12.4 C
Alba Iulia
Saturday, April 27, 2024

ਜਦੋਂ ਨੂੰਹ ਧੀ ਬਣਦੀ ਹੈ…

Must Read


ਸੁਰਿੰਦਰ ਗੀਤ

ਪੰਜਾਬੀ ਸੱਭਿਆਚਾਰ ਵਿੱਚ ਆਮ ਕਹਾਵਤ ਹੈ ਕਿ ਸੱਸ ਕਦੇ ਮਾਂ ਨਹੀਂ ਬਣਦੀ ਅਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ। ਇਨ੍ਹਾਂ ਰਿਸ਼ਤਿਆਂ ਵਿਚਲੀਆਂ ਤਰੇੜਾਂ ਸਦਾ ਰੜਕਦੀਆਂ ਰਹਿੰਦੀਆਂ ਹਨ। ਇਹ ਰੜਕਣਾਂ ਹੀ ਅਕਸਰ ਘਰਾਂ ਵਿੱਚ ਕਲੇਸ਼ ਦਾ ਕਾਰਣ ਬਣਦੀਆਂ ਹਨ। ਕੋਈ ਵਿਰਲੀ ਹੀ ਸੱਸ ਆਪਣੀ ਨੂੰਹ ਦੀ ਤਾਰੀਫ਼ ਕਰਦੀ ਹੈ ਅਤੇ ਏਸੇ ਤਰ੍ਹਾਂ ਹੀ ਬਹੁਤ ਘੱਟ ਨੂੰਹਾਂ ਆਪਣੀ ਸੱਸ ਜਾਂ ਸਹੁਰੇ ਨੂੰ ਵਡਿਆਈ ਬਖ਼ਸ਼ਦੀਆਂ ਹਨ। ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵੀ ਇਨ੍ਹਾਂ ਰਿਸ਼ਤਿਆਂ ਵਿੱਚ ਕੁੜੱਤਣ ਘੋਲਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਉਦਾਹਰਨ ਦੇ ਤੌਰ ‘ਤੇ:

ਨਿੰਮ ਦਾ ਲਿਆਦੇ ਘੋਟਣਾ

ਸੱਸ ਕੁੱਟਣੀ ਸੰਦੂਕਾਂ ਓਹਲੇ

***

ਮੇਰੀ ਸੱਸ ਬੜੀ ਕੁਪੱਤੀ

ਮੈਨੂੰ ਪਾਉਣ ਨਾ ਦੇਵੇ ਜੁੱਤੀ

ਮੈਂ ਵੀ ਜੁੱਤੀ ਪਾਉਣੀ ਐ

ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ

ਤੇਰੀ ਮਾਂ ਖੜਕਾਉਣੀ ਐ

ਭਲਾ ਇਨ੍ਹਾਂ ਤੋਂ ਪੁੱਛੇ ਕਿ ਸੱਸ ਨੂੰ ਕਿਉਂ ਕੁੱਟਣਾ ਹੈ ਤੇ ਉਹ ਵੀ ਸੰਦੂਕਾਂ ਦੇ ਓਹਲੇ ਪੂਰੇ ਵਹਿਸ਼ੀ ਤਰੀਕੇ ਨਾਲ, ਤੇ ਨਿੰਮ ਦੇ ਘੋਟਣੇ ਨਾਲ। ੲੇਨੀ ਵੀ ਕਿਹੜੀ ਗੱਲ ਹੋ ਗਈ ਕਿ ਆਪਣੇ ਪਤੀ ਦੀ ਮਾਂ ਨੂੰ ਖੜਕਾਉਣ ਦਾ ਸ਼ਰੇਆਮ ਐਲਾਨ ਕਰਨਾ ਪਿਆ।

ਮੈਂ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਬੈਠੀ ਸਾਂ। ਉਨ੍ਹਾਂ ਦੀ ਛੇ ਕੁ ਸਾਲ ਦੀ ਬੱਚੀ ਗਿੱਧੇ ਦੀ ਕਲਾਸ ਲਾ ਕੇ ਆਈ। ਬੱਚੀ ਦੀ ਮਾਂ ਨੇ ਬੜੇ ਮਾਣ ਨਾਲ ਬੋਲੀ ਸੁਣਾਉਣ ਲਈ ਕਿਹਾ। ਬੱਚੀ ਤੋਤਲੀ ਆਵਾਜ਼ ਵਿੱਚ ਬੋਲੀ ਸੁਣਾਉਣ ਲੱਗੀ। ਉਸ ਨੇ ਪਹਿਲਾਂ ਖੱਬੇ ਹੱਥ ਦੀ ਹਥੇਲੀ ‘ਤੇ ਸੱਜੇ ਹੱਥ ਨਾਲ ਇੱਕ ਦੋ ਮੁੱਕੀਆਂ ਮਾਰੀਆਂ ਤੇ ਫਿਰ ਆਪਣੀ ਤੋਤਲੀ ਆਵਾਜ਼ ਵਿੱਚ ਬੋਲੀ ਪਾਉਣ ਦੇ ਅੰਦਾਜ਼ ਵਿੱਚ ਕਹਿਣ ਲੱਗੀ , “ਸੱਸ ਕੁੱਤਨੀ ਆ।”

ਸਾਰੇ ਹੱਸ ਰਹੇ ਸਨ, ਪਰ ਮੈਂ ਬੱਚੀ ਨੂੰ ਕੋਲ ਬੁਲਾ ਕੇ ਪਿਆਰ ਨਾਲ ਕਿਹਾ, “ਕੀ ਤੈਨੂੰ ਪਤਾ ਹੈ ਕਿ ਸੱਸ ਕੀ ਹੁੰਦੀ ਹੈ?”

ਜਿਸ ਹੌਸਲੇ ਨਾਲ ਬੱਚੀ ਨੇ ਬੋਲੀ ਸੁਣਾਈ ਸੀ ਓਸੇ ਤਰ੍ਹਾਂ ਦੇ ਹੌਸਲੇ ਨਾਲ ਘਸੁੰਨ ਦਿਖਾਉਂਦੀ ਹੋਈ ਬੋਲੀ, “ਸੱਸ ਬਹੁਤ ਬੁਰੀ ਹੁੰਦੀ ਹੈ। ਉਸ ਨੂੰ ਸਾਰੇ ਕੁੱਟਦੇ ਹਨ।”

ਮੈਂ ਫਿਰ ਕਿਹਾ, “ਉਸ ਨੂੰ ਸਾਰੇ ਕਿਉਂ ਕੁੱਟਦੇ ਹਨ।”

ਬੱਚੀ ਬੋਲੀ,”ਕਿਉਂਕਿ ਉਹ ਬਹੁਤ ਬੁਰੀ ਹੈ। ਲੜਾਈ ਕਰਦੀ ਹੈ।”

