ਜਗਜੀਤ ਸਿੰਘ ਲੋਹਟਬੱਦੀ
ਘਰ ਦਾ ਦੂਜਾ ਨਾਂ ਸਕੂਨ, ਸ਼ਾਂਤੀ, ਸਿਰ ‘ਤੇ ਛੱਤ, ਆਤਮਾ ਦੀ ਤ੍ਰਿਪਤੀ ਅਤੇ ਮਨ ਦਾ ਠਹਿਰਾਅ ਹੈ। ਜਿੱਥੇ ਖੁੱਲ੍ਹ ਕੇ ਅੰਗੜਾਈ ਲੈਣ ਨੂੰ ਦਿਲ ਕਰਦਾ ਹੈ। ਛੱਜੂ ਦਾ ਚੁਬਾਰਾ ਬਲਖ ਬੁਖਾਰਿਆਂ ਨੂੰ ਮਾਤ ਪਾਉਂਦਾ ਹੈ। ਘਰ ਬ੍ਰਹਿਮੰਡ ਦੇ ਸੱਤਾਂ ਅਜੂਬਿਆਂ ਤੋਂ ਨਿਆਰਾ ਹੈ। ਆਕਾਰ ਅਹਿਮੀਅਤ ਨਹੀਂ ਰੱਖਦਾ। ਰੋਕ ਟੋਕ ਰੋੜਾ ਨਹੀਂ ਬਣਦੀ। ਸੁਪਨਿਆਂ ਦੀ ਤਾਮੀਰ ਜੁ ਕੀਤੀ ਹੁੰਦੀ ਹੈ। ਕੰਧਾਂ, ਬੂਹੇ ਬਾਰੀਆਂ, ਆਲ਼ੇ, ਰੋਸ਼ਨਦਾਨ ਤੁਹਾਡੇ ਨਾਲ ਸੰਵਾਦ ਰਚਾਉਂਦੇ ਹਨ। ਸਰਦਲ ਅੰਦਰ ਪੈਰ ਪਾਉਂਦਿਆਂ ਹੀ ਤੁਹਾਡੇ ਵਿਯੋਗ ਦੀਆਂ ਬਾਤਾਂ ਪਰਤ ਦਰ ਪਰਤ ਖੁੱਲ੍ਹਣ ਲੱਗਦੀਆਂ ਹਨ। ਅਹਿਸਾਸ, ਇੱਟਾਂ ਦੇ ਢਾਂਚੇ ਦਾ ਨਹੀਂ, ਮੂੰਹੋਂ ਬੋਲਦੀਆਂ ਤਸਵੀਰਾਂ ਦਾ ਹੁੰਦਾ ਹੈ। ਇੱਕ ਉਲਾਂਭਾ ਜਿਹਾ ਚਿੱਤਰਦਾ ਹੈ, ”ਸੋਹਣਿਆਂ, ਮੂਰਤਾਂ ਤੋਂ ਸੱਖਣੇ ਘਰ ਖਾਲ਼ੀ ਖਲਾਅ ਹੁੰਦੇ ਨੇ…ਆਵਾਜ਼ ਗੂੰਜਦੀ ਰਹਿੰਦੀ ਆ। ਸੁੰਞ-ਮਸਾਣ ਸਹਾਈ ਨਹੀਂ ਹੁੰਦੀ…ਸਦਾ ਹੱਸਦਿਆਂ ਦੇ ਘਰ ਵੱਸਦੇ ਨੇ!”
ਕੰਕਰੀਟ ਦੀ ਬਣੀ ਚਾਰਦੀਵਾਰੀ ਘਰ ਨਹੀਂ ਕਹਾਉਂਦੀ। ਘਰ ਉਹ ਹੁੰਦਾ, ਜਿੱਥੇ ਤੁਹਾਡੇ ਸੁਰਮਈ ਸੁਪਨੇ ਰੰਗੀਨੀ ਨਾਲ ਲਬਰੇਜ਼ ਹੁੰਦੇ ਹਨ। ਘਰ ਤੁਹਾਡੇ ਬਚਪਨ ਦੀਆਂ ਕਿਲਕਾਰੀਆਂ ਨਾਲ ਗੂੰਜਿਆ ਹੁੰਦਾ ਹੈ। ਘਰ ਤੁਹਾਡੇ ਅਰਮਾਨਾਂ ਨੂੰ ਆਕਾਸ਼ੀਂ ਪਹੁੰਚਾਉਣ ਦਾ ਜ਼ਰੀਆ ਬਣਦਾ ਹੈ। ਤੁਹਾਡੇ ਪੁਰਖਿਆਂ ਦੀ ਅਮੀਰ ਵਿਰਾਸਤ ਹੁੰਦੀ ਹੈ। ਬਾਬਾਣੀਆਂ ਕਹਾਣੀਆਂ ਦੀ ਸ਼ਰਤੀਆ ਸ਼ਾਹਦੀ ਭਰਦੈ…ਹੁੰਗਾਰਾ ਦਿੰਦੈ। ਘਰ ਕਿਸੇ ਵਾਸਤੂ ਸ਼ਾਸਤਰ ਦਾ ਗ਼ੁਲਾਮ ਨਹੀਂ ਹੁੰਦਾ। ਇਹ ਉਹ ਟਿਕਾਣਾ ਹੁੰਦਾ, ਜਿੱਥੇ ਬੈਠਿਆਂ ਪੰਛੀਆਂ ਦੀ ਚਹਿਚਹਾਟ ਕੰਨੀਂ ਪੈਂਦੀ ਐ, ਹਵਾ ਅਠਖੇਲੀਆਂ ਕਰਦੀ ਤੁਹਾਨੂੰ ਛੇੜ ਕੇ ਲੰਘਦੀ ਹੈ, ਬਨਸਪਤੀ ਮੌਲਦੀ ਲੱਗਦੀ ਹੈ ਅਤੇ ਪੌਣਾਂ ਤਰਾਨੇ ਗਾਉਂਦੀਆਂ ਹਨ। ਜਿੱਥੇ ਸੱਧਰਾਂ, ਵਲਵਲੇ, ਸੁਪਨੇ ਜਵਾਨ ਹੁੰਦੇ ਹਨ। ਸੁਪਨਿਆਂ ਤੋਂ ਸੱਖਣਾ ਘਰ, ਤੂੜੀ ਵਾਲਾ ਕੋਠਾ ਹੁੰਦਾ ਹੈ। ਘਰ ਉਹ ਹੁੰਦਾ, ਜਿਸ ਵਿੱਚ ਸੁਹਾਗਣ ਆਪਣੀ ਡੋਲੀ ਤੋਂ ਲੈ ਕੇ ਅਰਥੀ ਤੱਕ ਦੀ ਕਾਮਨਾ ਕਰਦੀ ਹੈ। ਘਰ ਉਹ ਹੁੰਦਾ, ਜਿਸ ਵਿੱਚ ਅਸੀਂ ਜਿਉਂਦੇ ਹਾਂ।
‘ਘਰ’ ਅਤੇ ‘ਮਕਾਨ’ ਵਿੱਚ ਅੰਤਰ ਹੁੰਦਾ ਹੈ। ‘ਘਰ’ ਅਤੇ ‘ਘਰ’ ਵਿੱਚ ਵੀ ਵਖਰੇਵਾਂ ਹੁੰਦਾ ਹੈ। ਫ਼ਰਕ ਰੀਝਾਂ ਦਾ ਹੁੰਦਾ ਹੈ, ਜਿਹੜੀਆਂ ਘਰ ਨਾਲ ਜੁੜੀਆਂ ਹੁੰਦੀਆਂ ਹਨ। ਕਈ ਵਾਰ ‘ਬਾਹਰਲਾ’ ਘਰ ‘ਇੱਧਰਲੇ’ ਨਾਲੋਂ ਜ਼ਿਆਦਾ ਲੁਭਾਵਣਾ ਲੱਗਦਾ ਹੈ। ਕਈ ਹਾਦਸੇ ਅਜਿਹੇ ਵੀ ਵਾਪਰਦੇ ਹਨ ਕਿ ‘ਆਪਣੇ’ ਘਰ ਦਾ ਹੇਰਵਾ ਬੰਦੇ ਨੂੰ ਨਾ ਜਿਉਣ ਦਿੰਦਾ, ਨਾ ਮਰਨ। ਕਹਿੰਦੇ ਨੇ, ਮਰਦ ਮਕਾਨ ਬਣਾਉਂਦੈ ਤੇ ਔਰਤ ਘਰ। ਵਿਆਖਿਆ ਅਸੀਮ ਹੈ। ਸ਼ਾਇਰ ਸੁਖਪਾਲ ਦਾ ਮੱਤ ਹੈ ਕਿ “ਮਰਦ ਜਦੋਂ ਇਸਤਰੀ ਚੁਣਦਾ ਹੈ ਤਾਂ ਸਿਰਫ਼ ਇਸਤਰੀ ਨੂੰ ਵੇਖਦਾ ਹੈ। ਇਸਤਰੀ ਸਿਰਫ਼ ਮਰਦ ਨਹੀਂ, ਉਸ ਦੇ ਪਾਰ ਵੱਸਿਆ ‘ਘਰ’ ਅਤੇ ਉਸ ਰਾਹੀਂ ਜਨਮ ਲੈਣ ਵਾਲੇ ਬੱਚੇ ਵੀ ਵੇਖਦੀ ਹੈ…ਮਨੁੱਖ ਨੂੰ ਬਚਾਈ ਰੱਖਣ ਲਈ ਇਸਤਰੀ ਨੂੰ ਘਰ ਚਾਹੀਦਾ ਹੈ। ਇਸੇ ਲਈ ਮਰਦ ਚੁਣਨ ਵੇਲੇ ਉਹ ਵੇਖਦੀ ਹੈ ਕਿ ਉਹ ਉਸ ਨੂੰ ‘ਘਰ’ ਦੇ ਸਕਦਾ ਹੈ ਕਿ ਨਹੀਂ। ‘ਘਰ’ ਕੀ ਹੁੰਦਾ ਹੈ- ਇਹ ਸਮਝਣ ਲਈ ਮੈਨੂੰ ਇਸਤਰੀ ਹੋਣ ਦੀ ਲੋੜ ਹੈ।”
ਜ਼ਰੂਰੀ ਨਹੀਂ ਕਿ ਘਰ ਵੱਡੇ ਸ਼ਹਿਰ ਵਿੱਚ ਵਿਸ਼ਾਲ ਕੋਠੀ, ਬੰਗਲਾ-ਨੁਮਾ ਢਾਂਚਾ, ਕੋਈ ਰਾਜਾ ਸ਼ਾਹੀ ਮਹਿਲ ਜਾਂ ਮੀਲਾਂ ਬੱਧੀ ਵਲਗਣ ਹੋਵੇ। ਘਰ ਮਿੱਟੀ ਦਾ ਢਾਰਾ ਜਾਂ ਕੰਮੀਆਂ ਦੀ ਬਸਤੀ ਦਾ ਨਿੱਕਾ ਜਿਹਾ ਕੋਠਾ ਵੀ ਹੋ ਸਕਦਾ ਹੈ। ਮਹਿੰਗਾ ਐਸ਼ ਪ੍ਰਸਤੀ, ਐਸ਼ੋ ਆਰਾਮ ਦਾ ਸਾਜ਼ੋ ਸਾਮਾਨ ਘਰ ਨੂੰ ਸੁਖਦਾਇਕ ਨਹੀਂ ਬਣਾਉਂਦੇ; ਤੁਹਾਡੀਆਂ ਸੂਖਮ ਕਲਾਵਾਂ ਤੇ ਕੋਮਲ ਰੀਝਾਂ ਇਸ ਦੀ ਠੰਢਕ ਦਾ ਖਿਆਲ ਰੱਖਦੀਆਂ ਹਨ। ਇੱਕ ਵਿਲੱਖਣ ਘਟਨਾ ਯਾਦ ਆਈ: ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸਿੰਘ ਸੂਰੀ ਨੂੰ ਕੁਆਰਟਰ ਮਿਲਿਆ ਹੋਇਆ ਸੀ। ਜਾਣ ਦਾ ਮੌਕਾ ਬਣਿਆ। ਉਨ੍ਹਾਂ ਦੀ ਅਮਰੀਕਨ ਪਤਨੀ ਡੋਨਾ ਸੂਰੀ ਨੇ ਘਰ ‘ਸਜਾਇਆ’ ਹੋਇਆ ਸੀ, ਬਿਨਾਂ ਕਿਸੇ ਸੋਫ਼ੇ, ਮੇਜ਼ ਕੁਰਸੀ ਜਾਂ ਕੀਮਤੀ ਕਿਚਨਵੇਅਰ ਦੇ! ਉੱਥੇ ਮੌਜੂਦ ਸਨ, ਮੂੜ੍ਹੇ, ਹੱਥੀਂ ਬੁਣੀਆਂ ਦਰੀਆਂ, ਪਿੱਤਲ ਦੇ ਬਰਤਨ ਤੇ ਪੰਜਾਬੀ ਸੱਭਿਆਚਾਰ ਦੀਆਂ ਕੁਝ ਤਸਵੀਰਾਂ। ਛੋਟਾ ਜਿਹਾ ਘਰ ਕਿਸੇ ਪੰਜ ਤਾਰਾ ਹੋਟਲ ਦੇ ਕਮਰੇ ਨੂੰ ਮਾਤ ਪਾਉਂਦਾ ਸੀ। ਜਾਣਿਆ ਕਿ ਮੈਡਮ ਸਾਡੇ ਵਿਰਸੇ ਦੀ ਸਾਡੇ ਕਿਸੇ ਬੁੱਧੀਜੀਵੀ ਤੋਂ ਵੱਧ ਗਿਆਤਾ ਸੀ।
ਕਈ ਵਾਰ ਹੁੰਦਿਆਂ ਸੁੰਦਿਆਂ ਵੀ ਆਪਣਾ ‘ਘਰ’ ਨਹੀਂ ਲੱਭਦਾ। ਸ਼ਾਇਰ ਜਸਵੰਤ ਦੀਦ ਦੀ ਕਵਿਤਾ ਵਿੱਚ ਨਿੱਕਾ ਬੱਚਾ ਆਪਣਾ ਮਿੱਟੀ ਦਾ ਘਰ ਬਣਾਉਂਦੈ, ਜਿਸ ਨੂੰ ਉਹ ਮੇਰ ਨਾਲ, ਹੱਕ ਨਾਲ ਆਪਣਾ ਘਰ ਦੱਸਦਾ। ਵੱਡੇ ਘਰ ਵੱਲ ਹੱਥ ਕਰ ਕੇ ਪਿਤਾ ਨੂੰ ਸਵਾਲ ਕਰਦਾ ਹੈ ਕਿ ਸਾਹਮਣਾ ਘਰ ਦਾਦੇ ਦਾ ਹੈ ਤੇ ਮਿੱਟੀ ਦਾ ਘਰ ਮੇਰਾ ਹੈ। ਤੇਰਾ ‘ਘਰ’ ਕਿੱਥੇ ਐ? ਆਦਮੀ ਤ੍ਰਭਕ ਜਾਂਦੈ ਤੇ ਨਿਸ਼ਬਦ ਹੋ ਜਾਂਦੈ। ਬਾਬਾ ਨਾਨਕ ਹੋਕਾ ਦਿੰਦੈ ‘ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ॥’ ਬਾਬੇ ਨਾਨਕ ਦਾ ‘ਘਰ’ ਕਿੱਥੇ ਹੈ? ਨਾਨਕ ਅਤੇ ਬੁੱਧ ਨੇ ਤਾਂ ਆਪਣੇ ਭਰੇ ਭਰਾਏ ਘਰ ਛੱਡ ਕੇ ਕਿਸੇ ਬ੍ਰਹਿਮੰਡੀ ‘ਘਰ’ ਦੀ ਕਲਪਨਾ ਕੀਤੀ ਸੀ। ਘਰ ਨੂੰ ਕਿਸੇ ਚਾਰ-ਦੀਵਾਰੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਕਵੀ ਸੁਖਪਾਲ ‘ਘਰ’ ਦੀ ਵਿਸ਼ਾਲਤਾ ਦੱਸਦੈ:
“ਕਈ ਵਾਰ ਬੰਦੇ ਦਾ ‘ਘਰ’ ਹੁੰਦਾ ਹੈ। ਕਈ ਵਾਰੀ ਬੰਦਾ ਆਪ ਹੀ ਘਰ ਹੁੰਦਾ ਹੈ। ਨਾਨਕ ਘਰ ਛੱਡ ਕੇ ਉਦਾਸੀਆਂ ਕਰਦਾ ਹੈ। ਮਰਦਾਨਾ ਉਸ ਦੇ ਨਾਲ ਨਾਲ ਰਹਿੰਦਾ ਹੈ। ਚੌਥੀ ਉਦਾਸੀ ਵਿੱਚ ਮਰਦਾਨਾ ਸਰੀਰ ਤਿਆਗ ਜਾਂਦਾ ਹੈ। ਉਸ ਮਗਰੋਂ ਨਾਨਕ ਨਿੱਕੀ ਜਿਹੀ ਪੰਜਵੀਂ ਉਦਾਸੀ ਕਰਦਾ ਹੈ…..