ਮੁੰਬਈ: ਅਦਾਕਾਰ ਚੰਦਨ ਕੇ ਆਨੰਦ ਨੇ ਆਪਣੀ ਨਵੀਂ ਨੈੱਟਫਲਿਕਸ ਰਿਲੀਜ਼ ‘ਕਲਾਸ’ ਨਾਲ ਨਾਮਣਾ ਖੱਟਿਆ ਹੈ। ਉਹ ਫਿਲਮ ‘ਫਾਈਟਰ’ ਵਿੱਚ ਵੀ ਨਜ਼ਰ ਆਵੇਗਾ ਜਿਸ ਵਿਚ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਨ ਅਤੇ ਅਨਿਲ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਹਨ ਤੇ ਇਹ ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਚੰਦਨ ਨੇ ਦੱਸਿਆ ਕਿ ਇਸ ਫਿਲਮ ਵਿੱਚ ਕੰਮ ਕਰਨ ਨਾਲ ਉਸ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ। ਉਸ ਨੇ ਕਿਹਾ, ‘ਜਦੋਂ ਮੈਂ ਜੰਮੂ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ, ਮੈਨੂੰ ਲੜਾਕੂ ਜਹਾਜ਼ਾਂ ਦਾ ਬਹੁਤ ਮੋਹ ਸੀ ਅਤੇ ਮੈਂ ਹਵਾਈ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਜ਼ਿੰਦਗੀ ਆਪਣਾ ਰਸਤਾ ਚੁਣ ਲੈਂਦੀ ਹੈ। ਮੈਂ ਅਦਾਕਾਰ ਬਣਨ ਲਈ ਕਾਲਜ ਦੇ ਦਿਨਾਂ ਵਿੱਚ ਥੀਏਟਰ ਕਰਨਾ ਸ਼ੁਰੂ ਕੀਤਾ ਅਤੇ ਫਿਰ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਾਲ 2004 ਵਿੱਚ ਮੁੰਬਈ ਪੁੱਜਿਆ। ਇਸ ਲਈ ਮੈਂ ਸਿਧਾਰਥ ਆਨੰਦ ਦਾ ਧੰਨਵਾਦੀ ਹਾਂ ਕਿ ਮੈਨੂੰ ‘ਫਾਈਟਰ’ ਵਿੱਚ ਲੜਾਕੂ ਜਹਾਜ਼ ਦੇ ਪਾਇਲਟ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। -ਆਈਏਐੱਨਐੱਸ