ਮੁੰਬਈ: ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਤੇ ਨੈੱਟਫਲਿਕਸ ਦੇ ਸਹਿ-ਸੀਓ ਟੈੱਡ ਸਾਰਾਂਡੋਸ ਨੇ ਅੱਜ ਆਪਣੀ ਪਹਿਲੀ ਡਰਾਮਾ ਸੀਰੀਜ਼ ‘ਹੀਰਾਮੰਡੀ’ ਦੀ ਪਹਿਲੀ ਝਲਕ ਸਾਂਝੀ ਕੀਤੀ। ਇਸ ਸੀਰੀਜ਼ ਵਿੱਚ ਅਦਾਕਾਰਾ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸ਼ਰਮਿਨ ਸੈਗਲ ਤੇ ਸੰਜੀਦਾ ਸ਼ੇਖ ਦਿਖਾਈ ਦੇਣਗੇ। ਨਿਰਮਾਤਾਵਾਂ ਵੱਲੋਂ ਸਾਂਝੀ ਕੀਤੀ ਗਈ ਪਹਿਲੀ ਝਲਕ ਵਿੱਚ ਸਾਰੀਆਂ ਅਦਾਕਾਰਾਂ ਇੱਕੋ ਜਿਹੀਆਂ ਪੁਸ਼ਾਕਾਂ ਵਿੱਚ ਦਿਖਾਈ ਦੇ ਰਹੀਆਂ ਹਨ। ਸਾਂਝੇ ਕੀਤੇ ਗਏ ਇੱਕ ਹੋਰ ਟੀਜ਼ਰ ਵਿੱਚ ਸਾਰੀਆਂ ਮਹਿਲਾਵਾਂ ਨੇ ਕਾਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਹਨ। ਇਸ ਸੀਰੀਜ਼ ਵਿੱਚ ਹੀਰਾਮੰਡੀ ਦੀ ਸੱਭਿਆਚਾਰਕ ਝਲਕ ਬਿਆਨੀ ਗਈ ਹੈ, ਜਿੱਥੇ 1940 ਵਿੱਚ ਆਜ਼ਾਦੀ ਦੀ ਲੜਾਈ ‘ਚ ਭਾਗ ਲੈਣ ਵਾਲੀਆਂ ਵੇਸਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਬਹਾਦੁਰੀ ਦੀ ਕਹਾਣੀ ਦੱਸੀ ਗਈ ਹੈ। ਇਸ ਸੀਰੀਜ਼ ਵਿੱਚ ਕੋਠਿਆਂ ‘ਤੇ ਵਾਪਰਦੇ ਪਿਆਰ, ਧੋਖਾ ਤੇ ਸਿਆਸਤ ਦੇ ਕਈ ਰੰਗ ਉਭਰਦੇ ਹਨ। ਇਸ ਸੀਰੀਜ਼ ਦੀ ਕਹਾਣੀ ਵੀ ਭੰਸਾਲੀ ਦੀਆਂ ਵਿਸ਼ਾਲ ਦ੍ਰਿਸ਼ਾਂ ਵਾਲੀਆਂ ਫਿਲਮਾਂ ਵਾਂਗ ਪ੍ਰਭਾਵਸ਼ਾਲੀ ਕੈਨਵਸ ‘ਤੇ ਸਿਰਜੀ ਗਈ ਹੈ। -ਏਐੱਨਆਈ