ਨਵੀਂ ਦਿੱਲੀ: ਆਯੂੁਸ਼ਮਨ ਖੁਰਾਣਾ ਨੇ ਹਿੰਦੀ ਸਿਨੇ ਜਗਤ ਦੇ ਆਪਣੇ ਸਫ਼ਰ ਦੌਰਾਨ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ। ਅਦਾਕਾਰ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੇ ਆਪਣੇ ਪ੍ਰਾਜੈਕਟਾਂ ਦੀ ਚੋਣ ਕੀਤੀ ਅਤੇ ਕਿਸ ਚੀਜ਼ ਨੇ ਉਸ ਨੂੰ ਇੱਕ ਸਕ੍ਰਿਪਟ ਲਈ ਨਾਂਹ ਕਰਵਾਈ। ਪ੍ਰਾਜੈਕਟ ਨਾਮਨਜ਼ੂਰ ਕਰਨ ਬਾਰੇ ਗੱਲ ਕਰਦਿਆਂ ਆਯੂਸ਼ਮਨ ਨੇ ਦੱਸਿਆ, ”ਕੋਈ ਵੀ ਚੀਜ਼, ਜੋ ਦੁਨਿਆਵੀ, ਆਮ ਜਾਂ ਮੌਤ ਵੱਲ ਲਿਜਾਣ ਵਾਲੀ ਹੋਵੇ ਜਾਂ ਕੋਈ ਚੀਜ਼ ਜੋ ਅਗਾਂਹਵਧੂ ਨਾ ਹੋਵੇ, ਉਸ ਲਈ ਕੋਰੀ ਨਾਂਹ ਹੈ। ਆਯੂਸ਼ਮਨ ਨੇ ਸਾਲ 2012 ਵਿੱਚ ‘ਵਿੱਕੀ ਡੋਨਰ’ ਨਾਲ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਮਸ਼ਹੂਰ ਫਿਲਮਾਂ ਜਿਵੇਂ ‘ਦਮ ਲਗਾ ਕੇ ਹਈਸ਼ਾ’, ‘ਸ਼ੁਭ ਮੰਗਲ ਸਾਵਧਾਨ’, ‘ਬਰੇਲੀ ਕੀ ਬਰਫ਼ੀ’, ‘ਅੰਧਾਧੁਨ’, ‘ਬਧਾਈ ਹੋ’, ‘ਆਰਟੀਕਲ 15’, ‘ਬਾਲਾ’, ‘ਡਰੀਮ ਗਰਲ’ ਅਤੇ ‘ਚੰਡੀਗੜ੍ਹ ਕਰੇ ਆਸ਼ਕੀ’ ਦਾ ਹਿੱਸਾ ਬਣਿਆ। ਉਸ ਨੇ ਕਿਹਾ ਕਿ ਜਦ ਉਹ ਕਿਸੇ ਫਿਲਮ ਦੀ ਚੋਣ ਕਰਦਾ ਹੈ ਤਾਂ ਉਹ ਕਹਾਣੀ ਦੇਖਦਾ ਹੈ, ਕਿਰਦਾਰ ਨਹੀਂ। ਉਸ ਨੇ ਕਿਹਾ, ”ਕਿਰਦਾਰ ਤੋਂ ਵੱਧ ਮੈਂ ਕਹਾਣੀ ਵੱਲ ਧਿਆਨ ਦਿੰਦਾ ਹਾਂ। ਕਹਾਣੀ ਵਿੱਚ ਇੱਕ ਨਵਾਂ ਵਿਚਾਰ ਹੋਣਾ ਚਾਹੀਦਾ ਹੈ, ਇੱਕ ਅਜਿਹਾ ਵਿਸ਼ਾ ਜਿਸ ਤੋਂ ਹਿੰਦੀ ਸਿਨੇਮਾ ਅਣਜਾਣ ਹੈ ਅਤੇ ਇਹ ਦਰਸ਼ਕਾਂ ਨੂੰ ਦੋ ਘੰਟੇ ਤੱਕ ਬੰਨ੍ਹ ਕੇ ਰੱਖੇ ਅਤੇ ਇਸ ਵਿੱਚ ਕਹਿਣ ਲਈ ਕੁਝ ਹੋਣਾ ਚਾਹੀਦਾ ਹੈ। ਕਹਾਣੀ ਦਾ ਅੰਤ ਦਮਦਾਰ ਹੋਣਾ ਚਾਹੀਦਾ ਹੈ।” ਆਯੂਸ਼ਮਨ ਦੀ ਆਉਣ ਵਾਲੀਆਂ ਫਿਲਮਾਂ ਵਿੱਚ ‘ਅਨੇਕ’, ‘ਡਾਕਟਰ ਜੀ’ ਅਤੇ ‘ਐਕਸ਼ਨ ਹੀਰੋ’ ਸ਼ਾਮਲ ਹਨ। -ਆਈਏਐੱਨਐੱਸ