ਲੰਡਨ, 8 ਫਰਵਰੀ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਬਰਤਾਨੀਆ ਦੀ ਸੰਸਦ ਦੇ ਵੈਸਟਮਿੰਸਟਰ ਹਾਲ ‘ਚ ਕੀਤੇ ਇਤਿਹਾਸਕ ਸੰਬੋਧਨ ਦੌਰਾਨ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਦੇਸ਼ ਖ਼ਿਲਾਫ਼ ਜੰਗ ਵਿੱਚ ਰੂਸ ਹਾਰੇਗਾ। ਇਸ ਦੇ ਨਾਲ ਹੀ ਜ਼ੈਲੇਂਸਕੀ ਨੇ ਰੂਸੀ ਫ਼ੌਜ ਦੇ ਹਮਲੇ ਤੋਂ ਬਾਅਦ ਪਹਿਲੇ ਹੀ ਦਿਨ ਤੋਂ ਦਿੱਤੇ ਸਹਿਯੋਗ ਲਈ ਬਰਤਾਨਵੀ ਲੋਕਾਂ ਦਾ ਧੰਨਵਾਦ ਕੀਤਾ। ਬਰਤਾਨਵੀ ਸੰਸਦ ਵਿੱਚ ਆਪਣੇ ਉਤਸ਼ਾਹਜਨਕ ਸੰਬੋਧਨ ਦੌਰਾਨ ਜ਼ੈਲੇਂਸਕੀ ਨੇ ਕਿਹਾ, ”ਮੈਂ ਆਪਣੇ ਬਹਾਦਰ ਸੈਨਿਕਾਂ ਵੱਲੋਂ ਤੁਹਾਡੇ ਸਾਹਮਣੇ ਖੜ੍ਹਾ ਹਾਂ ਜੋ ਕਿ ਇਸ ਵੇਲੇ ਜੰਗ ਦੇ ਮੈਦਾਨ ਵਿੱਚ ਹਨ।” ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਨੇ ਬਰਤਾਨਵੀ ਰਵਾਇਤਾਂ ਦੀ ਸ਼ਲਾਘਾ ਵੀ ਕੀਤੀ। ਆਪਣੇ ਦੇਸ਼ ਬਾਰੇ ਗੱਲ ਕਰਦਿਆਂ ਜ਼ੈਲੇਂਸਕੀ ਨੇ ਕਿਹਾ ਕਿ ਯੂਕਰੇਨ ਹਮੇਸ਼ਾ ਬੁਰਾਈ ‘ਤੇ ਜਿੱਤ ਹਾਸਲ ਕਰਦਾ ਰਹੇਗਾ। ਉਨ੍ਹਾਂ ਕਿਹਾ, ”ਇਹ ਸਾਡੀ ਤੇ ਤੁਹਾਡੀ ਰਵਾਇਤ ਹੈ।”
ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਮੀਟਿੰਗ ਤੋਂ ਪਹਿਲਾਂ ਜ਼ੈਲੇਂਸਕੀ ਨੇ ਕਿਹਾ, ”ਰੂਸ ਹਾਰੇਗਾ”। ਫਰਵਰੀ 2022 ਵਿੱਚ ਰੂਸ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਾ ਬਰਤਾਨੀਆ ਦਾ ਇਹ ਪਹਿਲਾ ਦੌਰਾ ਹੈ। ਇੱਥੇ ਵੈਸਟਮਿੰਸਟਰ ਹਾਲ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਐਲਾਨ ਕੀਤਾ, ”ਅਸੀਂ ਜਾਣਦੇ ਹਾਂ ਆਜ਼ਾਦੀ ਜਿੱਤੇਗੀ, ਅਸੀਂ ਜਾਣਦੇ ਹਾਂ ਰੂਸ ਹਾਰੇਗਾ ਅਤੇ ਇਹ ਜਿੱਤ ਵਿਸ਼ਵ ਨੂੰ ਬਦਲ ਦੇਵੇਗੀ।” ਇਸੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਯੂਕਰੇਨ ਦੇ ਜੰਗੀ ਜਹਾਜ਼ਾਂ ਦੇ ਪਾਇਲਟਾਂ ਅਤੇ ਸਮੁੰਦਰੀ ਲੜਾਕਿਆਂ ਨੂੰ ਉਨ੍ਹਾਂ ਦੀਆਂ ਰੱਖਿਆ ਸਮਰੱਥਾਵਾਂ ਵਧਾਉਣ ਲਈ ਵਿਸ਼ੇਸ਼ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ। ਸੂਨਕ ਨੇ ਕਿਹਾ, ”ਰਾਸ਼ਟਰਪਤੀ ਜ਼ੈਲੇਂਸਕੀ ਦਾ ਯੂਕੇ ਦਾ ਦੌਰਾ ਉਨ੍ਹਾਂ ਦੇ ਦੇਸ਼ ਦੀ ਹਿੰਮਤ, ਦ੍ਰਿੜ੍ਹਤਾ ਤੇ ਜੰਗ ਦਾ ਸਬੂਤ ਹੈ ਅਤੇ ਨਾਲ ਹੀ ਦੋਹਾਂ ਮੁਲਕਾਂ ਵਿਚਾਲੇ ਅਟੁੱਟ ਦੋਸਤੀ ਦਾ ਸਬੂਤ ਵੀ ਹੈ।” ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਭਵਿੱਖ ਵਿੱਚ ਯੂਕਰੇਨ ਦੇ ਪਾਇਲਟ ਨਾਟੋ ਦੇ ਮਾਪਦੰਡਾਂ ਵਾਲੇ ਆਧੁਨਿਕ ਜੰਗੀ ਜਹਾਜ਼ ਵੀ ਉਡਾ ਸਕਣ। ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਕਾਰਨਾਂ ਕਰ ਕੇ ਜ਼ੈਲੇਂਸਕੀ ਦੇ ਇਸ ਦੌਰੇ ਦਾ ਪਹਿਲਾਂ ਖੁਲਾਸਾ ਨਹੀਂ ਸੀ ਕੀਤਾ ਗਿਆ। ਇਸ ਦੌਰੇ ਦੌਰਾਨ ਜ਼ੈਲੇਂਸਕੀ ਵੱਲੋਂ ਮਹਾਰਾਜਾ ਚਾਰਲਸ-ਤੀਜੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। -ਪੀਟੀਆਈ