ਗੁਰਮੀਤ ਸਿੰਘ*
ਰੁੱਖ ਚੜ੍ਹੀ ਇੱਕ ਛੋਟਾ ਜਿਹਾ, ਪਰ ਬਹੁਤ ਹੀ ਸਰਗਰਮ ਪੰਛੀ ਹੈ, ਜੋ ਹਰ ਵੇਲੇ ਰੁੱਖਾਂ ਵਿੱਚ ਹੀ ਵਿਚਰਦਾ ਰਹਿੰਦਾ ਹੈ। ਰੁੱਖ ਚੜ੍ਹੀ ਨੂੰ ਅੰਗਰੇਜ਼ੀ ਵਿੱਚ ‘ਟ੍ਰੀ ਕਰੀਪਰ’ (Tree Creeper) ਅਤੇ ਹਿੰਦੀ ਵਿੱਚ ‘ਕੀਟ ਭਖਸ਼ੀ’ ਕਹਿੰਦੇ ਹਨ। ਇਸ ਦੀ ਚੁੰਝ ਲੰਬੀ ਅਤੇ ਪਤਲੀ ਹੁੰਦੀ ਹੈ। ਇਹ ਉੱਪਰ ਵਾਲੇ ਪਾਸਿਓਂ ਭੂਰਾ ਅਤੇ ਆਮਤੌਰ ‘ਤੇ ਥੱਲਿਓਂ ਚਿੱਟਾ ਹੁੰਦਾ ਹੈ। ਇਨ੍ਹਾਂ ਦੀਆਂ ਅੱਖਾਂ ਦੇ ਭਰਵੱਟਿਆਂ ਉੱਪਰ ਹਲਕੀ ਪੀਲੀ ਲਾਈਨ ਹੁੰਦੀ ਹੈ। ਇਹ ਪੰਛੀ 12.5 ਸੈਂਟੀਮੀਟਰ ਲੰਮਾ ਅਤੇ 8 ਤੋਂ 12 ਗ੍ਰਾਮ ਭਾਰਾ ਹੁੰਦਾ ਹੈ। ਇਨ੍ਹਾਂ ਨੂੰ ਸਰਦੀਆਂ ਵਿੱਚ ਪਰਵਾਸ ਕਰਦੇ ਸਮੇਂ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ ਕਿਉਂਕਿ ਸਰਦ ਰੁੱਤ ਵਿੱਚ ਰੁੱਖਾਂ ‘ਤੇ ਪੱਤੇ ਘੱਟ ਹੁੰਦੇ ਹਨ। ਇਸ ਕਾਰਨ ਇਨ੍ਹਾਂ ਨੂੰ ਅਕਸਰ ਰੁੱਖਾਂ ਦੇ ਟਾਹਣਿਆਂ ‘ਤੇ ਚੜ੍ਹਦੇ ਵੇਖਿਆ ਜਾ ਸਕਦਾ ਹੈ। ਪੱਛਮੀ ਦੇਸ਼ਾਂ ਵਿੱਚ ਇਸ ਦਾ ਨਾਮ ‘ਟ੍ਰੀ ਮਾਊਸ’ ਭਾਵ ਚੂਹੇ ਵਰਗਾ ਪੰਛੀ ਰੱਖਿਆ ਗਿਆ ਹੈ ਜੋ ਇਸ ਦੇ ਨਾਮ ਅਨੁਸਾਰ ਬਿਲਕੁਲ ਅਨੁਕੂਲ ਹੈ। ਇਹ ‘ਚੂਹੇ ਵਰਗੇ’ ਤਰੀਕੇ ਨਾਲ ਦਰੱਖਤਾਂ ਦੇ ਤਣੇ ਉੱਤੇ ਚੜ੍ਹਦਾ ਹੈ।
ਜੇਕਰ ਕੋਈ ਇਸ ਪੰਛੀ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਆਮ ਤੌਰ ‘ਤੇ ਰੁੱਖ ਦੇ ਤਣੇ ‘ਤੇ ਜੰਮ ਜਾਂਦਾ ਹੈ। ਇਸ ਦਾ ਕਾਲਾ ਅਤੇ ਭੂਰਾ ਰੰਗ ਇਸ ਨੂੰ ਦਰੱਖਤ ਦੀ ਸੱਕ ਵਰਗਾ ਹੀ ਬਣਾ ਦਿੰਦਾ ਹੈ ਭਾਵ ਕਿ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਇਹ ਪੰਛੀ ਰੁੱਖਾਂ ਦੀ ਸੱਕ ਅਤੇ ਦਰਾੜਾਂ ਦੀ ਖੋਜ ਕਰਦੇ ਹਨ ਤੇ ਫਿਰ ਉਨ੍ਹਾਂ ਵਿੱਚੋਂ ਆਪਣੀਆਂ ਲੰਬੀਆਂ, ਤਿੱਖੀਆਂ ਚੁੰਝਾਂ ਦੀ ਵਰਤੋਂ ਕਰਦੇ ਹੋਏ ਕੀੜੇ ਮਕੌੜਿਆਂ ਨੂੰ ਬਾਹਰ ਕੱਢਦੇ ਹਨ ਅਤੇ ਨਾਲੋਂ ਨਾਲ ਹੀ ਖਾਈ ਜਾਂਦੇ ਹਨ। ਇਹ ਆਪਣੀ ਲੰਮੀ ਪੂਛ ਨੂੰ ਆਪਣੇ ਸਰੀਰ ਦੇ ਸਹਾਰੇ ਲਈ ਵਰਤਦਾ ਹੈ। ਜਿਵੇਂ ਕਿ ਇੱਕ ਕਠੱਫੋੜਾ ਕਿਸੇ ਰੁੱਖ ‘ਤੇ ਚੜ੍ਹਨ ਵੇਲੇ ਕਰਦਾ ਹੈ। ਇਹ ਆਪਣੇ ਸਰੀਰ ਦਾ ਭਾਰ ਪੂਛ ‘ਤੇ ਪਾ ਦਿੰਦਾ ਹੈ। ਰੰਗ ਰੂਪ ਵਿੱਚ ਨਰ ਤੇ ਮਾਦਾ ਇੱਕੋ ਜਿਹੇ ਹੀ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਲੱਤਾਂ ਛੋਟੀਆਂ ਹੁੰਦੀਆਂ ਹਨ ਅਤੇ ਪੰਜਿਆਂ ਦੀਆਂ ਨਹੁੰਦਰਾਂ ਲੰਮੀਆਂ ਹੁੰਦੀਆਂ ਹਨ।
ਇਨ੍ਹਾਂ ਦੀ ਜ਼ਿਆਦਾਤਰ ਆਬਾਦੀ ਸਰਦੀਆਂ ਵਿੱਚ ਘੱਟ ਉਚਾਈਆਂ ਵੱਲ ਪਰਵਾਸ ਕਰਦੀ ਹੈ। ਰੁੱਖ ਚੜ੍ਹੀ ਦਾ ਆਲ੍ਹਣੇ ਲਈ ਮਨਪਸੰਦ ਸਥਾਨ ਸੁੱਕਿਆ ਹੋਇਆ ਅਤੇ ਨੁਕਸਾਨਿਆ ਹੋਇਆ ਦਰੱਖਤ ਹੁੰਦਾ ਹੈ ਜਿੱਥੇ ਸੁੱਕਾ ਸੱਕ ਤਣੇ ਤੋਂ ਆਸਾਨੀ ਨਾਲ ਨਿਕਲ ਜਾਂਦਾ ਹੈ। ਇਨ੍ਹਾਂ ਵੱਲੋਂ ਦਰੱਖਤ ਦੇ ਤਣੇ ਅਤੇ ਸੱਕ ਦੇ ਵਿਚਕਾਰ ਦਰਾੜ ਨੂੰ ਤਰਜੀਹ ਦਿੱਤੀ ਜਾਂਦੀ ਹੈ। ਰੁੱਖ ਚੜ੍ਹੀ ਰੁੱਖਾਂ ਤੋ ਛੋਟੇ ਮੋਟੇ ਕੀੜੇ-ਮਕੌੜੇ ਖਾ ਕੇ ਸਾਡੀ ਮਦਦ ਕਰਦਾ ਹੈ। ਇਸ ਪੰਛੀ ਬਾਰੇ ਜ਼ਿਆਦਾ ਖੋਜ ਦਾ ਕਾਰਜ ਨਹੀਂ ਕੀਤਾ ਗਿਆ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ ਨੇ ਇਨ੍ਹਾਂ ਦੀ ਗਿਣਤੀ ਘੱਟ ਚਿੰਤਾ ਵਾਲੀ ਦੱਸੀ ਹੈ। ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ, 1972 ਅਨੁਸਾਰ ਇਹ ਪੰਛੀ ਸੁਰੱਖਿਅਤ ਹਨ। ਇਨ੍ਹਾਂ ਨੂੰ ਪੰਜਾਬ ਵਿੱਚ ਆਮ ਵੇਖਿਆ ਜਾ ਸਕਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910