ਪ੍ਰੋਫੈਸਰ ਮਨਜੀਤ ਤਿਆਗੀ
ਮਾਨਸਿਕ ਤਣਾਅ ਆਧੁਨਿਕ ਯੁੱਗ ਦੀ ਦੇਣ ਹੈ। ਤਣਾਅ ਸਾਡੀਆਂ ਖ਼ੁਸ਼ੀਆਂ ਨੂੰ ਨਿਗਲ ਰਿਹਾ ਹੈ ਤੇ ਸਾਡੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ। ਅੱਜ ਦੇ ਜ਼ਿਆਦਾਤਰ ਲੋਕ ਬੇਚੈਨੀ ਦੇ ਸ਼ਿਕਾਰ ਹਨ। ਬੇਚੈਨ ਵਿਅਕਤੀ ਹਮੇਸ਼ਾਂ ਕਾਹਲੀ ਵਿੱਚ ਹੁੰਦਾ ਹੈ, ਉਹ ਛੇਤੀ ਖਿਝ ਜਾਂਦਾ ਹੈ। ਉਸ ਦੀ ਸੋਚ ਨਕਾਰਾਤਮਕ ਹੋ ਜਾਂਦੀ ਹੈ। ਉਹ ਸ਼ਾਂਤ ਚਿਤ ਹੋ ਕੇ ਨਹੀਂ ਬੈਠ ਸਕਦਾ, ਨਾ ਹੀ ਕਿਸੇ ਚੀਜ਼ ਜਾਂ ਕੰਮ ‘ਤੇ ਧਿਆਨ ਕੇਂਦਰਿਤ ਕਰ ਸਕਦਾ ਹੈ। ਅੱਜ ਦਾ ਮਨੁੱਖ ਖਪਤ ਸੱਭਿਆਚਾਰ ਵਿੱਚ ਲੁਪਤ ਹੋ ਕੇ ਆਪਣੀ ਸਾਰੀ ਉਮਰ ਦੌਲਤ ਜਾਂ ਚੀਜ਼ਾਂ ਦਾ ਢੇਰ ਵਧਾਉਣ ਲਈ ਲਾ ਦਿੰਦਾ ਹੈ। ਅੰਤ ਉਸ ਨੂੰ ਨਿਰਾਸ਼ਾ ਹੀ ਝੱਲਣੀ ਪੈਂਦੀ ਹੈ ਕਿਉਂਕਿ ਖ਼ੁਸ਼ੀ ਦਾ ਸਬੰਧ ਧਨ ਨਾਲ ਨਹੀਂ ਮਨ ਨਾਲ ਹੈ।
ਆਮ ਤੌਰ ‘ਤੇ ਰੀਝਾਂ ਪੂਰੀਆਂ ਕਰਨ ਲਈ ਸਾਡਾ ਮਨ ਭੜਕਦਾ ਰਹਿੰਦਾ ਹੈ, ਪਰ ਸਾਧਨ ਸੀਮਤ ਹੋਣ ਕਾਰਨ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਲਈ ਆਪਣੀਆਂ ਆਸਾਂ ਵਿੱਚ ਕਮੀ ਲਿਆ ਕਿ ਜੋ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੁਸ਼ ਰਹਿਣਾ ਸਿੱਖੋ। ਸਰੀਰ ਨੂੰ ਸਮਰੱਥਾ ਅਨੁਸਾਰ ਸਰਗਰਮ ਰੱਖਣ ਨਾਲ ਨਾ ਸਿਰਫ਼ ਸਮਾਂ ਹੀ ਚੰਗੇ ਤਰੀਕੇ ਨਾਲ ਬੀਤਦਾ ਹੈ ਸਗੋਂ ਮਨ ਵਿੱਚ ਫਾਲਤੂ ਵਿਚਾਰ ਵੀ ਨਹੀਂ ਆਉਂਦੇ। ਜਦੋਂ ਮਨੁੱਖ ਪੈਸੇ ਦਾ ਪੁੱਤ ਬਣ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਇਹ ਗ਼ਲਤ ਧਾਰਨਾ ਹੈ ਕਿਉਂਕਿ ਅਨੇਕਾਂ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੂਝ-ਬੂਝ ਨਾਲ ਨਿਪਟ ਸਕਦੇ ਹੋ। ਜਿਵੇਂ ਤਣਾਅ ਨਾਲ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਆਰਾਮ ਕਰਕੇ ਹੀ ਕੀਤਾ ਜਾ ਸਕਦਾ ਹੈ। ਪੈਸੇ ਨਾਲ ਬੈੱਡ ਤਾਂ ਖਰੀਦਿਆ ਜਾ ਸਕਦਾ ਹੈ, ਪਰ ਨੀਂਦ ਜਾਂ ਆਰਾਮ ਨਹੀਂ ਖਰੀਦਿਆ ਜਾ ਸਕਦਾ।
