ਲੰਡਨ: ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ (ਬਾਫਟਾ) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਇਸ ਵਾਰ ਜਰਮਨੀ ਦੀ ਫਿਲਮ ‘ਆਲ ਕੁਆਇਟ ਆਨ ਦਿ ਵੈਸਟਰਨ ਫਰੰਟ’ ਨੂੰ ਸਰਬੋਤਮ ਫਿਲਮ ਅਤੇ ਸਰਬੋਤਮ ਨਿਰਦੇਸ਼ਕ ਸਣੇ ਕੁਲ ਸੱਤ ਐਵਾਰਡ ਹਾਸਲ ਹੋਏ ਹਨ। ਇਸ ਤੋਂ ਇਲਾਵਾ ਆਇਰਿਸ਼ ਫਿਲਮ ‘ਦਿ ਬੈਨਸ਼ੀਜ਼ ਆਫ ਇਨੀਸ਼ੇਰਿਨ’ ਅਤੇ ਰੌਕ ਸਟਾਰ ਐਲਵਿਸ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਐਲਵਿਸ’ ਨੂੰ ਚਾਰ-ਚਾਰ ਐਵਾਰਡ ਹਾਸਲ ਹੋਏ ਹਨ। ਲੰਡਨ ਦੇ ਰੌਇਲ ਫੈਸਟੀਵਲ ਹਾਲ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਮੇਜ਼ਬਾਨੀ ਰਿਚਰਡ ਈ ਗ੍ਰਾਂਟ ਵੱਲੋਂ ਕੀਤੀ ਗਈ। ਇਸ ਐਵਾਰਡ ਸਮਾਗਮ ਦੌਰਾਨ ਸਰਬੋਤਮ ਫਿਲਮ ਦਾ ਖਿਤਾਬ ਜਿੱਤਣ ਵਾਲੀ ‘ਆਲ ਕੁਆਇਟ ਆਨ ਦਿ ਵੈਸਟਰਨ ਫਰੰਟ’ ਦਾ ਨਿਰਦੇਸ਼ਨ ਐਡਵਰਡ ਬਰਗਰ ਨੇ ਕੀਤਾ ਹੈ। ਇਹ ਫਿਲਮ 1929 ਵਿੱਚ ਇਸੇ ਨਾਂ ਹੇਠ ਆਏ ਇੱਕ ਨਾਵਲ ‘ਤੇ ਆਧਾਰਿਤ ਹੈ, ਜਿਸ ਵਿੱਚ ਜੰਗ ਦਾ ਵਿਰੋਧ ਕੀਤਾ ਗਿਆ ਹੈ। ਬਾਫਟਾ ਲਈ ਇਸ ਫਿਲਮ ਨੂੰ 14 ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਫਿਲਮ ਲਈ ਐਡਵਰਡ ਬਰਗਰ ਨੂੰ ਸਰਬੋਤਮ ਨਿਰਦੇਸ਼ਕ ਦਾ ਐਵਾਰਡ ਵੀ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ‘ਦਿ ਬੈਨਸ਼ੀਜ਼ ਆਫ ਇਨੀਸ਼ੇਰਿਨ’ ਲਈ ਮਾਰਟਿਨ ਮੈਕਡੌਨਗ ਨੂੰ ਸਰਬੋਤਮ ਸਕਰੀਨਪਲੇਅ ਦਾ ਐਵਾਰਡ ਵੀ ਹਾਸਲ ਹੋਇਆ ਹੈ। -ਪੀਟੀਆਈ
ਭਾਰਤ ਦੀ ‘ਆਲ ਦੈਟ ਬ੍ਰੀਦਜ਼’ ਨੂੰ ਨਹੀਂ ਮਿਲਿਆ ਕੋਈ ਐਵਾਰਡ
ਵਾਤਾਵਰਨ ਵਿੱਚ ਆਉਣ ਵਾਲੀਆਂ ਤਬਦੀਲੀਆਂ ‘ਤੇ ਆਧਾਰਿਤ ਭਾਰਤੀ ਦਸਤਾਵੇਜ਼ੀ ‘ਆਲ ਦੈਟ ਬ੍ਰੀਦਜ਼’ ਨੂੰ ਕੋਈ ਐਵਾਰਡ ਨਹੀਂ ਮਿਲ ਸਕਿਆ ਹੈ। ਇਸ ਵਰਗ ਵਿੱਚ ‘ਨਵਾਲਨੀ’ ਨੇ ਸਰਬੋਤਮ ਦਸਤਾਵੇਜ਼ੀ ਦਾ ਖਿਤਾਬ ਹਾਸਲ ਕੀਤਾ ਹੈ। ਡੈਨੀਅਲ ਰੋਹਰ ਵੱਲੋਂ ਨਿਰਦੇਸ਼ਿਤ ਇਸ ਦਸਤਾਵੇਜ਼ੀ ਵਿੱਚ 2020 ਵਿੱਚ ਰੂਸ ‘ਚ ਵਿਰੋਧੀ ਧਿਰ ਦੇ ਨੇਤਾ ਅਲੈਕੇਸੀ ਨਵਾਲਨੀ ‘ਤੇ ਹੋਏ ਜਾਨਲੇਵਾ ਹਮਲੇ ਦੀ ਕਹਾਣੀ ਬਿਆਨੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੌਨਕ ਸੇਨ ਵੱਲੋਂ ਨਿਰਦੇਸ਼ਿਤ ‘ਆਲ ਦੈਟ ਬ੍ਰੀਦਜ਼’ ਨੂੰ ਇਸ ਐਵਾਰਡ ਲਈ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਗਿਣਿਆ ਜਾ ਰਿਹਾ ਸੀ।