ਮੁੰਬਈ, 18 ਫਰਵਰੀ
ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਨਹੀਂ ਰਹੇ। ਉਹ 56 ਸਾਲ ਦੇ ਸਨ। ਸ਼ਾਹਨਵਾਜ਼ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਅਦਾਕਾਰ ਯਸ਼ਪਾਲ ਸ਼ਰਮਾ ਨੇ ਕੀਤੀ ਹੈ। ਯਸ਼ਪਾਲ ਨੇ ਦੱਸਿਆ ਕਿ ਸ਼ਾਹਨਵਾਜ਼ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਮੰਦਭਾਗੀ ਘਟਨਾ ਮੁੰਬਈ ਵਿੱਚ ਇੱਕ ਐਵਾਰਡ ਸਮਾਰੋਹ ਦੌਰਾਨ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਮੁੰਬਈ ਵਿੱਚ ਸਮਾਗਮ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕੇ। ਸ਼ਾਹਨਵਾਜ਼ ਪ੍ਰਧਾਨ 80 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਸਨ। ਆਪਣੇ ਕਰੀਅਰ ਵਿੱਚ ਸ਼ਾਹਨਵਾਜ਼ ਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਅਦਾਕਾਰੀ ਦਾ ਹੁਨਰ ਦਿਖਾਇਆ ਹੈ। ਪਿਛਲੇ ਸਮੇਂ ਵਿੱਚ ਸ਼ਾਹਨਵਾਜ਼ ਓਟੀਟੀ ਦੀ ਦੁਨੀਆ ਵਿੱਚ ਚੰਗਾ ਕੰਮ ਕਰ ਰਹੇ ਸਨ। ਐਮਾਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ’ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸ਼ਾਹਨਵਾਜ਼ ਨੇ ‘ਮਿਰਜ਼ਾਪੁਰ’ ਵਿੱਚ ਸਵੀਟੀ (ਸ਼੍ਰਿਆ ਪਿਲਗਾਂਵਕਰ) ਅਤੇ ਗੋਲੂ (ਸ਼ਵੇਤਾ) ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਸ਼ਾਹਨਵਾਜ਼ ਨੇ ਕੁਝ ਸਮਾਂ ਪਹਿਲਾਂ ‘ਮਿਰਜ਼ਾਪੁਰ 3’ ਦੀ ਸ਼ੂਟਿੰਗ ਪੂਰੀ ਕੀਤੀ ਸੀ।