12.4 C
Alba Iulia
Sunday, May 12, 2024

ਭਾਰਤੀ ਅਥਲੈਟਿਕਸ ਅੰਬਰ ਦਾ ਉੱਭਰਦਾ ਸਿਤਾਰਾ ਅਕਸ਼ਦੀਪ ਸਿੰਘ

Must Read


ਨਵਦੀਪ ਸਿੰਘ ਗਿੱਲ

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦੇ 23 ਵਰ੍ਹਿਆਂ ਦੇ ਅਕਸ਼ਦੀਪ ਸਿੰਘ ਨੇ ਅਥਲੈਟਿਕਸ ਦੇ ਖੇਤਰ ਵਿੱਚ ਵੱਡੀ ਉਡਾਣ ਭਰੀ ਹੈ। ਉਸ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ। ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲਾ ਉਹ ਪਹਿਲਾ ਭਾਰਤੀ ਅਥਲੀਟ ਹੈ ਜਦੋਂ ਕਿ ਸਾਰੀਆਂ ਖੇਡਾਂ ਨੂੰ ਮਿਲਾ ਕੇ ਉਹ ਚੌਥਾ ਭਾਰਤੀ ਖਿਡਾਰੀ ਹੈ। ਪੈਰਿਸ ਓਲੰਪਿਕਸ ਲਈ ਇਸ ਤੋਂ ਪਹਿਲਾਂ ਤਿੰਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਕੋਟਾ ਹਾਸਲ ਕੀਤਾ ਸੀ। ਰਾਂਚੀ (ਝਾਰਖੰਡ) ਵਿਖੇ 10ਵੇਂ ਇੰਡੀਅਨ ਓਪਨ ਰੇਸ ਵਾਕਿੰਗ ਮੁਕਾਬਲੇ ਵਿੱਚ ਅਕਸ਼ਦੀਪ ਸਿੰਘ ਨੇ ਇਹ ਪ੍ਰਾਪਤੀ ਕੀਤੀ। ਪੈਰਿਸ ਓਲੰਪਿਕ ਖੇਡਾਂ ਲਈ 20 ਕਿਲੋਮੀਟਰ ਪੈਦਲ ਤੋਰ ਵਿੱਚ ਕੁਆਲੀਫਾਈ ਵਾਸਤੇ 1.20.10 ਦਾ ਸਮਾਂ ਮਿੱਥਿਆ ਹੋਇਆ ਹੈ। ਅਕਸ਼ਦੀਪ ਸਿੰਘ ਦੀ ਬਿਹਤਰੀਨ ਸ਼ੁਰੂਆਤ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਭਾਰਤੀ ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ 1.28.50 ਦੇ ਸਮੇਂ ਨਾਲ ਓਲੰਪਿਕ ਕੋਟਾ ਹਾਸਲ ਕੀਤਾ। ਉਹ ਬਰਨਾਲਾ ਜ਼ਿਲ੍ਹੇ ਦਾ ਓਲੰਪੀਅਨ ਬਣਨ ਵਾਲਾ ਪਹਿਲਾ ਖਿਡਾਰੀ ਹੋਵੇਗਾ।

ਅਕਸ਼ਦੀਪ ਨੇ ਓਲੰਪਿਕਸ ਤੋਂ ਇਲਾਵਾ ਇਸ ਸਾਲ ਅਗਸਤ ਵਿੱਚ ਬੁਡਾਪੈਸਟ (ਹੰਗਰੀ) ਵਿਖੇ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਸਤੰਬਰ ਮਹੀਨੇ ਹੈਂਗਜ਼ੋ (ਚੀਨ) ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ। ਰੌਚਕ ਗੱਲ ਹੈ ਕਿ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਅਤੇ 2018 ਵਿੱਚ ਹੋਈਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਅਥਲੀਟਾਂ ਦੇ ਸਮੇਂ ਤੋਂ ਬਿਹਤਰੀਨ ਸਮਾਂ ਅਕਸ਼ਦੀਪ ਸਿੰਘ ਨੇ ਕੱਢਿਆ ਹੈ। ਅਕਸ਼ਦੀਪ ਸਿੰਘ ਤੋਂ ਹੁਣ ਤੋਂ ਹੀ ਆਉਣ ਵਾਲੇ ਡੇਢ ਸਾਲ ਵਿੱਚ ਹੋਣ ਵਾਲੇ ਤਿੰਨੋਂ ਵੱਡੇ ਮੁਕਾਬਲਿਆਂ ਲਈ ਵੱਡੀ ਪ੍ਰਾਪਤੀ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।

ਅਕਸ਼ਦੀਪ ਸਿੰਘ ਦੇ ਹੁਣ ਤੱਕ ਦੇ ਸਫ਼ਰ ਉਤੇ ਝਾਤ ਮਾਰੀਏ ਤਾਂ ਕਿਸੇ ਫਿਲਮੀ ਪਟਕਥਾ ਤੋਂ ਘੱਟ ਨਹੀਂ ਲੱਗ ਰਿਹਾ। ਦੋ ਏਕੜ ਜ਼ਮੀਨ ਦੀ ਮਾਲਕੀ ਵਾਲੇ ਛੋਟੇ ਕਿਸਾਨ ਗੁਰਜੰਟ ਸਿੰਘ ਦੇ ਘਰ ਮਾਤਾ ਰੁਪਿੰਦਰ ਕੌਰ ਦੇ ਦੋ ਬੇਟਿਆਂ ਵਿੱਚੋਂ ਵੱਡਾ ਅਕਸ਼ਦੀਪ ਸਿੰਘ ਜਦੋਂ 16 ਵਰ੍ਹਿਆਂ ਦੀ ਉਮਰੇ ਪਹਿਲੀ ਵਾਰ ਬਰਨਾਲਾ ਵਿਖੇ ਬਾਬਾ ਕਾਲਾ ਮਹਿਰ ਸਟੇਡੀਅਮ ਆਇਆ ਤਾਂ ਉਸ ਨੂੰ ਅਥਲੈਟਿਕਸ ਦੇ ਕਿਸੇ ਈਵੈਂਟ ਦਾ ਪਤਾ ਨਹੀਂ ਸੀ। ਉਸ ਨੇ ਕੋਚ ਜਸਪ੍ਰੀਤ ਸਿੱਘ ਜੱਸੂ ਨੂੰ ਇਹੋ ਆਖਿਆ ਕਿ ਉਹ ਦੌੜਨਾ ਚਾਹੁੰਦਾ ਹੈ। ਮੁੱਢਲੇ ਦੌਰ ਵਿੱਚ ਉਸ ਨੇ 800 ਤੇ 1500 ਮੀਟਰ ਦੌੜਾਂ ਵਿੱਚ ਹਿੱਸਾ ਲਿਆ। ਕੋਚ ਜਸਪ੍ਰੀਤ ਸਿੰਘ ਦੀ ਪਾਰਖੂ ਅੱਖ ਨੇ ਉਸ ਦੇ ਸਟੈਮਿਨਾ ਤੇ ਦੌੜਨ ਦੇ ਸਟਾਈਲ ਨੂੰ ਦੇਖ ਕੇ ਆਖਿਆ ਕਿ ਉਹ ਦੌੜਾਂ ਦੀ ਬਜਾਏ ਪੈਦਲ ਤੋਰ ਵਿੱਚ ਹਿੱਸਾ ਲਵੇ। ਉਸ ਸਮੇਂ ਅਕਸ਼ਦੀਪ ਸਿੰਘ ਨੂੰ ਪੈਦਲ ਤੋਰ ਬਾਰੇ ਵੀ ਪਤਾ ਨਹੀਂ ਸੀ। ਕੋਚ ਨੇ ਅਗਾਊਂ ਇਹ ਵੀ ਸਲਾਹ ਦਿੱਤੀ ਕਿ ਜੇਕਰ ਉਹ ਪੈਦਲ ਤੋਰ ਵਿੱਚ ਕੁਝ ਕਰਨਾ ਚਾਹੁੰਦਾ ਹੈ ਤਾਂ ਪਟਿਆਲਾ ਵਿਖੇ ਕੋਚ ਗੁਰਦੇਵ ਸਿੰਘ ਦੀ ਦੇਖ-ਰੇਖ ਹੇਠ ਅਭਿਆਸ ਕਰੇ। 2016 ਵਿੱਚ ਗੁਰਦੇਵ ਸਿੰਘ ਕੋਲ ਪਹਿਲੀ ਵਾਰ ਉਸ ਨੇ ਪੈਦਲ ਤੋਰ ਦਾ ਅਭਿਆਸ ਸ਼ੁਰੂ ਕੀਤਾ। ਥੋੜ੍ਹੇ ਸਮੇਂ ਬਾਅਦ ਉਹ ਇਸ ਖੇਡ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਅਤੇ ਪੱਕੇ ਤੌਰ ਉਤੇ ਇਸੇ ਵਿੱਚ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕਰ ਲਿਆ। ਸੜਕ ਉਤੇ ਉਹ 30 ਤੋਂ 40 ਕਿਲੋਮੀਟਰ ਤੱਕ ਤੁਰਨ ਦੀ ਪ੍ਰੈਕਟਿਸ ਕਰਦਾ। ਕੋਚ ਨੂੰ ਉਸ ਵਿੱਚ ਚੰਗੇ ਪੈਦਲ ਤੋਰ ਅਥਲੀਟ ਬਣਨ ਦੀ ਸਮਰੱਥਾ ਨਜ਼ਰ ਆਈ ਤਾਂ ਉਸ ਨੇ ਹੋਰ ਮਿਹਨਤ ਕਰਵਾਈ। ਬੰਗਲੌਰ ਵਿਖੇ ਭਾਰਤੀ ਟੀਮ ਦੇ ਕੈਂਪ ਵਿੱਚ ਅਕਸ਼ਦੀਪ ਨੇ ਰੂਸ ਦੀ ਪੈਦਲ ਤੋਰ ਦੀ ਓਲੰਪੀਅਨ ਅਥਲੀਟ ਤਾਤਿਆਨਾ ਸਿਬਿਲੇਵਾ ਦੀ ਨਿਗਰਾਨੀ ਹੇਠ ਪ੍ਰੈਕਟਿਸ ਕੀਤੀ ਤਾਂ ਉਸ ਦੀ ਖੇਡ ਵਿੱਚ ਹੋਰ ਨਿਖਾਰ ਆਇਆ।

ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰੀਏ ਤਾਂ ਅਕਸ਼ਦੀਪ ਨੇ ਪਹਿਲੀ ਵਾਰ 2017 ਵਿੱਚ ਜੂਨੀਅਰ ਨੈਸ਼ਨਲ ਅਤੇ ਆਲ ਇੰਡੀਆ ਇੰਟਰ ‘ਵਰਸਿਟੀ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਸਾਲ 2018 ਵਿੱਚ ਉਸ ਨੇ ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਜੂਨੀਅਰ ਨੈਸ਼ਨਲ ਵਿੱਚ 10 ਕਿਲੋਮੀਟਰ ਵਿੱਚ 40.47.81 ਸਮੇਂ ਨਾਲ ਨਵਾਂ ਜੂਨੀਅਰ ਨੈਸ਼ਨਲ ਰਿਕਾਰਡ ਬਣਾਇਆ। ਆਲ ਇੰਡੀਆ ਇੰਟਰ ‘ਵਰਸਿਟੀ ਵਿੱਚ ਵੀ ਸੋਨੇ ਦਾ ਤਗ਼ਮਾ ਜਿੱਤਿਆ। 2022 ਵਿੱਚ ਉਸ ਨੇ ਨਵੇਂ ਮੀਟ ਰਿਕਾਰਡ ਨਾਲ ਆਲ ਇੰਡੀਆ ਇੰਟਰ ‘ਵਰਸਿਟੀ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸੋਨੇ, ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਗੁਜਰਾਤ ਵਿਖੇ ਨੈਸ਼ਨਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹੁਣ ਉਸ ਨੇ ਰਾਂਚੀ ਵਿਖੇ ਨਵੇਂ ਨੈਸ਼ਨਲ ਰਿਕਾਰਡ ਨਾਲ ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਦਾ ਸੋਨੇ ਦਾ ਤਗ਼ਮਾ ਜਿੱਤਦਿਆਂ ਓਲੰਪਿਕਸ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ।

ਅਕਸ਼ਦੀਪ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਆਦਰਸ਼ ਸਕੂਲ ਤੋਂ ਹਾਸਲ ਕਰਕੇ ਬਾਰ੍ਹਵੀਂ ਕਿੰਗਜ਼ ਕਾਲਜ ਬਰਨਾਲਾ ਤੋਂ ਕੀਤੀ ਅਤੇ ਹੁਣ ਉਹ ਫਿਜ਼ੀਕਲ ਐਜੂਕੇਸ਼ਨ ਕਾਲਜ ਕਲਿਆਣ ਤੋਂ ਬੀ.ਪੀ.ਐੱਡ. ਕਰ ਰਿਹਾ ਹੈ। ਪਿਛਲੇ ਸਾਲ ਉਹ ਭਾਰਤੀ ਨੇਵੀ ਵਿੱਚ ਭਰਤੀ ਹੋ ਗਿਆ ਜਿੱਥੇ ਏਸ਼ੀਅਨ ਚੈਂਪੀਅਨ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਦੀ ਹੱਲਾਸ਼ੇਰੀ ਨਾਲ ਉਹ ਅੱਗੇ ਵਧ ਰਿਹਾ ਹੈ। ਪੈਰਿਸ ਵਿਖੇ ਉਹ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਓਲੰਪੀਅਨ ਹੋਵੇਗਾ। ਬਰਨਾਲਾ ਜ਼ਿਲ੍ਹੇ ਨੇ ਕਈ ਖਿਡਾਰੀ ਪੈਦਾ ਕੀਤੇ ਹਨ, ਪਰ ਕਿਸੇ ਨੂੰ ਵੀ ਓਲੰਪਿਕਸ ਤੱਕ ਪੁੱਜਣ ਦਾ ਮੌਕਾ ਨਹੀਂ ਮਿਲਿਆ।
ਸੰਪਰਕ: 97800-36216



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -