12.4 C
Alba Iulia
Saturday, May 4, 2024

ਪੰਜਾਬੀ ਆਰਟ ਸਿਨਮਾ: ਸਮਰੱਥਾ ਤੇ ਸੰੰਭਾਵਨਾਵਾਂ

Must Read


ਅੰਗਰੇਜ ਸਿੰਘ ਵਿਰਦੀ

ਕਮਰਸ਼ੀਅਲ ਭਾਰਤੀ ਸਿਨਮਾ ਦੇ ਨਾਲ ਨਾਲ ਭਾਰਤ ਵਿੱਚ ਆਰਟ ਸਿਨਮਾ ਦਾ ਵੀ ਆਪਣਾ ਵਿਲੱਖਣ ਸਥਾਨ ਰਿਹਾ ਹੈ। ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਬਹੁਤ ਸਾਰੀਆਂ ਕਲਾ ਫਿਲਮਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ ਹੈ।

ਜੇਕਰ ਪੰਜਾਬੀ ਸਿਨਮਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਆਰਟ ਫਿਲਮਾਂ ਬਣ ਰਹੀਆਂ ਹਨ। ਫਿਲਮ ‘ਮੜ੍ਹੀ ਦਾ ਦੀਵਾ’, ‘ਚੰਨ ਪ੍ਰਦੇਸੀ’, ‘ਦੀਵਾ ਬਲੇ ਸਾਰੀ ਰਾਤ’, ‘ਲੌਂਗ ਦਾ ਲਿਸ਼ਕਾਰਾ’, ‘ਚੰਮ’, ‘ਨਾਬਰ’, ‘ਅੰਨ੍ਹੇ ਘੋੜੇ ਦਾ ਦਾਨ’, ‘ਅੱਧ ਚਾਨਣੀ ਰਾਤ’, ‘ਕਿੱਸਾ’, ‘ਗੇਲੋ’, ‘ਕੁਦੇਸਣ’, ‘ਜ਼ੋਰਾ ਦਸ ਨੰਬਰੀਆ’, ‘ਚੌਥੀ ਕੂਟ’, ‘ਜਮਰੌਦ’, ‘ਬਾਗੀ ਦੀ ਧੀ’ ਅਤੇ ਹਾਲ ਹੀ ਵਿੱਚ ਪ੍ਰਦਰਸ਼ਿਤ ਹੋਈ ਫਿਲਮ ‘ਰੇਜ਼ ਰੋਡ 290’ ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦਾ ਸ਼ੁਮਾਰ ਪੰਜਾਬੀ ਆਰਟ ਫਿਲਮਾਂ ਦੀਆਂ ਅਵੱਲ ਫਿਲਮਾਂ ਵਿੱਚ ਕੀਤਾ ਜਾ ਸਕਦਾ ਹੈ। ਪੰਜਾਬੀ ਆਰਟ ਫਿਲਮਾਂ ਵਿਸ਼ੇ ਪੱਖੋਂ ਪੰਜਾਬੀ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ, ਪੰਜਾਬੀ ਲੋਕਾਂ ਦੇ ਜੀਵਨ, ਉਨ੍ਹਾਂ ਦੇ ਰਹਿਣ ਸਹਿਣ, ਪੰਜਾਬ ਦੇ ਇਤਿਹਾਸ ਅਤੇ ਸਾਹਿਤ ਦੀ ਖ਼ੂਬਸੂਰਤ ਅੱਕਾਸੀ ਕਰਦੀਆਂ ਨਜ਼ਰੀ ਆਉਂਦੀਆਂ ਹਨ। ਬੇਸ਼ੱਕ ਅੱਜ ਵੀ ਕਮਰਸ਼ੀਅਲ ਪੰਜਾਬੀ ਸਿਨਮਾ ਪੰਜਾਬ ਦੇ ਇੱਕ ਖ਼ਾਸ ਉੱਚ ਵਰਗ ਦੇ ਇਰਦ ਗਿਰਦ ਹੀ ਘੁੰਮਦਾ ਨਜ਼ਰ ਆਉਂਦਾ ਹੈ, ਪਰ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਪੱਖੋਂ ਨੀਵੇਂ ਵਰਗ ਦੇ ਲੋਕਾਂ ਦੀ ਗੱਲ ਪੰਜਾਬੀ ਆਰਟ ਸਿਨਮਾ ਬਾਖੂਬੀ ਕਰ ਰਿਹਾ ਹੈ। ਫਿਲਮ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੰਮ’ ਜਿਹੀਆਂ ਫਿਲਮਾਂ ਪੰਜਾਬ ਦੇ ਹਾਸ਼ੀਏ ‘ਤੇ ਰਹਿਣ ਵਾਲੇ ਨਿਮਨ ਵਰਗ ਦੇ ਲੋਕਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ। ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਯਥਾਰਥ ਚਿਤਰਨ ਕਰਦੀਆਂ ਨਜ਼ਰੀ ਆਉਂਦੀਆਂ ਹਨ। ਮੌਜੂਦਾ ਦੌਰ ਵਿੱਚ ਪੰਜਾਬੀ ਸਿਨਮਾ ਵਿੱਚ ਬਹੁਤ ਸਾਰੇ ਨਿਰਦੇਸ਼ਕ ਅਜਿਹੇ ਹਨ ਜਿਨ੍ਹਾਂ ਨੂੰ ਵਿਸ਼ਵ ਸਿਨਮਾ ਦੀ ਪੂਰੀ ਸਮਝ ਹੈ ਤੇ ਉਹ ਪੰਜਾਬੀ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸਿਨਮਾ ਦੀ ਸੂਖਮ ਅੱਖ ਰਾਹੀਂ ਬਾਖੂਬੀ ਪੇਸ਼ ਕਰਨ ਦਾ ਮਾਦਾ ਰੱਖਦੇ ਹਨ। ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ ਪੰਜਾਬੀ ਆਰਟ ਸਿਨਮਾ ਦਾ ਜ਼ਿੰਦਾ ਰਹਿਣਾ ਬੇਹੱਦ ਜ਼ਰੂਰੀ ਹੈ।

ਬਿਹਤਰੀਨ ਪੰਜਾਬੀ ਆਰਟ ਫਿਲਮਾਂ ਵਿੱਚ ਸਭ ਤੋਂ ਪਹਿਲਾਂ ਜਿਸ ਫਿਲਮ ਦਾ ਜ਼ਿਕਰ ਕਰਨਾ ਬਣਦਾ ਹੈ ਉਹ ਹੈ ‘ਮੜ੍ਹੀ ਦਾ ਦੀਵਾ’। ਇਹ ਅਜਿਹੀ ਫਿਲਮ ਹੈ ਜਿਸ ਨੂੰ ਪੰਜਾਬੀ ਦੀ ਪਹਿਲੀ ਸੰਪੂਰਨ ਆਰਟ ਫਿਲਮ ਹੋਣ ਦਾ ਫ਼ਖਰ ਹਾਸਲ ਹੈ। ਨੈਸ਼ਨਲ ਐਵਾਰਡ ਨਾਲ ਸਨਮਾਨਿਤ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦੇ ਮਸ਼ਹੂਰ ਪੰਜਾਬੀ ਨਾਵਲ ‘ਮੜ੍ਹੀ ਦਾ ਦੀਵਾ’ ‘ਤੇ ਆਧਾਰਿਤ ਅਤੇ ਐੱਨ.ਐੱਫ ਡੀ.ਸੀ. ਦੁਆਰਾ ਬਣਾਈ ਗਈ ਸੁਰਿੰਦਰ ਸਿੰਘ ਵੱਲੋਂ ਨਿਰਦੇਸ਼ਤ ਇਹ ਫਿਲਮ ਜਿੱਥੇ ਆਪਣੇ ਵਿਸ਼ਾ ਵਸਤੂ ਨੂੰ ਲੈ ਕੇ ਚਰਚਿਤ ਹੋਈ, ਉੱਥੇ ਫਿਲਮ ਵਿਚਲੇ ਕਿਰਦਾਰਾਂ ਨੂੰ ਪਰਦੇ ‘ਤੇ ਸਜੀਵ ਕਰਨ ਲਈ ਫਿਲਮ ਦੇ ਪ੍ਰਮੁੱਖ ਅਦਾਕਾਰਾਂ ਜਿਨ੍ਹਾਂ ਵਿੱਚ ਰਾਜ ਬੱਬਰ, ਦੀਪਤੀ ਨਵਲ, ਪੰਕਜ ਕਪੂਰ ਅਤੇ ਪ੍ਰੀਕਸ਼ਤ ਸਾਹਨੀ ਦੇ ਬਿਹਤਰੀਨ ਅਭਿਨੈ ਨੇ ਵੀ ਫਿਲਮ ਨੂੰ ਵਧੀਆ ਕਲਾਤਮਕ ਫਿਲਮ ਬਣਾਉਣ ਵਿੱਚ ਆਪਣਾ ਭਰਭੂਰ ਯੋਗਦਾਨ ਪਾਇਆ। ਇਹ ਫਿਲਮ ਪੰਜਾਬੀ ਆਰਟ ਸਿਨਮਾ ਵਿੱਚ ਮੀਲ ਪੱਥਰ ਦੀ ਤਰ੍ਹਾਂ ਹੈ।