ਦਰਅਸਲ, ਇਸ ਬੋਲੀ ਤੋਂ ਬੱਚੀ ਦੇ ਮਨ ਵਿੱਚ ਪੱਕੀ ਧਾਰਨਾ ਬਣ ਗਈ ਸੀ ਕਿ ਸੱਸ ਬਹੁਤ ਬੁਰਾ ਇਨਸਾਨ ਹੁੰਦੀ ਹੈ। ਕਮਰੇ ‘ਚ ਬੈਠੇ ਸਾਰੇ ਲੋਕ ਹੱਸ ਰਹੇ ਸਨ, ਪਰ ਮੈਂ ਸੋਚ ਰਹੀ ਸਾਂ ਕਿ ਅਸੀਂ ਕਿਉਂ ਆਪਣੇ ਬੱਚਿਆਂ ਦੇ ਮਨਾਂ ਵਿੱਚ ਸੱਸ-ਸਹੁਰੇ ਵਰਗੇ ਸੋਹਣੇ ਪਾਕ ਰਿਸ਼ਤਿਆਂ ਪ੍ਰਤੀ ਨਫ਼ਰਤ ਦੇ ਬੀਅ ਬੀਜ ਰਹੇ ਹਾਂ। ਸਮਾਂ ਪੈਣ ‘ਤੇ ਇਹ ਨਫ਼ਰਤ ਦੇ ਬੂਟੇ ਸਮਾਜ ਲਈ ਬੜੇ ਘਾਤਕ ਸਿੱਧ ਹੁੰਦੇ ਹਨ। ਸਾਡੇ ਲੋਕ ਗੀਤਾਂ ਤੇ ਬੋਲੀਆਂ ਵਿੱਚ ਇਹ ਮਸਲੇ ਪਤਾ ਨਹੀਂ ਕਦੋਂ ਅਤੇ ਕਿਵੇਂ ਆ ਵੜੇ ਤੇ ਕਿਵੇਂ ਇਨ੍ਹਾਂ ਨੇ ਰਿਸ਼ਤਿਆਂ ਵਿੱਚ ਕੁੜੱਤਣ ਘੋਲ ਦਿੱਤੀ। ਕਿਸੇ ਇੱਕ ਔਰਤ ਦੀ ਮਾਂ ਕਿਸੇ ਦੂਸਰੀ ਔਰਤ ਦੀ ਸੱਸ ਹੁੰਦੀ ਹੈ ਅਤੇ ਏਸੇ ਹੀ ਤਰ੍ਹਾਂ ਕਿਸੇ ਇੱਕ ਔਰਤ ਦਾ ਬਾਪ ਕਿਸੇ ਦੂਸਰੀ ਔਰਤ ਦਾ ਸਹੁਰਾ ਹੁੰਦਾ ਹੈ। ਇਹ ਵੀ ਆਖ ਦਿੱਤਾ ਜਾਂਦਾ ਹੈ ਕਿ ਇਹ ਮਨੋਰੰਜਨ ਦਾ ਸਾਧਨ ਹੈ ਜਾਂ ਮਨ ਦੀ ਭੜਾਸ ਕੱਢਣ ਦਾ ਤਰੀਕਾ ਹੈ। ਮੈਨੂੰ ਅਜਿਹਾ ਨਹੀਂ ਲੱਗਦਾ ਕਿਉਂਕਿ ਉਹ ਮਨੋਰੰਜਨ ਕਾਹਦਾ ਮਨੋਰੰਜਨ ਜੋ ਸਮਾਜ ਦੀ ਤੋੜ ਭੰਨ ਕਰੇ ਤੇ ਘਰਾਂ ਵਿੱਚ ਕਲੇਸ਼ ਪੈਦਾ ਕਰਕੇ ਜੀਵਨ ਨੂੰ ਨਰਕ ਬਣਾ ਦੇਵੇ, ਪਰ ਫਿਰ ਵੀ ਸਾਡੇ ਘਰਾਂ ਵਿੱਚ ਅਜਿਹੀਆਂ ਔਰਤਾਂ ਵੀ ਹਨ ਜੋ ਆਪਣੇ ਸੱਸ-ਸਹੁਰੇ ਨੂੰ ਮਾਂ ਤੇ ਪਿਉ ਸਮਝਦੀਆਂ ਹਨ।

ਮੇਰੇ ਪਿੰਡ ਰਿਸ਼ਤੇ ‘ਚ ਮੇਰੀ ਇੱਕ ਭਾਬੀ ਹੈ। ਉਸ ਭਾਬੀ ਦਾ ਨਾਮ ਵੀ ਉਸ ਦੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੈ। ਉਸ ਦਾ ਨਾਮ ਹੈ ਮਨਜੀਤ ਕੌਰ। ਭਾਬੀ ਮਨਜੀਤ ਨਾਲ ਮੇਰਾ ਰਿਸ਼ਤਾ ਪਿੰਡ ‘ਚੋਂ ਜਾਂ ਕਹਿ ਲਵੋ ਸਾਕ ਸ਼ਰੀਕੇ ਨਾਲੋਂ ਲੱਗਦੀ ਭਾਬੀ ਤੋਂ ਕਿਤੇ ਵੱਡਾ ਹੈ। ਉਸ ਦੇ ਦਿਲ ਵਿੱਚ ਮੇਰੇ ਲਈ ਲੋਹੜੇ ਦਾ ਪਿਆਰ ਹੈ। ਮੈਨੂੰ ਵੀ ਉਹ ਬਹੁਤ ਪਿਆਰੀ ਲੱਗਦੀ ਹੈ। ਘਰੇਲੂ ਕੰਮਾਂ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਉਹ ਗੁਰਦੁਆਰੇ ਜਾ ਕੇ ਜਿੱਥੇ ਪਿੰਡ ਦੀਆਂ ਧੀਆਂ-ਭੈਣਾਂ ਨੂੰ ਗੁਰਬਾਣੀ ਦੇ ਅਰਥ ਸਮਝਾਉਂਦੀ ਹੈ ਤੇ ਨਾਲ ਹੀ ਬੁੱਢੇ ਸੱਸ-ਸਹੁਰੇ ਜਾਂ ਲੋੜਵੰਦਾਂ ਦੀ ਸੇਵਾ ਕਰਨ ਲਈ ਪ੍ਰੇਰਦੀ ਹੈ। ਭਾਬੀ ਮਨਜੀਤ ਜਿਸ ਤਰ੍ਹਾਂ ਆਪਣੀ ਸੱਸ ਜਾਣੀ ਮੇਰੀ ਤਾਈ ਦੀ ਸੇਵਾ ਕਰਦੀ ਹੈ, ਉਹ ਆਪਣੀ ਉਦਾਹਰਨ ਆਪ ਹੈ। ਆਦਰ ਪਿਆਰ ਤੇ ਸਤਿਕਾਰ ਨਾਲ ਖਾਣ ਪੀਣ ਦੇਣ ਤੋਂ ਇਲਾਵਾ ਉਸ ਦੀ ਦਵਾ- ਦਾਰੂ, ਬਿਸਤਰੇ ਦੀ ਸਫ਼ਾਈ ਦਾ ਧਿਆਨ ਰੱਖਣਾ, ਮੌਸਮ ਦੇ ਹਿਸਾਬ ਨਾਲ ਸਰੀਰਕ ਸਫ਼ਾਈ ਭਾਵ ਨਹਾਉਣਾ ਤੇ ਕੱਪੜੇ ਬਦਲਣੇ ਭਾਬੀ ਦੇ ਰੋਜ਼ ਦੇ ਕੰਮਾਂ ਕਾਰਾਂ ਵਿੱਚ ਸ਼ਾਮਲ ਹਨ। ਆਮ ਕਰਕੇ ਵੱਡੀ ਉਮਰ ਵਿੱਚ ਬਜ਼ੁਰਗਾਂ ਦੇ ਵਾਲ ਝੜ ਜਾਂਦੇ ਹਨ ਅਤੇ ਬਹੁਤ ਘੱਟ ਰਹਿ ਜਾਂਦੇ ਹਨ, ਪਰ ਤਾਈ ਦੇ ਵਾਲ ਘੱਟ ਤਾਂ ਗਏ ਹਨ, ਪਰ ਹਾਲੇ ਵੀ ਕਾਫ਼ੀ ਲੰਬੇ ਹਨ। ਭਾਬੀ ਮਨਜੀਤ ਰੋਜ਼ ਉਸ ਦੇ ਵਾਲਾਂ ਨੂੰ ਕੰਘੀ ਕਰਕੇ ਬੜੇ ਪਿਆਰ ਨਾਲ ਜੂੜਾ ਕਰਦੀ ਹੈ। ਉਸ ਦੀ ਸੇਵਾ ਭਾਵਨਾ ਅੱਗੇ ਮੇਰਾ ਸਿਰ ਝੁਕ ਜਾਂਦਾ ਹੈ।

ਮੈਂ ਜਦੋਂ ਵੀ ਭਾਰਤ ਜਾਂਦੀ ਹਾਂ ਤਾਈ ਦੇ ਘਰ ਜ਼ਰੂਰ ਜਾਂਦੀ ਹਾਂ। ਤਾਈ ਦੇ ਘਰ ਕਈ ਕਈ ਦਿਨ ਰਹਿ ਵੀ ਆਉਂਦੀ ਹਾਂ। ਮੈਂ ਇੱਕ ਦਿਨ ਤਾਈ ਦੇ ਮੰਜੇ ਦੀ ਬਾਹੀ ‘ਤੇ ਬੈਠਦੀ ਨੇ ਕਿਹਾ, “ਤਾਈ ਕਿਵੇਂ ਹੈ…. ਕਾਇਮ ਹੈ ਸਰੀਰ”

ਤਾਈ ਭਾਬੀ ਮਨਜੀਤ ਵੱਲ ਹੱਥ ਕਰਕੇ ਬੋਲੀ, “ਹੋਰ ਤਾਂ ਸਭ ਠੀਕ ਆ, ਪਰ ਆਹ ਤੇਰੀ ਭਰਜਾਈ ਰੋਜ਼ ਹੀ ਤੜਕੇ ਤੜਕੇ ਨਹਾਉਣ ਲਈ ਮੇਰੇ ਦੁਆਲੇ ਹੋ ਜਾਂਦੀ ਆ। ਇਹਨੂੰ ਕਹਿ ਮੈਨੂੰ ਕੀ ਲੱਗਿਆ ਹੁੰਦਾ ਆ… ਜਿਹੜਾ ਨਿੱਤ ਨਹਾਉਣ ਬਹਿ ਜਾਂਦੀ ਆ।”

“ਤਾਈ! ਭਾਬੀ ਤੁਹਾਨੂੰ ਫੁੱਲਾਂ ਵਾਂਗੂ ਖਿੜਿਆ ਰੱਖਦੀ ਆ।” ਮੈਂ ਕਿਹਾ।

ਤਾਈ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ, ‘ਇਹਦੀ ਸੇਵਾ ਸੰਭਾਲ ਕਰਕੇ ਹੀ ਮੈਂ ਹਾਲੇ ਤੱਕ ਜਿਊਂਦੀ ਬੈਠੀ ਆਂ। ਮੇਰੇ ਨਾਲ ਦੀਆਂ ਕਦੋਂ ਦੀਆਂ ਤੁਰ ਗਈਆਂ।”

ਭਾਬੀ ਮਨਜੀਤ ਦੀ ਸੇਵਾ ਭਾਵਨਾ ਦੇਖ ਕੇ ਕਿ ਮੈਂ ਅਕਸਰ ਹੀ ਆਖਦੀ ਹਾਂ ਕਿ ਭਾਬੀ ਮਨਜੀਤ ਤਾਈ ਦੀ ਧੀਆਂ ਤੋਂ ਵੱਧ ਸੇਵਾ ਕਰਦੀ ਹੈ। ਤਾਈ ਦੀਆਂ ਧੀਆਂ ਵੀ ਸ਼ਾਇਦ ਇਹ ਕੰਮ ਨਾ ਕਰ ਸਕਦੀਆਂ ਜੋ ਮਨਜੀਤ ਉਸ ਦੀ ਨੂੰਹ ਬਣ ਕੇ ਕਰ ਰਹੀ ਹੈ।

ਮੇਰੀ ਇੱਕ ਬਹੁਤ ਹੀ ਪਿਆਰੀ ਦੋਸਤ ਜੋ ਮੈਨੂੰ ਦੋਸਤ ਨਾਲੋਂ ਧੀ ਜ਼ਿਆਦਾ ਜਾਪਦੀ ਹੈ। ਮੈਂ ਉਸ ਦੇ ਮਾਪਿਆਂ ਦੇ ਬਲਿਹਾਰੇ ਜਾਂਦੀ ਹਾਂ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਤੇ ਵਧੀਆ ਸੰਸਕਾਰ ਦਿੱਤੇ।

ਗੱਲ ਕੁਝ ਇਸ ਤਰ੍ਹਾਂ ਦੀ ਹੋਈ ਕਿ ਰਾਣੀ ਆਪਣੇ ਬੱਚਿਆਂ ਅਤੇ ਪਤੀ ਨਾਲ ਭਾਰਤ ਗਈ। ਉਨ੍ਹਾਂ ਦਿਨਾਂ ਵਿੱਚ ਉਸ ਦਾ ਸਹੁਰਾ ਬਹੁਤ ਬਿਮਾਰ ਸੀ। ਉਸ ਨੂੰ ਖ਼ੂਨ ਦੀਆਂ ਉਲਟੀਆਂ ਆ ਰਹੀਆਂ ਸਨ। ਉਨ੍ਹਾਂ ਨੂੰ ਜਦੋਂ ਵੀ ਉਲਟੀ ਆਉਂਦੀ ਤਾਂ ਉਸ ਦੀ ਲੰਬੀ ਧੌਲੀ ਦਾੜ੍ਹੀ ਵਿੱਚ ਖ਼ੂਨ ਦਾ ਗਤਲਾ ਜਿਹਾ ਫਸ ਜਾਂਦਾ। ਘਰੇ ਉਸ ਨੂੰ ਨਹਾਉਣ ਧੋਣ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਸੀ। ਰਾਣੀ ਦੇ ਦੱਸਣ ਅਨੁਸਾਰ ਜਦੋਂ ਉਹ ਆਪਣੇ ਸਹੁਰੇ ਦੇ ਕੋਲ ਬੈਠਣ ਲੱਗੀ ਤਾਂ ਉਸ ਨੂੰ ਬਦਬੂ ਆਈ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਦਿਨਾਂ ਤੋਂ ਕਿਸੇ ਨੇ ਉਨ੍ਹਾਂ ਨੂੰ ਇਸ਼ਨਾਨ ਨਹੀਂ ਸੀ ਕਰਵਾਇਆ।

ਜੇਕਰ ਉਹ ਚਾਹੁੰਦੀ ਤਾਂ ਆਪ ਵੀ ਘਰ ਦੇ ਦੂਸਰੇ ਜੀਆਂ ਵਾਂਗ ਪਾਲਾ ਵੱਟ ਲੈਂਦੀ, ਪਰ ਉਸ ਅੰਦਰਲੇ ਸੰਸਕਾਰ ਕੁਝ ਹੋਰ ਕਰਨ ਦਾ ਇਸ਼ਾਰਾ ਕਰ ਰਹੇ ਸਨ। ਅਗਲੇ ਦਿਨ ਹੀ ਰਾਣੀ ਨੇ ਚੁੱਲ੍ਹੇ ‘ਤੇ ਦੋ ਪਤੀਲੇ ਪਾਣੀ ਦੇ ਗਰਮ ਕੀਤੇ ਤੇ ਦੋ ਵੱਡੀਆਂ ਬਾਲਟੀਆਂ ਵਿੱਚ ਪਾਣੀ ਭਰ ਲਿਆ। ਧੁੱਪੇ ਮੰਜੇ ‘ਤੇ ਬਿਠਾ ਕੇ ਉਸ ਨੇ ਚੰਗੀ ਤਰ੍ਹਾਂ ਆਪਣੇ ਸਹੁਰੇ ਨੂੰ ਇਸ਼ਨਾਨ ਕਰਵਾ ਦਿੱਤਾ। ਆਪਣੇ ਹੱਥ ਨਾਲ ਦਾੜ੍ਹੀ ‘ਚ ਜੰਮੇ ਖ਼ੂਨ ਦੇ ਗਤਲੇ ਇੱਕ ਇੱਕ ਕਰਕੇ ਕੱਢ ਦਿੱਤੇ। ਧੋਤੇ ਕੱਪੜੇ ਪਵਾ ਦਿੱਤੇ। ਉਸ ਦੇ ਸਹੁਰੇ ਨੇ ਲੱਖ ਲੱਖ ਅਸੀਸਾਂ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਰੋਜ਼ ਹੀ ਆਪਣੇ ਸਹੁਰੇ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਵਾਉਣ ਲੱਗ ਪਈ।

ਰਾਣੀ ਨੇ ਦੱਸਿਆ ਕਿ ਜੋ ਸੰਤੁਸ਼ਟੀ ਉਸ ਨੂੰ ਉਸ ਦਿਨ ਮਿਲੀ , ਉਹ ਅੱਜ ਤੱਕ ਕੋਈ ਹੋਰ ਕੰਮ ਕਰਕੇ ਨਹੀਂ ਮਿਲੀ। ਜਦੋਂ ਇੱਕ ਦਿਨ ਘਰ ਦੇ ਬਾਕੀ ਜੀਅ ਉਸ ਦੇ ਸਹੁਰੇ ਨੂੰ ਡਾਕਟਰ ਦੇ ਲਿਜਾਣ ਲੱਗੇ ਤਾਂ ਉਸ ਦਾ ਸਹੁਰਾ ਰਾਣੀ ਨੂੰ ਆਵਾਜ਼ਾਂ ਮਾਰਨ ਲੱਗ ਪਿਆ।

“ਰਾਣੇ ਪੁੱਤ…ਆ ਮੇਰੇ ਨਾਲ ਮੈਨੂੰ ਫੜ ਕੇ ਬੈਠ। ਆ ਮੇਰਾ ਪੁੱਤ… ਤੇਰੇ ਬਗੈਰ ਮੈਂ ਡਾਕਟਰ ਦੇ ਨਹੀਂ ਜਾ ਸਕਦਾ…ਤੂੰ ਮੈਨੂੰ ਫੜ ਕੇ ਬੈਠ!”