ਆਪਣੀਆਂ ਸਮਰੱਥਾਵਾਂ ‘ਤੇ ਭਰੋਸਾ ਰੱਖ ਕੇ ਆਪਣੀਆਂ ਸਕਾਰਾਤਮਕ ਤੇ ਨਕਾਰਾਤਮਕ ਆਦਤਾਂ ਦਾ ਮੁਲਾਂਕਣ ਕਰੋ। ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲਣ ਲਈ ਲੋੜੀਂਦੀ ਯੋਗਤਾ ਹੋਣੀ ਜ਼ਰੂਰੀ ਹੈ। ਜੇੇ ਤੁਹਾਡੀ ਯੋਗਤਾ ਤੁਹਾਡੇ ਸੁਪਨਿਆਂ ਨਾਲ ਮੇਲ ਨਹੀਂ ਖਾਂਦੀ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਲਾਲਚ ਵਿੱਚ ਆ ਕੇ ਇੱਕੋ ਵੇਲੇ ਕਈ ਕੰਮ ਕਰਨ ਨਾਲ ਤੁਹਾਡਾ ਸਰੀਰ ਥਕਾਵਟ ਨਾਲ ਨਿਢਾਲ ਹੋ ਜਾਂਦਾ ਹੈ ਤਾਂ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਲੋੜਾਂ ਤੈਅ ਕਰਕੇ ਆਪਣੀਆਂ ਸਮਰੱਥਾਵਾਂ ਮੁਤਾਬਕ ਕੰਮ ਕਰਨ ਨਾਲ ਤੁਸੀਂ ਆਪਣੇ ਕੰਮ ਦਾ ਅਤੇ ਆਰਾਮ ਦਾ ਆਨੰਦ ਮਾਣ ਸਕਦੇ ਹੋ।
ਦੂਜਿਆਂ ਦੀ ਜੀਵਨਸ਼ੈਲੀ ਦੇਖ ਕੇ ਦੁਖੀ ਨਾ ਹੋਵੋ ਤੇ ਨਾ ਹੀ ਫੇਸਬੁੱਕ ‘ਤੇ ਆਪਣੇ ਦੋਸਤਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖ ਕੇ ਈਰਖਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੋਸਤ ਅਤੇ ਪਤੀ-ਪਤਨੀ ਵਿਚਾਲੇ ਕੀ ਹੁੰਦਾ ਹੈ? ਆਪਣੇ ਜੀਵਨ ਨੂੰ ਹੋਰਾਂ ਦੇ ਜਿਉਣ ਢੰਗ ਨਾਲ ਨਾ ਦੇਖੋ। ਹਰ ਕਿਸੇ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ, ਜੋ ਉਸ ਲਈ ਕੰਮ ਕਰਦਾ ਹੈ। ਤੁਹਾਨੂੰ ਆਪਣਾ ਤਰੀਕਾ ਆਪ ਲੱਭਣਾ ਪਵੇਗਾ। ਇਸ ਲਈ ਤੁਸੀਂ ਉਹ ਜੀਵਨ ਜੀਵੋ ਜਿਸ ਦੀ ਤੁਹਾਨੂੰ ਚਾਹਤ ਹੈ। ਇਹ ਤੁਹਾਡੀ ਆਪਣੀ ਜ਼ਿੰਦਗੀ ਹੈ ਇਸ ਨੂੰ ਦੂਜਿਆਂ ਦੀਆਂ ਇੱਛਾਵਾਂ ਵਿੱਚ ਜਕੜਨਾ ਵੀ ਨਿਰਾਸ਼ਾ ਨੂੰ ਹੀ ਸੱਦਾ ਦਿੰਦਾ ਹੈ। ਦੂਜਿਆਂ ਤੋਂ ਵੀ ਜ਼ਿਆਦਾ ਉਮੀਦਾਂ ਨਾ ਰੱਖੋ ਕਿਉਂਕਿ ਜਦੋਂ ਕੋਈ ਤੁਹਾਡੀ ਉਮੀਦ ‘ਤੇ ਖਰਾ ਨਹੀਂ ਉਤਰਦਾ ਤਾਂ ਮਨ ਨੂੰ ਠੇਸ ਪਹੁੰਚਦੀ ਹੈ। ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ ਅਤੇ ਬੇਵਜ੍ਹਾ ਦੇ ਡਰ ਛੱਡ ਕੇ ਭਰਪੂਰ ਜ਼ਿੰਦਗੀ ਜੀਵੋ।
ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਅਸੀਂ ਬਦਲ ਨਹੀਂ ਸਕਦੇ ਤੇ ਨਾ ਹੀ ਭਵਿੱਖ ਦੀ ਅਨਿਸ਼ਚਿਤਤਾ ਸਾਡੇ ਹੱਥ ਵਿੱਚ ਹੈ। ਇਸ ਲਈ ਅਤੀਤ ਦਾ ਪਛਤਾਵਾ ਤੇ ਭਵਿੱਖ ਦਾ ਫ਼ਿਕਰ ਛੱਡ ਕੇ ਵਰਤਮਾਨ ਸਮੇਂ ਵਿੱਚ ਖੁਸ਼ ਰਹਿਣ ਦੀ ਆਦਤ ਪਾਉ। ਜਿਹੜੇ ਡਰਾਈਵਰ ਗੱਡੀ ਦੇ ਪਿਛਲੇ ਦ੍ਰਿਸ਼ ਦੇਖਣ ਵਾਲੇ ਸ਼ੀਸ਼ੇ ਵਿੱਚ ਜ਼ਿਆਦਾ ਝਾਕਦੇ ਹਨ ਉਨ੍ਹਾਂ ਦੇ ਐਕਸੀਡੈਂਟ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਕਸਰ ਅਸੀਂ ਅਜਿਹੀਆਂ ਘਟਨਾਵਾਂ ਬਾਰੇ ਚਿੰਤਤ ਰਹਿੰਦੇ ਹਾਂ ਜੋ ਕਦੇ ਵਾਪਰਨੀਆਂ ਹੀ ਨਹੀਂ ਹੁੰਦੀਆਂ।
ਭਾਵੇਂ ਚਿੰਤਾਵਾਂ ਮਨੁੱਖ ਲਈ ਇੱਕ ਸੁਭਾਵਿਕ ਵਰਤਾਰਾ ਹਨ ਕਿਉਂਕਿ ਉਹ ਹੱਡ-ਮਾਸ ਦਾ ਬਣਿਆ ਦਿਲ ਤੇ ਦਿਮਾਗ਼ ਰੱਖਣ ਵਾਲਾ ਜੀਵ ਹੈ, ਕੋਈ ਮਸ਼ੀਨ ਨਹੀਂ। ਪਰ ਜਿੱਥੋਂ ਤੱਕ ਹੋ ਸਕੇ ਡਰ ਅਤੇ ਚਿੰਤਾਵਾ ਉੱਪਰ ਕਾਬੂ ਪਾ ਕੇ ਖੁਸ਼ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਆਪਣੇ ਨਜ਼ਰੀਏ ਨੂੰ ਬਦਲ ਕੇ ਤੁਸੀਂ ਖ਼ੁਸ਼ ਰਹਿ ਸਕਦੇ ਹੋ। ਜੇ ਬਾਹਰ ਮੀਂਹ ਪੈ ਰਿਹਾ ਹੈ ਤੇ ਤੁਸੀਂ ਬਾਹਰ ਕਿਸੇ ਜ਼ਰੂਰੀ ਕੰਮ ਜਾਣਾ ਹੈ ਤਾਂ ਦੁਖੀ ਨਾ ਹੋਵੋ ਕਿਉਂਕਿ ਤੁਹਾਡੇ ਦੁਖੀ ਹੋਣ ਨਾਲ ਮੀਂਹ ਰੁਕਣ ਨਹੀਂ ਲੱਗਾ, ਪਰ ਤੁਹਾਡੇ ਕੋਲ ਇੱਕ ਹੋਰ ਬਦਲ ਹੈ ਕਿ ਤੁਸੀਂ ਛੱਤਰੀ ਲੈ ਕੇ ਆਪਣੇ ਕੰਮ ਲਈ ਬਾਹਰ ਜਾ ਸਕਦੇ ਹੋ।
ਜੇ ਤੁਸੀਂ ਜ਼ਿੰਦਗੀ ਤੋਂ ਉਕਤਾ ਗਏ ਹੋ ਤਾਂ ਤੁਹਾਨੂੰ ਜੀਵਨਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਤੁਸੀਂ ਦੂਜਿਆਂ ਨੂੰ ਬਦਲ ਨਹੀਂ ਸਕਦੇ ਸਿਰਫ਼ ਸਲਾਹ ਦੇ ਸਕਦੇ ਹੋ। ਪਰ ਸਹੀ ਦਿਸ਼ਾ ਵਿੱਚ ਊਰਜਾ ਲਾ ਕੇ ਤੁਸੀਂ ਦੂਜਿਆਂ ਲਈ ਉਦਾਹਰਨ ਬਣ ਸਕਦੇ ਹੋ। ਆਪਣੇ ਕੰਮ ਦੇ ਬੋਝ ਨੂੰ ਘਟਾ ਕੇ ਵਿਹਲੇ ਸਮੇਂ ਵਿੱਚ ਮਨ ਦੀ ਕੈਨਵਸ ‘ਤੇ ਸੁਖਦਾਈ ਦ੍ਰਿਸ਼ ਸਿਰਜੋ। ਅਜਿਹੇ ਪਲਾਂ ਨੂੰ ਯਾਦ ਕਰੋ ਜਿਨ੍ਹਾਂ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੇ। ਇਹ ਪਲ ਤੁਹਾਡੇ ਸਕੂਲ, ਕਾਲਜ ਵਿੱਚੋਂ ਫਸਟ ਆਉਣ, ਤੁਹਾਡੇ ਵਿਆਹ ਨਾਲ, ਪ੍ਰੇਮਿਕਾ ਨਾਲ ਘੁੰਮਣ, ਪਹਿਲੀ ਵਾਰ ਮੁੱਖ ਮਹਿਮਾਨ ਬਣਨਾ, ਨੌਕਰੀ ਪ੍ਰਾਪਤ ਕਰਨ ਆਦਿ ਨਾਲ ਸਬੰਧਤ ਹੋ ਸਕਦੇ ਹਨ। ਜਦੋਂ ਤੁਸੀਂ ਇਕਾਗਰ ਮਨ ਨਾਲ ਕਿਸੇ ਰੁਮਾਂਚਿਤ ਘਟਨਾ ਨੂੰ ਯਾਦ ਕਰਦੇ ਹੋ ਤਾਂ ਕਾਲਪਨਿਕ ਸ਼ਕਤੀ ਨਾਲ ਫਿਰ ਉਸੇ ਮਾਹੌਲ ਵਿੱਚ ਰੰਗੇ ਜਾਂਦੇ ਹੋ ਤੇ ਤੁਹਾਡੀ ਜ਼ਿੰਦਗੀ ਵਿੱਚ ਰੰਗਤ ਆ ਜਾਂਦੀ ਹੈ। ੰਗਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਤੇ ਸਮੱਸਿਅਵਾਂ ਬਾਰੇ ਸੋਚਣਾ ਤਾਂ ਠੀਕ ਹੈ, ਪਰ ਬਹੁਤ ਜ਼ਿਆਦਾ ਸੋਚਣਾ ਠੀਕ ਨਹੀਂ ਕਿਉਂਕਿ ਹਰ ਸਮੇਂ ਸਮੱਸਿਆਵਾਂ ਨੂੰ ਦਿਮਾਗ਼ ਵਿੱਚ ਰੱਖ ਕੇ ਖ਼ੁਸ਼ ਰਹਿਣਾ ਸੰਭਵ ਨਹੀਂ। ਖੁਸ਼ ਰਹਿਣਾ ਇੱਕ ਮਾਨਸਿਕ ਅਵਸਥਾ ਹੀ ਹੈ। ਜੇ ਤੁਸੀਂ ਖ਼ੁਸ਼ ਰਹਿਣ ਦੀ ਅਵਸਥਾ ਮਨ ਵਿੱਚ ਧਾਰ ਲਵੋਂ ਤਾਂ ਤੁਹਾਨੂੰ ਕੋਈ ਵੀ ਬਾਹਰੀ ਤਾਕਤ ਦੁਖੀ ਨਹੀਂ ਕਰ ਸਕਦੀ।
ਸੰਪਰਕ: 98140-96108