ਬਸ। ਜਗਤ ਤਾਂ ਅਜੇ ਵੀ ਜਲੰਦਾ ਹੈ, ਪਰ ਨਾਨਕ ਕਰਤਾਰਪੁਰ ਟਿਕ ਜਾਂਦਾ ਹੈ। ਮਰਦਾਨਾ ਨਾਨਕ ਦਾ ‘ਘਰ’ ਸੀ, ਜਿਹੜਾ ਹਰ ਵੇਲੇ ਉਹਦੇ ਨਾਲ ਰਹਿੰਦਾ ਸੀ। ਮਰਦਾਨਾ, ਨਾਨਕ ਨੂੰ ਕਿਸੇ ਥਾਉਂ ਵੀ ‘ਬੇਘਰ’ ਨਾ ਹੋਣ ਦਿੰਦਾ।
ਇਹ ‘ਘਰ’ ਮੁੱਕ ਗਿਆ। ਨਾਨਕ ਘਰ ਪਰਤ ਆਇਆ।
ਨਾਨਕ ਦਾ ‘ਘਰ’ ਜਾਣਨ ਲਈ ਸਿੱਖ ਹੋਣਾ ਕਾਫ਼ੀ ਨਹੀਂ, ਨਾਨਕ ਹੀ ਹੋਣਾ ਪੈਂਦਾ ਹੈ।”
ਚਾਰ ਕੰਧਾਂ ਦੀ ਸੀਮਾ ਤੋਂ ਬਾਹਰ ਵੀ ਘਰ ਹੈ। ਖ਼ਾਨਾ-ਬਦੋਸ਼ ਖੁੱਲ੍ਹੀ ਨੀਲੀ ਛੱਤ ਹੇਠ ਰਾਤਾਂ ਕੱਟ ਕੇ ਵੀ ‘ਘਰ’ ਦਾ ਆਨੰਦ ਮਾਣਦੇ ਨੇ। ਜਿੱਧਰ ਜਾਂਦੇ ਨੇ, ਘਰ ਜਿਹਾ ਆਸਰਾ ਮਿਲ ਹੀ ਜਾਂਦੈ। ਕਦੇ ਸਥਾਈ ਘਰ ਦੀ ਕਾਮਨਾ ਹੀ ਨਹੀਂ ਕੀਤੀ, ਨਹੀਂ ਤਾਂ ਪੱਥਰਾਂ ਦੀ ਚਾਰ-ਦੀਵਾਰੀ ਕਿਤੇ ਵੀ ਸਹਿਜ ਪ੍ਰਦਾਨ ਕਰ ਸਕਦੀ ਐ। ਕੁਦਰਤ ਦਾ ਸੌਂਪਿਆ ਘਰ ਹੀ ਮਨ ਨੂੰ ਠਹਿਰਾਅ ਬਖਸ਼ਦੈ। ਸੰਤਾਲੀ ਨੇ ਲੱਖਾਂ ਘਰ ਉਜਾੜੇ। ਨਵੀਆਂ ਧਰਤੀਆਂ ਵੱਲ ਪੈਰ ਪੁੱਟਦਿਆਂ ਦੇ ਕਲੇਜੇ ਖੋਹ ਪੈਂਦੇ ਰਹੇ। ਘਰ ਛੱਡਣ ਦੀ ਕਸਕ ਕਦੇ ਨਹੀਂ ਮਿਟੀ। ਹੁਣ ਵੀ ਕਿੱਧਰੇ ਕੋਈ ਗਰਾਈਂ ਮਿਲਦੈ, ਤਾਂ ਵਿੱਛੜੇ ਘਰ ਦੀ ਖ਼ੈਰ ਬੰਦਗੀ ਪੁੱਛਦੇ ਨੇ ਤੇ ਅੰਦਰੋਂ ‘ਆਹ’ ਨਿਕਲਦੀ ਐ। ਕਈ ਕੌਮਾਂ ਨੂੰ ਵਰ੍ਹਿਆਂ ਬੱਧੀ ਕੋਈ ਘਰ ਹੀ ਨਸੀਬ ਨਹੀਂ ਹੋਇਆ। ਰੋਹਿੰਗੀਆ ਮੁਸਲਮਾਨਾਂ ਦਾ ਕੋਈ ਘਰ ਘਾਟ ਹੀ ਨਹੀਂ। ਚੀਨ ਵਿਚਲੇ ਉਈਗੀਰ ਤਬਕੇ ਨੂੰ ਘਰੋਂ ਕੱਢਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ। ਫਲਸਤੀਨੀ ਨਾਗਰਿਕਾਂ ਨੂੰ ਅਜੇ ਵੀ ਘਰ ਦਾ ਸੁੱਖ ਨਸੀਬ ਨਹੀਂ। ਯੂਕਰੇਨੀਆਂ ਦਾ ਘਰ ਖੋਹਣ ਦਾ ਦਸਤੂਰ ਜਾਰੀ ਐ। ਸੀਰੀਆ-ਇਰਾਕ ਲਕੀਰ ‘ਤੇ ਹਜ਼ਾਰਾਂ ਸ਼ਰਨਾਰਥੀ ਘਰ ਲੱਭਣ ਲਈ ਭਟਕ ਰਹੇ ਹਨ।
ਘਰ ਅਧਿਆਤਮਿਕਤਾ ਵੀ ਬਖ਼ਸ਼ਦੇ ਨੇ। ਸਾਡੇ ਗੁਰੂ ਘਰ ਸੁੱਖ ਸ਼ਾਂਤੀ, ਰੂਹਾਨੀ ਅਮੀਰੀ ਦੇ ਕੇਂਦਰ ਨੇ। ਹਜ਼ਾਰਾਂ, ਲੱਖਾਂ ਸੀਸ ‘ਸਰਬੱਤ ਦੇ ਭਲੇ’ ਲਈ ਨਤਮਸਤਕ ਹੁੰਦੇ ਨੇ, ਬਿਨਾਂ ਕਿਸੇ ਰੰਗ, ਭੇਦ, ਨਸਲ, ਬੋਲੀ ਦੇ। ‘ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਚਿਤਵਿਆ ਜਾਂਦੈ। ਦਰਵਾਜ਼ੇ ਚਾਰੇ ਦਿਸ਼ਾਵਾਂ ਤੋਂ ਖੁੱਲ੍ਹੇ ਨੇ। ‘ਪਹਿਲਾਂ ਪੰਗਤ, ਫਿਰ ਸੰਗਤ’ ਦੀ ਧਾਰਨਾ ਮਨੁੱਖਤਾ ਦੇ ਮੁੱਢਲੇ ਫ਼ਲਸਫ਼ੇ ਨਾਲ ਜੁੜੀ ਹੋਈ ਹੈ। ਕਈ ਉੱਘੀਆਂ ਸ਼ਖ਼ਸੀਅਤਾਂ ਦੇ ਘਰ ਵੀ ਪ੍ਰਸੰਸਕਾਂ ਦੀ ਨਜ਼ਰ ਵਿੱਚ ਪੂਜਣਯੋਗ ਬਣ ਜਾਂਦੇ ਹਨ। ਕਾਰਲ ਮਾਰਕਸ ਦਾ ਜਨਮ ਘਰ ਜਰਮਨੀ ਦੇ ਟ੍ਰੀਅਰ ਵਿੱਚ ਅਜਾਇਬ ਘਰ ਦੇ ਰੂਪ ਵਿੱਚ ਅੱਜ ਵੀ ਉਸ ਦੇ ਦਾਰਸ਼ਨਿਕ ਸਿਧਾਂਤ ਹਿੱਤ ਖੁੱਲ੍ਹਾ ਹੈ। ਇੰਗਲੈਂਡ ਵਿੱਚ ਸ਼ੇਕਸਪੀਅਰ ਦਾ ਸਟਰੈਟਫੋਰਡ ਵਿਚਲਾ ਘਰ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ। ਖ਼ਲਕਤ, ਮੱਕਾ ਮਦੀਨਾ ਸਵੀਕਾਰਦੀ ਐ ਇਸ ਘਰ ਨੂੰ। ਪਰ ਅਫ਼ਸੋਸ, ਅਸੀਂ ਆਪਣੇ ਨਾਇਕਾਂ ਦੇ ਘਰ ਖੰਡਰਾਤ ਬਣੇ ਦੇਖਣ ਦੇ ਆਦੀ ਹਾਂ। ਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕਰਨ ਦੀ ਜਾਚ ਅਜੇ ਸਿੱਖਣੀ ਹੈ।
