ਮੁੰਬਈ: ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਦੀ ਸਰਹੱਦ ‘ਤੇ ਅਦਾਕਾਰ ਤੇ ਸਮਾਜ ਸੇਵੀ ਸੋਨੂੰ ਸੂਦ ਦੇ ਨਾਂ ‘ਤੇ ਮੰਦਰ ਬਣਾਏ ਜਾਣ ਦੀ ਖ਼ਬਰ ਮਿਲਣ ਮਗਰੋਂ ਸੋਨੂੰ ਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। ਇੱਕ ਉੱਘੇ ਪੱਤਰਕਾਰ ਵਿਰਾਲ ਭਿਆਨੀ ਵੱਲੋਂ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਸੋਨੂੰ ਸੂਦ ਦਾ ਪੁਤਲਾ ਬਣਿਆ ਹੋਇਆ ਸੀ ਤੇ ਪਿੱਛੇ ਲੱਗੇ ਬੈਨਰ ‘ਤੇ ਲਿਖਿਆ ਹੋਇਆ ਸੀ, ‘ਭਾਰਤ ਦੇ ਅਸਲੀ ਹੀਰੋ ਸੋਨੂੰ ਸੂਦ ਦਾ ਮੰਦਰ’। ਇਸ ਸਬੰਧੀ ਪੁੱਛੇ ਜਾਣ ‘ਤੇ ਅਦਾਕਾਰ ਨੇ ਕਿਹਾ, ”ਹਾਂ ਮੈਨੂੰ ਹੁਣੇ ਇਹ ਖ਼ਬਰ ਮਿਲੀ ਹੈ ਕਿ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਦੀ ਸਰਹੱਦ ‘ਤੇ ਮੇਰੇ ਨਾਂ ‘ਤੇ ਇੱਕ ਹੋਰ ਮੰਦਰ ਬਣਾਇਆ ਜਾ ਰਿਹਾ ਹੈ। ਤੁਹਾਨੂੰ ਪਤਾ ਹੈ ਕਿ ਇਹ ਤਿਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਚੇਨੱਈ ਤੋਂ ਬਾਅਦ ਚੌਥਾ ਮੰਦਰ ਤਿਆਰ ਹੋ ਰਿਹਾ ਹੈ। ਮੇਰੇ ਕੋਲ ਇਸ ਬਾਰੇ ਕਹਿਣ ਲਈ ਸ਼ਬਦ ਹੀ ਨਹੀਂ ਹਨ। ਲੋਕਾਂ ਵੱਲੋਂ ਮਿਲ ਰਹੇ ਇਸ ਬੇਹਿਸਾਬ ਪਿਆਰ ਲਈ ਮੈਂ ਖ਼ੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ, ਪਰ ਮੈਂ ਕਹਿਣਾ ਚਾਹੁੰਦਾ ਹਾਂ…ਮੈਂ ਇਸ ਸਭ ਦੇ ਲਾਇਕ ਨਹੀਂ ਹਾਂ।”’ ਅਦਾਕਾਰ ਨੇ ਕਿਹਾ, ”ਮੈਂ ਜੋ ਕੁਝ ਵੀ ਕੀਤਾ ਹੈ, ਉਸ ਵਿੱਚ ਲੱਖਾਂ ਲੋਕਾਂ ਦੀਆਂ ਦੁਆਵਾਂ ਵੀ ਸ਼ਾਮਲ ਹਨ। ਮੈਂ ਅਕਸਰ ਲੋਕਾਂ ਵੱਲੋਂ ਕਿਸੇ ‘ਤੇ ਪਿਆਰ ਦਾ ਮੀਂਹ ਵਰ੍ਹਾਏ ਜਾਣ ਸਬੰਧੀ ਖ਼ਬਰਾਂ ਸੁਣਦਾ, ਪੜ੍ਹਦਾ ਤੇ ਦੇਖਦਾ ਰਿਹਾ ਹਾਂ…ਮੈਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਦਿਨ ਇਹ ਪਿਆਰ ਮੇਰੇ ‘ਤੇ ਵੀ ਨਿਛਾਵਰ ਹੋਵੇਗਾ। ਮੈਂ ਹਰ ਉਸ ਸ਼ਖ਼ਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੇਰੇ ਨਾਂ ‘ਤੇ ਮੰਦਰ ਬਣਾ ਰਿਹਾ ਹੈ, ਪਰ ਉਨ੍ਹਾਂ ਨੂੰ ਇਸ ਦੀ ਥਾਂ ਸਕੂਲ ਜਾਂ ਹਸਪਾਤਲ ਬਣਾਉਣੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।” -ਆਈਏਐੱਨਐੱਸ