ਦੂਜੀ ਸਭ ਤੋਂ ਵੱਧ ਚਰਚਿਤ ਹੋਈ ਆਰਟ ਫਿਲਮ ਹੈ ‘ਅੰਨ੍ਹੇ ਘੋੜੇ ਦਾ ਦਾਨ’। ਨਾਵਲਕਾਰ ਗੁਰਦਿਆਲ ਸਿੰਘ ਦੇ ਹੀ ਇੱਕ ਹੋਰ ਮਸ਼ਹੂਰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਬਣੀ ਇਸ ਫਿਲਮ ਨੇ ਨੈਸ਼ਨਲ ਐਵਾਰਡ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਕਈ ਇਨਾਮ ਪੰਜਾਬੀ ਸਿਨਮਾ ਦੀ ਝੋਲੀ ਪਾਏ। ਦੁਨੀਆ ਭਰ ਵਿੱਚ ਲੱਗਣ ਵਾਲੇ ਫਿਲਮ ਫੈਸਟੀਵਲਾਂ ਵਿੱਚ ਬੇਹੱਦ ਸਲਾਹੀ ਜਾਣ ਵਾਲੀ ਇਸ ਫਿਲਮ ਨੇ ਨਵੇ ਕੀਰਤੀਮਾਨ ਸਥਾਪਿਤ ਕੀਤੇ। ਪੰਜਾਬ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ, ਮਿੱਥਾਂ ਵਿੱਚ ਗ੍ਰਸੇ ਉਨ੍ਹਾਂ ਲੋਕਾਂ ਦੇ ਦੁੱਖਾਂ, ਮਜਬੂਰੀਆਂ ਨੂੰ ਫਿਲਮ ਰਾਹੀਂ ਯਥਾਰਥਕ ਅਤੇ ਕਲਾਤਮਕ ਢੰਗ ਨਾਲ ਦਿਖਾਇਆ ਗਿਆ। ਮਾਲਵੇ ਦੇ ਕਿਰਤੀ ਅਤੇ ਨਿਮਨ ਵਰਗ ਦੇ ਲੋਕਾਂ ਦੇ ਜੀਵਨ ਨੂੰ ਦਰਸਾਉਂਦੀ ਇਸ ਫਿਲਮ ਵਿੱਚ ਪੇਂਡੂ ਅਤੇ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬਾਂ ਦੇ ਰਹਿਣ ਸਹਿਣ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਦੇਖਣ ਵਾਲਾ ਇਸ ਨੂੰ ਹਕੀਕਤ ਵਿੱਚ ਦੇਖਣਾ ਹੀ ਮਹਿਸੂਸ ਕਰਦਾ ਹੈ। ਪੰਜਾਬੀ ਆਰਟ ਸਿਨਮਾ ਨੂੰ ਸਮਰਪਿਤ ਨਿਰਦੇਸ਼ਕ ਗੁਰਵਿੰਦਰ ਸਿੰਘ ਦੁਆਰਾ ਨਿਰਦੇਸ਼ਤ ਅਤੇ ਐੱਨ.ਐੱਫ.ਡੀ.ਸੀ. ਵੱਲੋਂ ਨਿਰਮਤ ਇਸ ਫਿਲਮ ਨੂੰ 2011 ਵਿੱਚ ਬੈਸਟ ਨਿਰਦੇਸ਼ਕ, ਬੈਸਟ ਸਿਨਮੈਟੋਗ੍ਰਾਫੀ ਅਤੇ ਬੈਸਟ ਫਿਲਮ ਦਾ ਰਾਸ਼ਟਰੀ ਐਵਾਰਡ ਹਾਸਲ ਹੋਇਆ ਸੀ।

ਜਰਮਨੀ ਅਤੇ ਭਾਰਤ ਦੇ ਸਾਂਝੇ ਸਹਿਯੋਗ ਨਾਲ ਬਣੀ ਪੰਜਾਬੀ ਆਰਟ ਫਿਲਮ ‘ਕਿੱਸਾ ਦਿ ਟੇਲ ਆਫ ਏ ਲੋਨਲੀ ਗੋਸਟ’ ਦੀ ਵੀ ਕਾਫ਼ੀ ਚਰਚਾ ਹੋਈ। 2013 ਵਿੱਚ ਬਣੀ ਇਸ ਫਿਲਮ ਵਿੱਚ ਅਦਾਕਾਰ ਇਰਫ਼ਾਨ ਖਾਨ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ। ਪੰਜਾਬੀ ਆਰਟ ਫਿਲਮਾਂ ਦੀ ਸ਼੍ਰੇਣੀ ਵਿੱਚ ਇਸ ਫਿਲਮ ਦਾ ਆਪਣਾ ਇੱਕ ਅਲੱਗ ਸਥਾਨ ਹੈ। ਮਨੁੱਖੀ ਖਾਹਿਸ਼ਾਂ, ਭਾਵਨਾਵਾਂ ਅਤੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬਾਰੀਕੀ ਨਾਲ ਪੇਸ਼ ਕਰਦੀ ਇਸ ਫਿਲਮ ਵਿੱਚ ਅਦਾਕਾਰਾਂ ਦੀ ਬੇਮਿਸਾਲ ਅਦਾਕਾਰੀ ਹਰ ਦੇਖਣ ਵਾਲੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ। ਫਿਲਮ ਵਿੱਚ 1947 ਦੀ ਵੰਡ ਦੇ ਸੰਤਾਪ ਨੂੰ ਹੰਢਾ ਚੁੱਕੇ ਇੱਕ ਅਜਿਹੇ ਇਨਸਾਨ ਅੰਬਰ ਸਿੰਘ (ਇਰਫ਼ਾਨ ਖਾ) ਦੀ ਕਹਾਣੀ ਦਿਖਾਈ ਗਈ ਹੈ ਜਿਸ ਦੀ ਇਹ ਖਾਹਿਸ਼ ਹੈ ਕਿ ਉਸ ਦੇ ਘਰ ਉਸ ਦੇ ਵੰਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਇੱਕ ਪੁੱਤਰ ਹੋਣਾ ਚਾਹੀਦਾ ਹੈ, ਪਰ ਜਦੋਂ ਉਸ ਦੀ ਇਹ ਖਾਹਿਸ਼ ਪੂਰੀ ਨਹੀਂ ਹੁੰਦੀ ਤਾਂ ਉਹ ਕੀ ਕੁਝ ਕਰ ਜਾਂਦਾ ਹੈ, ਉਸ ਜਨੂੰਨ ਨੂੰ ਹੀ ਇਸ ਫਿਲਮ ਵਿੱਚ ਬਿਆਨ ਕੀਤਾ ਗਿਆ ਹੈ। ਮੌਤ ਤੋਂ ਬਾਅਦ ਵੀ ਉਸ ਦੀ ਰੂਹ ਆਪਣੀ ਅਧੂਰੀ ਖਾਹਿਸ਼ ਨੂੰ ਪੂਰਾ ਕਰਨ ਲਈ ਭਟਕਦੀ ਰਹਿੰਦੀ ਹੈ। ਉਸ ਦੀ ਪੁੱਤਰ ਪ੍ਰਾਪਤੀ ਦੀ ਜ਼ਿੱਦ ਉਸ ਦੀ ਚੌਥੀ ਸਭ ਤੋਂ ਛੋਟੀ ਕੁੜੀ ਨੂੰ ਮੁੰਡੇ ਕੰਵਰ ਸਿੰਘ (ਅਦਾਕਾਰਾ ਤਿਲੋਤਮਾ ਸੋਮੇ) ਦਾ ਜੀਵਨ ਜਿਊਣ ਲਈ ਮਜਬੂਰ ਕਰਦੀ ਹੈ। ਫਿਰ ਉਹ ਆਪਣੀ ਪੁੱਤਰ ਬਣਾਈ ਕੁੜੀ ਦਾ ਵਿਆਹ ਵੀ ਇੱਕ ਕੁੜੀ ਨੀਲੀ (ਅਦਾਕਾਰਾ ਰਸਿਕਾ ਦੁੱਗਲ) ਨਾਲ ਕਰਕੇ ਦੋ ਜ਼ਿੰਦਗੀਆਂ ਨੂੰ ਖਰਾਬ ਕਰ ਦਿੰਦਾ ਹੈ। ਪਰਵਾਸ ਲਈ ਕਾਹਲੇ ਪੰਜਾਬੀ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਦੀਆਂ ਜਾਨਾਂ ਨੂੰ ਦਾਅ ‘ਤੇ ਲਾਉਣ ਵਾਲੇ ਏਜੰਟਾਂ ਦੀ ਸੱਚਾਈ ਨੂੰ ਬਿਆਨ ਕਰਦੀ ਪੰਜਾਬੀ ਫਿਲਮ ‘ਨਾਬਰ’ ਪੰਜਾਬ ਦੀ ਇੱਕ ਹੋਰ ਸੱਚਾਈ ਨੂੰ ਬਿਆਨ ਕਰਦੀ ਬਿਹਤਰੀਨ ਆਰਟ ਫਿਲਮ ਹੈ। ਬਾਪ ਬੇਟੇ ਦੇ ਰਿਸ਼ਤੇ ਨੂੰ ਪੇਸ਼ ਕਰਦੀ ਅਤੇ ਪੁੱਤਰ ਵਿਯੋਗ ਵਿੱਚ ਤੜਫਦੇ ਮਾਂ-ਬਾਪ ਦੇ ਦੁੱਖਾਂ ਦੀ ਦਾਸਤਾਨ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਏਜੰਟਾਂ ਵੱਲੋਂ ਗਾਇਬ ਕੀਤੇ ਆਪਣੇ ਪੁੱਤ ਲਈ ਲੜਦੇ ਇੱਕ ਬਾਪ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਨਾਬਰ ਤੋਂ ਭਾਵ ਹੈ, ਸਮਾਜ ਵਿੱਚ ਬੇਇਨਸਾਫ਼ੀ ਕਰਨ ਵਾਲੇ ਲੋਕਾਂ ਨੂੰ ਚੁਣੌਤੀ ਦੇਣ ਵਾਲਾ, ਬੁਰਾਈ ਵਿਰੁੱਧ ਅਤੇ ਹੱਕਾਂ ਲਈ ਲੜਣ ਵਾਲਾ ਯੋਧਾ। ਇਸ ਫਿਲਮ ਵਿੱਚ ਹਰਦੀਪ ਗਿੱਲ ਇੱਕ ਬਾਪ ਦੇ ਰੂਪ ਵਿੱਚ ਨਾਬਰ ਹੈ ਜੋ ਮਾਸੂਮ ਲੋਕਾਂ ਦੇ ਪੁੱਤਾਂ ਨੂੰ ਬਾਹਰ ਭੇਜਣ ਵਾਲੇ, ਉਨ੍ਹਾਂ ਦੀ ਜ਼ਮੀਨ ਜਾਇਦਾਦ ਵਿਕਵਾਉਣ ਵਾਲੇ ਤੇ ਪੁੱਤਾਂ ਨੂੰ ਮਾਰਨ ਵਾਲੇ ਏਜੰਟਾਂ ਵਿਰੁੱਧ ਯੁੱਧ ਛੇੜਦਾ ਹੈ ਤੇ ਅਖੀਰ ਵਿੱਚ ਏਜੰਟਾਂ ਨੂੰ ਸਜ਼ਾ ਦਿਵਾ ਕੇ ਉਸ ਯੁੱਧ ਨੂੰ ਜਿੱਤ ਕੇ ਹੀ ਸਾਹ ਲੈਂਦਾ ਹੈ।

‘ਨਾਬਰ’ ਤੋਂ ਬਾਅਦ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਆਪਣੀ ਅਗਲੀ ਪੰਜਾਬੀ ਫਿਲਮ ‘ਚੰਮ’ ਰਾਹੀਂ ਇੱਕ ਅਜਿਹੇ ਵਰਗ ਦੀ ਗੱਲ ਕੀਤੀ ਹੈ ਜਿਸ ਨੂੰ ਸਮਾਜ ਵਿੱਚ ਕੋਈ ਵਧੀਆ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਮਰੇ ਹੋਏ ਪਸ਼ੂਆਂ ਦਾ ਚੰਮ ਲਾਹ ਕੇ ਉਸ ਨੂੰ ਵੇਚ ਕੇ ਗੁਜ਼ਾਰਾ ਕਰਨ ਵਾਲੇ ਗਰੀਬ ਲੋਕਾਂ ਦੀਆਂ ਤਕਲੀਫ਼ਾਂ ਨੂੰ ਬਿਆਨ ਕਰਦੀ ਇਹ ਬਿਹਤਰੀਨ ਫਿਲਮ ਹੈ। ਕਾਨ ਫਿਲਮ ਫੈਸਟੀਵਲ ਵਿੱਚ ਵਾਹ ਵਾਹ ਖੱਟਣ ਵਾਲੀ ਅਤੇ ਪੰਜਾਬ ਦੇ ਕਈ ਪਿੰਡਾਂ ਵਿੱਚ ਵਿਖਾਈ ਗਈ ਇਸ ਫਿਲਮ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੰਮ ਲਾਹੁਣ ਵਾਲੇ ਪਿਤਾ ਪੁਰਖੀ ਕੰਮ ਨਾਲ ਜੁੜੇ ਲੋਕਾਂ ਨੂੰ ਵੀ ਜਿਊਣ ਦਾ ਹੱਕ ਹੈ। ਉਹ ਵੀ ਇੱਜ਼ਤ ਦੀ ਜ਼ਿੰਦਗੀ ਬਸਰ ਕਰਨ ਦੇ ਹੱਕਦਾਰ ਹਨ। ਇਸ ਫਿਲਮ ਵਿੱਚ ਦੋ ਭਰਾਵਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਵੱਡਾ ਭਰਾ ਕੀਪਾ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਸੰਘਰਸ਼ ਕਰਦਾ ਹੈ ਤੇ ਅਖੀਰ ਉਹ ਪਿੰਡ ਦੇ ਸਰਪੰਚ ਦੇ ਵਿਰੋਧ ਦੇ ਬਾਵਜੂਦ ਦਲਿਤਾਂ ਲਈ ਰਾਖਵੀਂ ਰੱਖੀ ਜ਼ਮੀਨ ਨੂੰ ਆਪਣੇ ਇੱਕ ਦੋਸਤ ਦੀ ਮਦਦ ਨਾਲ ਬੋਲੀ ਦੇ ਕੇ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ ਤੇ ਇੱਜ਼ਤ ਦੀ ਰੋਟੀ ਕਮਾਉਣ ਦੇ ਰਾਹ ਪੈ ਜਾਂਦਾ ਹੈ।

ਸਾਲ 2015 ਵਿੱਚ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇੱਕ ਹੋਰ ਸ਼ਾਹਕਾਰ ਫਿਲਮ ‘ਚੌਥੀ ਕੂਟ’ ਰਿਲੀਜ਼ ਹੋਈ। 1984 ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੇ ਹਾਲਾਤ ‘ਤੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੁਆਰਾ ਲਿਖੀਆਂ ਦੋ ਕਹਾਣੀਆਂ ‘ਚੌਥੀ ਕੂਟ’ ਅਤੇ ‘ਹੁਣ ਮੈਂ ਠੀਕ ਠਾਕ ਹਾਂ’ ‘ਤੇ ਆਧਾਰਿਤ ਇਸ ਫਿਲਮ ਨੇ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿੱਚ ਦਰਸ਼ਕਾਂ ਅਤੇ ਫਿਲਮੀ ਹਸਤੀਆਂ ਦੀ ਭਰਭੂਰ ਪ੍ਰਸੰਸਾ ਹਾਸਲ ਕੀਤੀ। ਸਿਨਮੈਟੋਗ੍ਰਾਫੀ, ਸਾਊਂਡ ਅਤੇ ਤਕਨੀਕੀ ਤੌਰ ‘ਤੇ ਬਿਹਤਰੀਨ ਇਸ ਫਿਲਮ ਵਿੱਚ ਦੋ ਕਹਾਣੀਆਂ ਨਾਲ ਨਾਲ ਚੱਲਦੀਆਂ ਹਨ। ਪਹਿਲੀ ਕਹਾਣੀ ਵਿੱਚ ਰੇਲ ਵਿੱਚ ਰਾਤ ਨੂੰ ਸਫ਼ਰ ਕਰਦੇ ਹਿੰਦੂ ਅਤੇ ਸਿੱਖ ਨੌਜਵਾਨਾਂ ਦੇ ਅੰਦਰ ਕੀ ਸੋਚਾਂ ਚੱਲ ਰਹੀਆਂ ਹੁੰਦੀਆਂ ਹਨ ਅਤੇ ਕਿਵੇਂ ਉਹ ਤਣਾਅ, ਸ਼ੱਕ ਅਤੇ ਖੌਫ਼ ਦੇ ਪਰਛਾਵੇਂ ਹੇਠ ਇੱਕ ਦੂਜੇ ਦਾ ਸਹਾਰਾ ਲੈਂਦੇ ਹਨ, ਨੂੰ ਵਿਖਾਇਆ ਗਿਆ ਹੈ। ਦੂਸਰੀ ਕਹਾਣੀ ਵਿੱਚ ਖੇਤਾਂ ਵਿੱਚ ਰਹਿੰਦੇ ਇੱਕ ਪਰਿਵਾਰ ਜਿਸ ਦੇ ਘਰੇ ਇੱਕ ਕੁੱਤਾ ਹੁੰਦਾ ਹੈ ਤੇ ਪੰਜਾਬ ਵਿੱਚ ਤਾਇਨਾਤ ਸਕਿਓਰਿਟੀ ਫੋਰਸ ਵਾਲੇ ਅਤੇ ਲਹਿਰ ਵਿੱਚ ਸ਼ਾਮਲ ਨੌਜਵਾਨ ਕਿਵੇਂ ਘਰ ਦੇ ਮੁਖੀ ਤੇ ਕੁੱਤੇ ਨੂੰ ਮਾਰਨ ਲਈ ਦਬਾਅ ਪਾਉਂਦੇ ਹਨ ਤਾਂ ਉਸ ਤਣਾਅ ਅਤੇ ਦੁਚਿਤੀ ਵਿੱਚ ਫਸੇ ਮੁੱਖ ਪਾਤਰ ਜੋਗਿੰਦਰ ਸਿੰਘ ਨੂੰ ਦਿਖਾਇਆ ਗਿਆ ਹੈ।