ਇਸ ਤੋਂ ਬਾਅਦ ਜਦੋਂ ਵੀ ਉਸ ਨੂੰ ਡਾਕਟਰ ਦੇ ਲਿਜਾਂਦੇ ਤਾਂ ਉਹ ਰਾਣੀ ਤੋਂ ਬਗੈਰ ਕਾਰ ਵਿੱਚ ਨਾ ਬੈਠਦਾ। ਹਸਪਤਾਲ ਜਾ ਕੇ ਵੀ ਉਹ ਰਾਣੀ ਨੂੰ ਹਾਕਾਂ ਮਾਰਦਾ ਤੇ ਪਲ ਭਰ ਲਈ ਆਪਣੀਆਂ ਅੱਖਾਂ ਤੋਂ ਦੂਰ ਨਾ ਹੋਣ ਦਿੰਦਾ। ਉਸ ਨੂੰ ਲੱਗਣ ਲੱਗ ਪਿਆ ਕਿ ਰਾਣੀ ਦੇ ਹੱਥਾਂ ਵਿੱਚ ਹੀ ਉਹ ਸੁਰੱਖਿਅਤ ਹੈ। ਹਸਪਤਾਲ ‘ਚ ਹੋਵੇ ਜਾਂ ਘਰੇ ਹੋਵੇ ਉਹ ਰਾਣੀ ਨੂੰ ਪਲ ਭਰ ਵਾਸਤੇ ਵੀ ਅੱਖਾਂ ਤੋਂ ਪਰੇ ਨਾ ਹੋਣ ਦਿੰਦਾ।

ਆਸੇ ਪਾਸੇ ਦੇਖ ਉੱਚੀ ਉੱਚੀ ਰੌਲਾ ਪਾ ਦਿੰਦਾ ਕਿ ਮੇਰੇ ਪੁੱਤ ਰਾਣੇ ਨੂੰ ਬੁਲਾਉ… ਮੈਂ ਪਾਣੀ ਪੀਣਾ ਹੈ…. ਮੈਂ ਢਾਸਣਾ ਲਾ ਕੇ ਬੈਠਣਾ ਹੈ….।

ਕੁਝ ਦਿਨਾਂ ਬਾਅਦ ਰਾਣੀ ਦੇ ਬਾਪੂ ਜੀ ਰਾਣੀ ਦੇ ਹੱਥਾਂ ਵਿੱਚ ਹੀ ਦਮ ਤੋੜ ਗਏ।

ਇੱਕ ਨੂੰਹ ਆਪਣੇ ਸਹੁਰੇ ਦੀ ਇਸ ਤਰ੍ਹਾਂ ਨਾਲ ਓਦੋਂ ਹੀ ਸੇਵਾ ਕਰ ਸਕਦੀ ਹੈ ਜਦੋਂ ਉਹ ਆਪਣੇ ਸਹੁਰੇ ਨੂੰ ਆਪਣਾ ਬਾਪ ਸਮਝਦੀ ਹੈ ਅਤੇ ਇੱਕ ਸਹੁਰਾ ਵੀ ਓਦੋਂ ਹੀ ਆਪਣੀ ਨੂੰਹ ਨੂੰ ਇਸ ਤਰ੍ਹਾਂ ਕਹਿ ਕੇ ਆਵਾਜ਼ਾਂ ਮਾਰਦਾ ਹੈ ਜਦੋਂ ਉਸ ਨੂੰ ਆਪਣੀ ਨੂੰਹ ਆਪਣੀ ਧੀ ਜਾਪਦੀ ਹੈ।

ਇੱਕ ਹੋਰ ਅਜਿਹੀ ਗੱਲ ਜਿਸ ਦਾ ਵਰਨਣ ਕਰਨ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ। ਕੁਝ ਸਮਾਂ ਪਹਿਲਾਂ ਮੈਂ ਸਰੀ (ਬੀ.ਸੀ) ਗਈ। ਉੱਥੇ ਪੰਜਾਬੀ ਸ਼ਾਇਰ ਮੋਹਨ ਗਿੱਲ ਨਾਲ ਮੁਲਾਕਾਤ ਹੋਈ। ਗੱਲਾਂ ਬਾਤਾਂ ਵਿੱਚ ਉਨ੍ਹਾਂ ਨੇ ਆਪਣੇ ਘਰ ਦੀ ਇੱਕ ਗੱਲ ਸੁਣਾਈ ਜੋ ਮੇਰੇ ਇਸ ਵਿਸ਼ੇ ਨਾਲ ਮੇਲ ਖਾਂਦੀ ਹੈ।

