ਮੁੰਬਈ: ਫਿਲਮ ਅਦਾਕਾਰਾ ਰਾਣੀ ਮੁਖਰਜੀ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’, ਵਿਚ ਆਪਣੀ ਅਦਾਕਾਰੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਕਾਇਲ ਕਰਨ ਲਈ ਤਿਆਰ ਹੈ। ਇਸ ਫਿਲਮ ਦਾ ਅੱਜ ਟਰੇਲਰ ਜਾਰੀ ਹੋਇਆ ਜਿਸ ਵਿਚ ਉਹ ਗੁੱਸੇਖੋਰ ਔਰਤ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਮੁੜ ਮਿਲਣ ਲਈ ਨਾਰਵੇ ਸਰਕਾਰ ਵਿਰੁੱਧ ਲੜਦੀ ਦਿਖਾਈ ਦਿੰਦੀ ਹੈ। ਟਰੇਲਰ ਇਹ ਦਰਸਾਉਂਦੇ ਹੋਏ ਸ਼ੁਰੂ ਹੁੰਦਾ ਹੈ ਕਿ ਸ੍ਰੀਮਤੀ ਚੈਟਰਜੀ (ਰਾਣੀ) ਨਾਰਵੇ ਵਿੱਚ ਆਪਣੇ ਪਤੀ ਅਤੇ ਦੋ ਬੱਚਿਆਂ ਸ਼ੁਭ ਤੇ ਸ਼ੁਚੀ ਨਾਲ ਕਿੰਨੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਇੱਕ ਦਿਨ ਸਰਕਾਰੀ ਅਧਿਕਾਰੀ ਉਸ ਦੇ ਘਰ ਆਉਂਦੇ ਹਨ ਅਤੇ ਉਸ ਦੇ ਬੱਚੇ ਲੈ ਕੇ ਚਲੇ ਜਾਂਦੇ ਹਨ। ਉਸ ਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਸਰਕਾਰ ਨੇ ਇਹ ਬੱਚੇ ਉਨ੍ਹਾਂ ਤੋਂ ਇਸ ਕਰ ਕੇ ਲਏ ਹਨ ਕਿਉਂਕਿ ਚੈਟਰਜੀ ਬੱਚਿਆਂ ਦੀ ਢੁੱਕਵੀਂ ਸੰਭਾਲ ਕਰਨ ਤੋਂ ਅਸਮਰੱਥ ਸੀ। ਟਰੇਲਰ ਦੇ ਪਿਛਲੇ ਹਿੱਸੇ ਵਿਚ ਰਾਣੀ ਆਪਣੇ ਬੱਚਿਆਂ ਦੀ ਕਸਟਡੀ ਵਾਪਸ ਲੈਣ ਲਈ ਸਰਕਾਰੀ ਸਿਸਟਮ ਨਾਲ ਆਢਾ ਲੈਂਦੀ ਦਿਖਾਈ ਦਿੰਦੀ ਹੈ। ਕਰਨ ਜੌਹਰ ਨੇ ਕਿਹਾ ਕਿ ਰਾਣੀ ਨੇ ਇਸ ਫਿਲਮ ਵਿਚ ਹੁਣ ਤੱਕ ਦੀ ਸਭ ਤੋਂ ਵਧੀਆ ਅਦਾਕਾਰੀ ਕੀਤੀ ਹੈ। ਇਹ ਫਿਲਮ 17 ਮਾਰਚ ਨੂੰ ਰਿਲੀਜ਼ ਹੋਵੇਗੀ। -ਏਐੱਨਆਈ