ਮੁੰਬਈ: ਫਿਲਮ ਨਿਰਮਾਤਾ ਬੋਨੀ ਕਪੂਰ ਨੇ ਅੱਜ ਇੱਥੇ ਆਪਣੀ ਮਰਹੂਮ ਪਤਨੀ ਤੇ ਅਦਾਕਾਰਾ ਸ੍ਰੀਦੇਵੀ ਦੀ ਜੀਵਨੀ ‘ਲਾਈਫ ਆਫ ਏ ਲੈਜੈਂਡ’ ਦਾ ਐਲਾਨ ਕੀਤਾ ਹੈ। ਇਹ ਐਲਾਨ ਬੋਨੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਬੋਨੀ ਕਪੂਰ ਨੇ ਕਿਹਾ, ”ਸ੍ਰੀਦੇਵੀ ਵਿੱਚ ਕੁਦਰਤੀ ਤਾਕਤ ਸੀ। ਉਹ ਸਕਰੀਨ ‘ਤੇ ਆਪਣੇ ਦਰਸ਼ਕਾਂ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਸਭ ਤੋਂ ਵੱਧ ਖੁਸ਼ ਹੁੰਦੀ ਸੀ। ਉਹ ਨਿੱਜੀ ਤੌਰ ‘ਤੇ ਬਹੁਤ ਹੀ ਜ਼ਹੀਨ ਤੇ ਇਕੱਲਤਾ ਪਸੰਦ ਕਰਨ ਵਾਲੀ ਇਨਸਾਨ ਸੀ।” ਪਰਿਵਾਰ ਦੇ ਇੱਕ ਕਰੀਬੀ ਧੀਰਜ ਕੁਮਾਰ ਵੱਲੋਂ ਸ੍ਰੀਦੇਵੀ ‘ਤੇ ਇਹ ਕਿਤਾਬ ਲਿਖੀ ਗਈ ਹੈ। ਬੋਨੀ ਨੇ ਦੱਸਿਆ, ”ਧੀਰਜ ਇੱਕ ਖੋਜਾਰਥੀ, ਲੇਖਕ ਤੇ ਕਾਲਮਨਵੀਸ ਹੈ। ਸਾਨੂੰ ਖੁਸ਼ੀ ਹੈ ਕਿ ਧੀਰਜ ਦੀ ਕਲਮ ਸ੍ਰੀਦੇਵੀ ਦੇ ਅਸਾਧਾਰਨ ਜੀਵਨ ਨੂੰ ਬਿਆਨੇਗੀ।” ਭਾਰਤੀ ਸਿਨੇਮਾ ਵਿੱਚ ਲੰਬਾ ਸਮਾਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਸ੍ਰੀਦੇਵੀ ਨੇ ਲਗਪਗ 50 ਵਰ੍ਹਿਆਂ ਦੇ ਅਰਸੇ ਵਿੱਚ ਤਾਮਿਲ, ਤੇਲਗੂ, ਮਲਿਆਲਮ, ਕੰਨੜ ਤੇ ਹਿੰਦੀ ਭਾਸ਼ਾ ਵਿੱਚ 300 ਤੋਂ ਵੱਧ ਫਿਲਮਾਂ ਕੀਤੀਆਂ ਹਨ। -ਆਈਏਐੱਨਐੱਸ