ਜਵਾਨੀ ਨੂੰ ‘ਬਾਹਰਲੇ’ ਘਰਾਂ ਨੇ ਭਰਮਾਇਆ ਹੋਇਐ। ਡਾਰਾਂ ਬੰਨ੍ਹੀ ਉੱਡੀ ਜਾਂਦੇ ਨੇ ਸਾਡੇ ਭਵਿੱਖ ਦੇ ਵਾਰਿਸ! ਸਰਦੇ ਪੁੱਜਦੇ ਘਰਾਂ ਨੂੰ ਛੱਡ ‘ਮਿੱਠੀ ਜੇਲ੍ਹ’ ਦਾ ਸਰੂਰ ਚੜ੍ਹਿਆ ਰਹਿੰਦੈ। ਘਟਦੇ ਰੁਜ਼ਗਾਰ, ਛੋਟੇ ਟੱਕ, ਨਸ਼ਿਆਂ ਦੇ ਦਰਿਆਵਾਂ ਨੇ ਗੱਭਰੂਆਂ ਨੂੰ ਘਰ ਦੀ ਰੋਟੀ ਤੋਂ ਆਤੁਰ ਕਰ ਦਿੱਤੈ। ਨਵੇਂ ਘਰਾਂ ਦੀ ਭਾਲ ਵਿੱਚ ਵੱਸਦੇ ਘਰ ਭਾਂ ਭਾਂ ਕਰ ਰਹੇ ਨੇ। ਸੁੰਨੇ ਵਿਹੜੇ ਕਿਸੇ ਆਪਣੇ ਦੀ ਪੈੜ ਚਾਲ ਨੂੰ ਤਰਸਦੇ ਨੇ। ਬਜ਼ੁਰਗ ਆਪਣਿਆਂ ਦਾ ਰਾਹ ਤੱਕਦੇ, ਦਿਲਾਂ ਵਿੱਚ ਮਿਲਣ ਦੀ ਚੀਸ ਲੈ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਗੇ। ਹਉਕੇ, ਹਾਵੇ ਜ਼ਿੰਦਗੀ ਦਾ ਸਰਮਾਇਆ ਬਣਨਗੇ।
ਇੱਕ ਘਰ ਹੀ ਤਾਂ ਹੁੰਦੈ, ਆਸਾਂ ਦੇ ਚਿਰਾਗਾਂ ਨੂੰ ਜਗਦਾ ਰੱਖਣ ਲਈ। ਸੋ ਇਹ ਨਿੱਘਾ ਸੱਦਾ ਹੈ ਆਪਣੇ ਪਿਆਰਿਆਂ ਲਈ ਕਿ ਆਓ ਮਿਲਕੇ ਘਰ ਵਿੱਚ ਮੁਹੱਬਤ ਦੇ ਦੀਵੇ ਬਾਲੀਏ, ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਨੂੰ ਤੱਕੀਏ, ਵਗਦੀਆਂ ਹਵਾਵਾਂ ਨੂੰ ਘਰ ਦੀਆਂ ਖੁੱਲ੍ਹੀਆਂ ਖਿੜਕੀਆਂ ਵਿੱਚੋਂ ਅੰਦਰ ਆਉਣ ਦਾ ਸੱਦਾ ਦੇਈਏ, ਪਾਣੀ ਦੀਆਂ ਛੱਲਾਂ ਦਾ ਸੰਗੀਤਕ ਸ਼ੋਰ ਸੁਣੀਏ, ਪੱਤਿਆਂ ਵਿੱਚੋਂ ਛਣ ਕੇ ਆਉਂਦੀ ਚਾਨਣੀ ਦਾ ਸਰੂਰ ਮਾਣੀਏ! ਏਹੀ ਮੇਰੇ ਘਰ ਦਾ ਸਿਰਨਾਵਾਂ ਹੈ। ਇੱਕ ਅਰਦਾਸ, ਇੱਕ ਅਰਜ਼ੋਈ, ਡਾ. ਜਗਤਾਰ ਦੇ ਸ਼ਬਦਾਂ ਵਿੱਚ:
ਕਮਦਿਲਾਂ ਨੂੰ ਦਿਲ, ਨ-ਪਰਿਆਂ ਨੂੰ ਪਰ ਦਈਂ
ਯਾ ਖੁਦਾ, ਸਭ ਬੇਘਰਾਂ ਨੂੰ ਘਰ ਦਈਂ।
ਸੰਪਰਕ: 89684-33500