12.4 C
Alba Iulia
Tuesday, April 30, 2024

ਉੱਘਾ ਫਿਲਮਸਾਜ਼ ਪੀ.ਐੱਨ. ਅਰੋੜਾ

Must Read


ਮਨਦੀਪ ਸਿੰਘ ਸਿੱਧੂ

ਪ੍ਰੇਮ ਨਰਾਇਣ ਅਰੋੜਾ ਦੀ ਪੈਦਾਇਸ਼ 1914 ਵਿੱਚ ਕੋਇਟਾ (ਬਲੋਚਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਫਿਲਮੀ ਦੁਨੀਆ ਵਿੱਚ ਉਹ ਪੀ. ਐੱਨ. ਅਰੋੜਾ ਦੇ ਨਾਮ ਨਾਲ ਮਸ਼ਹੂਰ ਹੋਇਆ। ਉਹ ਇੰਜੀਨੀਅਰ ਤੇ ਰੇਡੀਓ ਤਕਨੀਕ ਦਾ ਵਿਦਿਆਰਥੀ ਵੀ ਰਿਹਾ। ਉਹ 1933 ਵਿੱਚ ਕ੍ਰਿਸ਼ਨਾ ਮੂਵੀਟੋਨ ‘ਚ ਸ਼ਾਮਲ ਹੁੰਦਿਆਂ ਪਹਿਲਾਂ ਸਾਊਂਡ ਇੰਜੀਨੀਅਰ ਦੇ ਅਹੁਦੇ ‘ਤੇ ਨਿਯੁਕਤ ਹੋਇਆ ਤੇ ਫਿਰ ਫਿਲਮਸਿਟੀ ਸਟੂਡੀਓ ਵਿੱਚ 7 ਸਾਲਾਂ ਤੱਕ ਕੰਮ ਕੀਤਾ। ਉਪਰੰਤ ਰਣਜੀਤ ਮੂਵੀਟੋਨ ਤੇ ਕਾਰਦਾਰ ਪ੍ਰੋਡਕਸ਼ਨ ਨਾਲ ਜੁੜ ਗਿਆ। ਉਂਝ ਉਸ ਦਾ ਸ਼ੌਕ ਰਿਕਾਰਡਿੰਗ ਸੀ ਜੋ ਆਵਾਜ਼ ਨੂੰ ਸਮਝਣ ਰਿਕਾਰਡ ਕਰਨ, ਕਾਪੀ ਕਰਨ, ਪ੍ਰੋਡਿਊਸ ਕਰਨ ਦੇ ਨਾਲ-ਨਾਲ ਵੱਖ-ਵੱਖ ਇਲੈੱਕਟ੍ਰਾਨਿਕ ਸਾਧਨਾਂ ਦੇ ਜ਼ਰੀਏ ਉਨ੍ਹਾਂ ਨੂੰ ਮਿਕਸ ਕਰਨ ਦਾ ਕੰਮ ਕਰਦਾ ਸੀ। ਫਿਲਮ ਸਨਅਤ ਵਿੱਚ ਪੀ. ਐੱਨ. ਅਰੋੜਾ ਰਿਕਾਰਡਿੰਗ ਤੋਂ ਬਾਅਦ ਮਸ਼ਹੂਰ ਫਿਲਮਸਾਜ਼ ਤੇ ਹਿਦਾਇਤਕਾਰ ਬਣਿਆ, ਜਿਸ ਦੀ ਨਿਰਦੇਸ਼ਨਾ ‘ਚ ਬਹੁਤ ਸਾਰੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਨਾਮ ਤੇ ਸ਼ੁਹਰਤ ਕਮਾਈ।