ਮੋਹਨ ਗਿੱਲ ਹੋਰਾਂ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੇ ਬਾਪੂ ਜੀ ਨਹਾਉਂਦੇ ਸਮੇਂ ਟੱਬ ਵਿੱਚ ਡਿੱਗ ਪਏ। ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਧੜੰਮ ਕਰਕੇ ਟੱਬ ਵਿੱਚ ਲੰਬੇ ਲੋਟ ਡਿੱਗ ਪਏ। ਮੋਹਨ ਗਿੱਲ ਨੇ ਆਪਣੇ ਬਾਪੂ ਜੀ ਨੂੰ ਕਿਹਾ ਹੋਇਆ ਸੀ ਕਿ ਜਦੋਂ ਨਹਾਉਣ ਲੱਗਣ ਤਾਂ ਬਾਥਰੂਮ ਨੂੰ ਲਾਕ ਨਾ ਕਰਿਆ ਕਰਨ ਤਾਂ ਜੋ ਲੋੜ ਪੈਣ ‘ਤੇ ਬਾਥਰੂਮ ਵਿੱਚ ਜਾਇਆ ਜਾ ਸਕੇ। ਜਦੋਂ ਮੈਂ ਬਾਪੂ ਜੀ ਨੂੰ ਆਪਣੀਆਂ ਬਾਹਾਂ ‘ਤੇ ਚੁੱਕ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਸਰੀਰ ਭਾਰਾ ਹੋਣ ‘ਤੇ ਮੈਂ ਅਸਮਰੱਥ ਸੀ। ਏਨੇ ਨੂੰ ਮੇਰੀ ਪਤਨੀ ਨੂੰ ਪਤਾ ਲੱਗ ਗਿਆ ਕਿ ਬਾਪੂ ਜੀ ਡਿੱਗ ਪਏ ਹਨ। ਉਹ ਭੱਜ ਕੇ ਆਈ। ਮੈਂ ਉਸ ਨੂੰ ਉੱਚੀ ਆਵਾਜ਼ ‘ਚ ਕਿਹਾ…. ਪਰੇ… ਪਰੇ… ਇੱਧਰ ਨਾ ਆ।

ਮੇਰੇ ਰੌਲਾ ਪਾਉਣ ਦਾ ਕਾਰਨ ਇਹ ਸੀ ਕਿ ਬਾਪੂ ਜੀ ਦੇ ਤਨ ‘ਤੇ ਕੋਈ ਕੱਪੜਾ ਨਹੀਂ ਸੀ। ਮੈਂ ਨਹੀਂ ਸਾਂ ਚਾਹੁੰਦਾ ਕਿ ਮੇਰੀ ਪਤਨੀ ਅਜਿਹੀ ਹਾਲਤ ਵਿੱਚ ਬਾਪੂ ਜੀ ਨੂੰ ਦੇਖੇ।

ਮਨਜੀਤ ਕੜਕ ਕੇ ਬੋਲੀ, ” ਕਿਉਂ ! ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ। ਕੀ ਇਹ ਮੇਰਾ ਪਿਉ ਨਹੀਂ?”

“ਏਨਾ ਕਹਿ ਕੇ ਮਨਜੀਤ ਨੇ ਬਾਪੂ ਜੀ ਨੂੰ ਇੱਕ ਪਾਸੇ ਤੋਂ ਫੜ ਲਿਆ ਅਤੇ ਅਸੀਂ ਦੋਨਾਂ ਨੇ ਬਾਪੂ ਜੀ ਨੂੰ ਟੱਬ ‘ਚੋਂ ਬਾਹਰ ਕੱਢ ਲਿਆ।”

ਏਨਾ ਕਹਿਣ ਸਾਰ ਮੋਹਨ ਗਿੱਲ ਦੀਆਂ ਅੱਖਾਂ ਭਰ ਆਈਆਂ। ਉਹ ਆਪਣੇ ਅੱਖਾਂ ਵਿੱਚ ਆਏ ਪਿਆਰ ਦੇ ਹੰਝੂ ਪੂੰਝ ਰਹੇ ਸਨ ਅਤੇ ਮੈਂ ਸੋਚ ਰਹੀ ਸਾਂ ਕਿ ਕੌਣ ਕਹਿੰਦਾ ਹੈ ਕਿ ਨੂੰਹ ਧੀ ਨਹੀਂ ਬਣ ਸਕਦੀ?



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -