ਮੁੰਬਈ: ਅਦਾਕਾਰਾ ਆਦਿਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਨਵੀਂ ਸੀਰੀਜ਼ ‘ਤਾਜ: ਡਿਵਾਈਡਿਡ ਬਾਏ ਬਲੱਡ’ ਵਿੱਚ ‘ਅਨਾਰਕਲੀ’ ਦਾ ਮਿਸਾਲੀ ਕਿਰਦਾਰ ਨਿਭਾਉਣ ਦਾ ਕੋਈ ਡਰ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਮਹਾਨ ਅਦਾਕਾਰਾ ਮਧੂਬਾਲਾ ਨਾਲ ਆਪਣੀ ਤੁਲਨਾ ਹੋਣ ਦੀ ਸੰਭਾਵਨਾ ਤੋਂ ਜਾਣੂ ਸੀ। ਜ਼ੀ5 ਦੇ ਇਸ ਸ਼ੋਅ ਦਾ ਟਰੇਲਰ ਲਾਂਚ ਕਰਨ ਮੌਕੇ ਅਦਾਕਾਰਾ ਨੇ ਕਿਹਾ ਕਿ ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੂੰ 1960 ਵਿੱਚ ਰਿਲੀਜ਼ ਹੋਈ ‘ਮੁਗ਼ਲ-ਏ-ਆਜ਼ਮ’ ਵਿੱਚ ਮਧੂਬਾਲਾ ਵੱਲੋਂ ਨਿਭਾਏ ਕਿਰਦਾਰ ਨੂੰ ਮੁੜ ਨਿਭਾਉਣ ਦਾ ਮੌਕਾ ਮਿਲਿਆ।’ ਅਦਾਕਾਰਾ ਨੇ ਕਿਹਾ, ‘ਇਸ ਮਿਸਾਲੀ ਕਿਰਦਾਰ ਨੂੰ ਨਿਭਾਉਣ ਨਾਲ ਹੋਣ ਵਾਲੀ ਤੁਲਨਾ ਤੋਂ ਡਰਨ ਦੀ ਥਾਂ ਮੈਂ ਉਨ੍ਹਾਂ ਵੱਲੋਂ ਬਾਕਮਾਲ ਢੰਗ ਨਾਲ ਨਿਭਾਏ ਅਨਾਰਕਲੀ ਦੇ ਕਿਰਦਾਰ ਤੋਂ ਪ੍ਰੇਰਣਾ ਲਈ ਹੈ। ਮੈਂ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਇਸ ਕਿਰਦਾਰ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਨਿਭਾਉਣ ਦਾ ਯਤਨ ਕੀਤਾ ਹੈ।’ ਇਸ ਸੀਰੀਜ਼ ਵਿੱਚ ਨਸੀਰੂਦੀਨ ਸ਼ਾਹ (ਬਾਦਸ਼ਾਹ ਅਕਬਰ), ਆਸ਼ਿਮ ਗੁਲਾਟੀ (ਸਲੀਮ), ਸੰਧਿਆ ਮ੍ਰਿਦੁਲ (ਜੋਧਾ ਬਾਈ) ਤੇ ਧਰਮੇਂਦਰ (ਸ਼ੇਖ ਸਲੀਮ ਚਿਸ਼ਤੀ) ਵੀ ਦਿਖਾਈ ਦੇਣਗੇ। -ਪੀਟੀਆਈ