ਇਸ ਤੋਂ ਬਾਅਦ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਸਾਵੰਤ ਨੇ ਇਹ ਵੀ ਦੋਸ਼ ਲਾਇਆ ਕਿ ਦੁਰਾਨੀ ਨੇ ਉਸ ਨੂੰ ਨਮਾਜ਼ ਅਦਾ ਕਰਨ ਲਈ ਜ਼ੋਰ ਪਾਇਆ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਦੀ ਨਕਦੀ ਅਤੇ ਉਸ ਦੀ ਮਾਂ ਦੇ ਗਹਿਣੇ ਘਰੋਂ ਗਾਇਬ ਹਨ। ਉਸ ਨੂੰ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਦੁਰਾਨੀ ਉਸ ਦੀ ਗੈਰਹਾਜ਼ਰੀ ਵਿੱਚ ਉਸ ਦੇ ਘਰ ਆਇਆ ਸੀ। -ਪੀਟੀਆਈ