ਕਮਰਸ਼ੀਅਲ ਤੌਰ ‘ਤੇ ਹਿੱਟ ਫਿਲਮ ‘ਚੰਨ ਪ੍ਰਦੇਸੀ’ ਇੱਕ ਨਾਇਕਾ ਪ੍ਰਧਾਨ ਫਿਲਮ ਸੀ ਜਿਸ ਨੂੰ ਨੈਸ਼ਨਲ ਐਵਾਰਡ ਵੀ ਹਾਸਲ ਹੋਇਆ। ‘ਚੰਨ ਪ੍ਰਦੇਸੀ’ ਇੱਕ ਅਜਿਹੀ ਫਿਲਮ ਸੀ ਜਿਸ ਵਿੱਚ ਨਿਮਨ ਵਰਗ ਦੀ ਔਰਤ ਕੰਮੋ (ਅਦਾਕਾਰਾ ਰਮਾ ਵਿੱਜ) ਨਾਲ ਪਿੰਡ ਦੇ ਜਗੀਰਦਾਰ ਜੋਗਿੰਦਰ (ਅਮਰੀਸ਼ ਪੁਰੀ) ਵੱਲੋਂ ਕੀਤੀ ਜ਼ਿਆਦਤੀ ਅਤੇ ਉਸ ਤੋਂ ਬਾਅਦ ਉਸ ਨੂੰ ਉਸ ਦੇ ਪਤੀ ਨੇਕ (ਕੁਲਭੂਸ਼ਨ ਖਰਬੰਦਾ) ਵੱਲੋਂ ਜਵਾਨੀ ਵਿੱਚ ਹੀ ਇਕੱਲਾ ਛੱਡ ਕੇ ਜਾਣ ਤੋਂ ਬਾਅਦ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਝੱਲ ਕੇ ਆਪਣੇ ਪੁੱਤਰ ਨੂੰ ਇਕੱਲਿਆਂ ਪਾਲ ਪੋਸ ਕੇ ਵੱਡਾ ਕਰਨ ਨੂੰ ਵਿਖਾਇਆ ਗਿਆ ਹੈ। ਬੇਸ਼ੱਕ ਫਿਲਮ ਕਮਰਸ਼ੀਅਲ ਤੌਰ ‘ਤੇ ਸਫਲ ਰਹੀ, ਪਰ ਇਸ ਵਿੱਚ ਆਰਟ ਫਿਲਮ ਦੇ ਸਾਰੇ ਗੁਣ ਮੌਜੂਦ ਸਨ ਤੇ ਕਲਾਕਾਰਾਂ ਦੀ ਸਜੀਵ ਅਦਾਕਾਰੀ ਨੇ ਇਸ ਫਿਲਮ ਨੂੰ ਯਾਦਗਾਰੀ ਬਣਾ ਦਿੱਤਾ ਸੀ। ਇਸੇ ਤਰ੍ਹਾਂ 1983 ਵਿੱਚ ਪ੍ਰਦਰਸ਼ਿਤ ਹੋਈ ਪੰਜਾਬੀ ਫਿਲਮ ‘ਲੌਂਗ ਦਾ ਲਿਸ਼ਕਾਰਾ’ ਅਤੇ 1990 ਵਿੱਚ ਪ੍ਰਦਰਸ਼ਿਤ ਹੋਈ ‘ਦੀਵਾ ਬਲੇ ਸਾਰੀ ਰਾਤ’ ਜਿਸ ਦੇ ਨਿਰਦੇਸ਼ਕ ਸਨ ਹਰਪਾਲ ਟਿਵਾਣਾ। 2012 ਵਿੱਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਜੀਤ ਮਠਾੜੂ ਦੀ ਫਿਲਮ ‘ਕੁਦੇਸਣ’, 2016 ਵਿੱਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਮਨਭਾਵਨ ਸਿੰਘ ਦੀ ‘ਗੇਲੋ’, 2017 ਵਿੱਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ‘ਜੋਰਾ ਦਸ ਨੰਬਰੀਆ’, 2021 ਵਿੱਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਨਵਤੇਜ ਸੰਧੂ ਦੀ ‘ਜਮਰੌਦ’, 2022 ਵਿੱਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਮੁਕੇਸ਼ ਗੌਤਮ ਦੀ ‘ਬਾਗੀ ਦੀ ਧੀ’ ਅਤੇ ਹਾਲ ਹੀ ਵਿੱਚ 13 ਜਨਵਰੀ ਨੂੰ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਸਤਿੰਦਰ ਕੱਸੋਆਣਾ ਦੀ ਫਿਲਮ ‘ਰੇਂਜ ਰੋਡ 290’ ਵੀ ਆਪਣੇ ਵਿਸ਼ਾ ਵਸਤੂ ਪੱਖੋਂ ਆਰਟ ਫਿਲਮਾਂ ਵਜੋਂ ਹੀ ਵੇਖੀਆਂ ਜਾ ਸਕਦੀਆਂ ਹਨ ।

ਪੰਜਾਬੀ ਆਰਟ ਸਿਨਮਾ ਵਿੱਚ ਪੰਜਾਬੀ ਸਾਹਿਤ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ। ਨਾਵਲਕਾਰ ਗੁਰਦਿਆਲ ਸਿੰਘ ਦੇ ਤਿੰਨ ਜਗਤ ਪ੍ਰਸਿੱਧ ਨਾਵਲ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਅੱਧ ਚਾਨਣੀ ਰਾਤ’ ‘ਤੇ ਆਧਾਰਿਤ ਤਿੰਨ ਬਿਹਤਰੀਨ ਆਰਟ ਫਿਲਮਾਂ ਇਸੇ ਨਾਮ ‘ਤੇ ਬਣੀਆਂ। ਇਸੇ ਤਰ੍ਹਾਂ ਪੰਜਾਬੀ ਫਿਲਮ ‘ਜ਼ਮਰੌਦ’ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਜ਼ਮਰੌਦ’ ‘ਤੇ ਆਧਾਰਿਤ, ਪੰਜਾਬੀ ਫਿਲਮ ‘ਬਾਗੀ ਦੀ ਧੀ’ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ‘ਬਾਗੀ ਦੀ ਧੀ’ ‘ਤੇ ਆਧਾਰਿਤ, ‘ਗੇਲੋ’ ਰਾਮ ਸਰੂਪ ਅਣਖੀ ਦੇ ਨਾਵਲ ‘ਗੇਲੋ’ ‘ਤੇ ਆਧਾਰਿਤ, ‘ਕੁਦੇਸਣ’ ਜਤਿੰਦਰ ਸਿੰਘ ਬਰਾੜ ਦੇ ਨਾਟਕ ‘ਕੁਦੇਸਣ’ ‘ਤੇ ਆਧਾਰਿਤ ਅਤੇ ‘ਚੰਮ’ ਭਗਵੰਤ ਰਸੂਲਪੁਰੀ ਦੀ ਕਹਾਣੀ ‘ਤੇ ਆਧਾਰਿਤ ਸਨ। ਪੰਜਾਬੀ ਦਾ ਬਹੁਤ ਸਾਰਾ ਸਾਹਿਤ ਅਜਿਹਾ ਹੈ ਜਿਸ ‘ਤੇ ਬਿਹਤਰੀਨ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਇਸ ਲਈ ਆਰਟ ਸਿਨਮਾ ਦੇਖਣ ਵਾਲੇ ਦਰਸ਼ਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਪੰਜਾਬੀ ਆਰਟ ਫਿਲਮਾਂ ਵਿਆਪਕ ਤੌਰ ‘ਤੇ ਨਹੀਂ ਵੇਖੀਆਂ ਜਾਂਦੀਆਂ ਅਤੇ ਇਨ੍ਹਾਂ ਨੂੰ ਪੰਜਾਬੀ ਦਰਸ਼ਕਾਂ ਅਤੇ ਪੰਜਾਬ ਸਰਕਾਰ ਦਾ ਪੂਰਾ ਸਮਰਥਨ ਨਹੀਂ ਮਿਲਦਾ, ਓਦੋਂ ਤੱਕ ਪੰਜਾਬੀ ਆਰਟ ਸਿਨਮਾ ਅੱਗੇ ਨਹੀਂ ਵਧ ਸਕਦਾ।
ਸੰਪਰਕ: 94646-28857



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -