ਨਵੀਂ ਦਿੱਲੀ: ਇਹ ਤਾਂ ਸਭ ਜਾਣਦੇ ਹਨ ਕਿ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਸਿਰਫ਼ ਆਪਣੇ ਆਪ ਵਿੱਚ ਰਹਿਣ ਵਾਲਾ ਵਿਅਕਤੀ ਹੈ। ਹਾਲਾਂਕਿ, ਵੈਲੇਨਟਾਈਨਜ਼ ਡੇਅ ਮੌਕੇ ਨੋਇਡਾ ਵਿੱਚ ਇੱਕ ਆਨਲਾਈਨ ਪ੍ਰੋਗਰਾਮ ਦੌਰਾਨ ਉਸ ਨੇ ਆਪਣੀ ਪਤਨੀ ਆਲੀਆ ਭੱਟ ਤੇ ਧੀ ਰਾਹਾ ਨੂੰ ਮਨਮੋਹਕ ਸੁਨੇਹਾ ਭੇਜਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਣਬੀਰ ਕਪੂਰ ਅਤੇ ਸੰਗੀਤਕਾਰ ਪ੍ਰੀਤਮ ਨੇ ਆਗਾਮੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੇ ਪ੍ਰਚਾਰ ਲਈ ਗਲਗੋਟੀਆਜ਼ ਯੂਨੀਵਰਸਿਟੀ ਵਿੱਚ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਕਰਵਾਇਆ ਸੀ। ਰਣਬੀਰ ਨੇ ਇਸ ਦੌਰਾਨ ਗੀਤ ‘ਪਿਆਰ ਹੋਤਾ ਕਈ ਬਾਰ ਹੈ’ ਅਤੇ ‘ਕੇਸਰੀਆ’ ਗਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਪ੍ਰੋਗਰਾਮ ਦਾ ਸਭ ਤੋਂ ਵਧੀਆ ਪਲ ਰਣਬੀਰ ਵੱਲੋਂ ਵੈਲੇਨਟਾਈਨ ਡੇਅ ਮੌਕੇ ਆਲੀਆ ਤੇ ਰਾਹਾ ਨੂੰ ਸੁਨੇਹਾ ਭੇਜਿਆ ਜਾਣਾ ਸੀ। ਉਸ ਨੇ ਕਿਹਾ, ”ਸਾਰਿਆਂ ਨੂੰ ਵੈਲੇਨਟਾਈਨਜ਼ ਡੇਅ ਦੀਆਂ ਵਧਾਈਆਂ। ਸਭ ਤੋਂ ਪਹਿਲਾਂ ਮੈਂ ਆਪਣੇ ਦੋ ਅਜ਼ੀਜਾਂ ਮੇਰੀ ਪਤਨੀ ਆਲੀਆ ਅਤੇ ਮੇਰੀ ਖੂਬਸੂਰਤ ਧੀ ਰਾਹਾ, ਨੂੰ ਵੈਲੇਨਟਾਈਨਜ਼ ਡੇਅ ਦੀਆਂ ਸ਼ੁਭ ਇੱਛਾਵਾਂ ਦੇਣਾ ਚਾਹਾਂਗਾ।” ਰਣਬੀਰ ਵੱਲੋਂ ਦਿੱਤੇ ਇਸ ‘ਮੋਹ’ ਭਰੇ ਸੁਨੇਹੇ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਰਣਬੀਰ ਦੇ ਪ੍ਰਸੰਸਕਾਂ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਲੰਘੇ ਸਾਲ 6 ਨਵੰਬਰ ਨੂੰ ਆਲੀਆ ਤੇ ਰਣਬੀਰ ਦੇ ਘਰ ਉਨ੍ਹਾਂ ਦੀ ਧੀ ਰਾਹਾ ਪੈਦਾ ਹੋਈ ਸੀ। ਜੇਕਰ ਕੰਮ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਆਲੀਆ ਭੱਟ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿੱਚ ਰਣਵੀਰ ਸਿੰਘ, ਧਰਮਿੰਦਰ ਅਤੇ ਜਯਾ ਬੱਚਨ ਨਾਲ ਨਜ਼ਰ ਆਵੇਗੀ। ਕਰਨ ਜੌਹਰ ਇਸ ਫ਼ਿਲਮ ਦਾ ਨਿਰਦੇਸ਼ਕ ਹੈ। -ਏਐੱਨਆਈ