ਬਤੌਰ ਰਿਕਾਰਡਸਾਜ਼ ਪੀ. ਐੱਨ. ਅਰੋੜਾ ਦੀ ਪਹਿਲੀ ਹਿੰਦੀ ਫਿਲਮ ਗੋਲਡਨ ਮੋਹਰ ਸਾਊਂਡ ਪਿਕਚਰਜ਼, ਬੰਬੇ ਦੀ ਆਰ. ਐੱਸ. ਚੌਧਰੀ ਨਿਰਦੇਸ਼ਿਤ ‘ਆਜ ਕਲ’ ਉਰਫ਼ ‘ਟੂਡੇ ਆਫ ਟੁਮਾਰੋ’ (1934) ਸੀ। ਕਹਾਣੀ ਆਰ. ਐੱਸ. ਚੌਧਰੀ ਤੇ ਸੰਗੀਤਕਾਰ ਐੱਸ. ਪੀ. ਰਾਣੇ ਸਨ। ਫਿਲਮ ਦੇ ਅਦਾਕਾਰਾਂ ਵਿੱਚ ਜਾਲ ਮਰਚੈਂਟ, ਸ਼ਾਂਤਾ ਕੁਮਾਰੀ ਗ਼ੁਲਾਮ ਮੁਹੰਮਦ ਅਮਰਲੀਨ (ਸੁਧਾਬਾਲਾ), ਅਫ਼ਜ਼ਲ ਬਾਈ ਆਦਿ ਸ਼ਾਮਲ ਸਨ। ਹਰੀਸ਼ ਚੰਦਰ ਰਾਓ ਦੇ ਫਿਲਮਸਾਜ਼ ਅਦਾਰੇ ਹਰੀਸ਼ ਚੰਦਰ ਆਰਟ, ਬੰਬੇ ਦੀ ਹਿੰਦੀ ਫਿਲਮ ‘ਦੌਲਤ’ (1937) ਦੇ ਬੈਕ ਗਰਾਊਂਡ ਇਫੈਕਟ ਤੇ ਰੀ-ਰਿਕਾਰਡਿੰਗ ਦੇ ਕਾਰਜ ਅਰੋੜਾ ਨੇ ਨਿਭਾਏ ਸਨ। ਸੇਠ ਸ਼ੀਰਾਜ਼ ਅਲੀ ਹਕੀਮ ਦੇ ਫਿਲਮਸਾਜ਼ ਅਦਾਰੇ ਜਨਰਲ ਫਿਲਮ ਲਿਮਟਿਡ, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਹਿੰਦੀ ਫਿਲਮ ‘ਬਾਗਬਾਨ’ (1938) ਦੇ ਆਵਾਜ਼ ਰਿਕਾਰਡਸਾਜ਼ ਅਰੋੜਾ ਸਨ। ਇਹ ਫਿਲਮ 19 ਮਈ 1938 ਨੂੰ ਕਰਾਊਨ ਟਾਕੀਜ਼, ਲਾਹੌਰ ਤੇ 29 ਜੁਲਾਈ 1938 ਨੂੰ ਨਾਵਲਟੀ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਸੁਪਰੀਮ ਪਿਕਚਰਜ਼, ਬੰਬੇ (ਰਣਜੀਤ ਮੂਵੀਟੋਨ ਤੇ ਸਾਗਰ ਮੂਵੀਟੋਨ ਦੀ ਸਾਂਝੀ ਪ੍ਰੋਡਕਸ਼ਨ) ਦੀ ਹਿੰਦੀ ਫਿਲਮ ‘ਗਾਜ਼ੀ ਸਲਾਊਦੀਨ’ (1939) ਦੇ ਰਿਕਾਰਡਸਾਜ਼ ਵੀ ਪੀ. ਐੱਨ. ਅਰੋੜਾ ਸਨ। ‘ਗਾਜ਼ੀ ਸਲਾਊਦੀਨ’ ਦਾ ਟਾਈਟਲ ਰੋਲ ਲਾਹੌਰ ਦੇ ਗ਼ੁਲਾਮ ਮੁਹੰਮਦ ਨੇ ਅਦਾ ਕੀਤਾ ਸੀ। ਇਹ ਫਿਲਮ ਖੇਮਚੰਦ ਪ੍ਰਕਾਸ਼ ਦੀ ਸੰਗੀਤਕਾਰ ਵਜੋਂ ਪਹਿਲੀ ਫਿਲਮ ਸੀ। ਐਵਰੇਸਟ ਪਿਕਚਰਜ਼ ਕਾਰਪੋਰੇਸ਼ਨ, ਬੰਬੇ ਦੀ ਅਜ਼ਰਾ ਮੀਰ ਨਿਰਦੇਸ਼ਿਤ ਹਿੰਦੀ ਫਿਲਮ ‘ਸਿਤਾਰਾ’ (1939) ਦੇ ਸਾਊਂਡ ਰਿਕਾਰਡਿਸਟ, ਸੇਠ ਚਿਮਨ ਲਾਲ ਦੇਸਾਈ ਦੇ ਫਿਲਮਸਾਜ਼ ਅਦਾਰੇ ਨੈਸ਼ਨਲ ਸਟੂਡੀਓ, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫਿਲਮ ‘ਪੂਜਾ’ (1940) ਦੇ ਰਿਕਾਰਡਸਾਜ਼ ਵੀ ਪੀ. ਐੱਨ ਅਰੋੜਾ ਸਨ। ਇਹ ਫਿਲਮ 24 ਜਨਵਰੀ 1940 ਨੂੰ ਨਾਵਲਟੀ ਸਿਨਮਾ, ਲਾਹੌਰ ਵਿਖੇ ਪ੍ਰਦਰਸ਼ਿਤ ਹੋਈ।

ਜਦੋਂ ਏ. ਆਰ. ਕਾਰਦਾਰ ਨੇ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਜੇ. ਕੇ. ਨੰਦਾ ਦੀ ਨਿਰੇਸ਼ਨਾ ਹੇਠ ਪੰਜਾਬੀ ਫਿਲਮ ‘ਕੁੜਮਾਈ’ (1941) ਬਣਾਈ ਤਾਂ ਪੀ. ਐੱਨ. ਅਰੋੜਾ ਨੂੰ ਰਿਕਾਰਡਿੰਗ ਦਾ ਜ਼ਿੰਮਾ ਸੌਂਪਿਆ, ਸਹਾਇਕ ਵਜੋਂ ਠਾਕੁਰ ਮੌਜੂਦ ਸਨ। ਇਹ ਫਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਇਸ ਤੋਂ ਬਾਅਦ ਪੀ. ਐੱਨ. ਅਰੋੜਾ ਨੇ ਏ. ਜੇ. ਐੱਨ. ਮਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਪੰਜਾਬੀ ਫਿਲਮ ‘ਰਾਵੀ ਪਾਰ’ (1942) ‘ਚ ਵੀ ਬਤੌਰ ਰਿਕਾਰਡਸਾਜ਼ ਕੰਮ ਕੀਤਾ। ਇਹ ਫਿਲਮ 7 ਅਗਸਤ 1942 ਨੂੰ ਨਿਊ ਕਰਾਊਨ, ਟਾਕੀਜ਼, ਮੁਲਤਾਨ ਵਿਖੇ ਨੁਮਾਇਸ਼ ਹੋਈ।

ਇਸ ਤੋਂ ਬਾਅਦ ਪੀ. ਐੱਨ. ਅਰੋੜਾ ਨੇ ਬਤੌਰ ਸਾਊਂਡ ਰਿਕਾਰਡਸਾਜ਼ ਸਿਰਕੋ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫਿਲਮ ‘ਸਵਾਮੀ’ (1941), ਸਿਰਕੋ ਪ੍ਰੋਡਕਸ਼ਨਜ਼ ਦੀ ਹੀ ਏ. ਆਰ. ਕਾਰਦਾਰ ਨਿਰਦੇਸ਼ਿਤ ਫਿਲਮ ‘ਨਈ ਦੁਨੀਆ’ (1942) ਅਤੇ ਫਿਰ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀਆਂ ਹੀ ਏ. ਆਰ. ਕਾਰਦਾਰ ਨਿਰਦੇਸ਼ਿਤ ਫਿਲਮਾਂ ‘ਨਮਸਤੇ’ ਤੇ ‘ਸੰਯੋਗ’ (1943), ‘ਜੀਵਨ’ ਉਰਫ਼ ‘ਬਹਾਰ’ (1944) ਤੋਂ ਇਲਾਵਾ ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫਿਲਮ ‘ਵਾਮਿਕ ਅਜ਼ਰਾ’ (1946), ਮਧੂਕਰ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ਫਿਲਮ ‘ਮਿਰਜ਼ਾ ਸਾਹਿਬਾਂ’ (1947), ਫੇਮਸ ਚਿੱਤਰ, ਬੰਬੇ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫਿਲਮ ‘ਆਜ ਕੀ ਰਾਤ’ (1948), ਹਿੰਦੋਸਤਾਨ ਚਿੱਤਰਾ ਪ੍ਰੋਡਕਸ਼ਨਜ਼, ਬੰਬੇ ਦੀ ਕਿਸ਼ੋਰ ਸਾਹੂ ਨਿਰਦੇਸ਼ਿਤ ਫਿਲਮ ‘ਸ਼ਰਾਰਤ’ (1944), ਪ੍ਰੋਤਿਮਾਦਾਸ ਗੁਪਤਾ ਦੇ ਫਿਲਮਸਾਜ਼ ਅਦਾਰੇ ਪੀ.ਡੀ.ਜੀ. ਪਿਕਚਰਜ਼, ਬੰਬੇ ਦੀ ਪ੍ਰੋਤਿਮਾਦਾਸ ਗੁਪਤਾ ਨਿਰਦੇਸ਼ਿਤ ਫਿਲਮ ‘ਛਮੀਆ’ (1945), ‘ਚ ਵੀ ਰਿਕਾਰਡਸਾਜ਼ੀ ਕੀਤੀ।

ਬਤੌਰ ਫਿਲਮਸਾਜ਼ ਪੀ. ਐੱਨ. ਅਰੋੜਾ ਦੀ ਪਹਿਲੀ ਹਿੰਦੀ ਫਿਲਮ ਏ. ਆਰ. ਕਾਰਦਾਰ ਦੇ ਫਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਨਜ਼ੀਰ ਅਜਮੇਰੀ ਨਿਰਦੇਸ਼ਿਤ ਫਿਲਮ ‘ਕੀਮਤ’ (1946) ਸੀ, ਜਿਸ ਦੀਆਂ ਮੁੱਖ ਭੂਮਿਕਾਵਾਂ ‘ਚ ਅਮਰ ਤੇ ਸੁਲੋਚਨਾ ਚੈਟਰਜੀ ਮੌਜੂਦ ਸਨ।

ਪੀ. ਐੱਨ. ਅਰੋੜਾ ਨੇ ਆਪਣੇ ਫਿਲਮਸਾਜ਼ ਅਦਾਰੇ ਆਲ ਇੰਡੀਆ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਫਿਲਮਸਾਜ਼ੀ ਹੇਠ ਪਹਿਲੀ ਹਿੰਦੀ ਫਿਲਮ ‘ਡੋਲੀ’ (1947) ਦਾ ਨਿਰਮਾਣ ਕੀਤਾ, ਜਿਸ ਦੇ ਹਿਦਾਇਤਕਾਰ ਐੱਸ. ਕੇ ਓਝਾ ਸਨ। ਅਦਾਕਾਰਾਂ ‘ਚ ਸੁਲੋਚਨਾ ਚੈਟਰਜੀ, ਵਾਸਤੀ ਤੋਂ ਇਲਾਵਾ ਸੁਸ਼ੀਲ ਕੁਮਾਰ, ਮਾਧੁਰੀ, ਅਮਰ, ਪ੍ਰਤਿਮਾ ਦੇਵੀ ਆਦਿ ਕੰਮ ਕਰ ਰਹੇ ਸਨ। ਇਸੇ ਬੈਨਰ ਹੇਠ ਆਨੰਤ ਠਾਕੁਰ ਦੀ ਹਿਦਾਇਤਕਾਰੀ ਹੇਠ ਫਿਲਮ ‘ਪਗੜੀ’ (1948) ਬਣਾਈ। ਅਹਿਮ ਕਿਰਦਾਰ ਕਾਮਿਨੀ ਕੌਸ਼ਲ ਤੇ ਵਾਸਤੀ ਨੇ ਅਦਾ ਕੀਤੇ ਜਦੋਂਕਿ ਅਹਿਮ ਕਲਾਕਾਰਾਂ ਵਿੱਚ ਸ਼ਸ਼ੀਕਲਾ, ਅਮਰ, ਗੋਪ, ਦੀਕਸ਼ਤ, ਰਾਮ ਅਵਤਾਰ, ਰਹੀਮ ਪਹਿਲਵਾਨ ਸ਼ਾਮਲ ਸਨ। ਆਲ ਇੰਡੀਆ ਪਿਕਚਰਜ਼ ਦੇ ਬੈਨਰ ਹੇਠ ਹੀ ਪੀ. ਐੱਨ. ਅਰੋੜਾ ਨੇ ਆਪਣੀ ਦੂਸਰੀ ਹਿੰਦੀ ਫਿਲਮ ‘ਪਾਰਸ’ (1949) ਬਣਾਈ, ਜਿਸ ਦੇ ਹਿਦਾਇਤਕਾਰ ਅਨੰਤ ਠਾਕੁਰ ਸਨ। ਅਦਾਕਾਰਾਂ ਵਿੱਚ ਕਾਮਿਨੀ ਕੌਸ਼ਲ ਤੇ ਰਹਿਮਾਨ ਨੇ ਮੁੱਖ ਕਿਰਦਾਰ ਨਿਭਾਏ। ਇਸੇ ਬੈਨਰ ਹੇਠ ਹੀ ਅਰੋੜਾ ਨੇ ਹਿਦਾਇਤਕਾਰ ਐੱਮ. ਸਾਦਿਕ ਦੀ ਹਿਦਾਇਤਕਾਰੀ ਹੇਠ ਆਪਣੀ ਤੀਜੀ ਫਿਲਮ ‘ਪਰਦੇਸ’ (1950) ਦਾ ਨਿਰਮਾਣ ਕੀਤਾ, ਜਿਸ ਦੀ ਮੁੱਖ ਭੂਮਿਕਾ ‘ਚ ਮਧੂਬਾਲਾ, ਕਰਨ ਦੀਵਾਨ, ਰਹਿਮਾਨ ਤੇ ਸ਼ਕੁੰਤਲਾ ਮੌਜੂਦ ਸਨ। ਗ਼ੁਲਾਮ ਮੁਹੰਮਦ ਦੇ ਸੰਗੀਤ ‘ਚ ਮਧੂਬਾਲਾ ਤੇ ਰਹਿਮਾਨ ‘ਤੇ ਫਿਲਮਾਇਆ ਗੀਤ ‘ਅੱਖੀਆਂ ਮਿਲਾ ਕੇ ਜ਼ਰਾ ਬਾਤ ਕਰੋ ਜੀ’ (ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ) ਤੇ ਨ੍ਰਿਤ ਅਦਾਕਾਰਾ ਕੁੱਕੂ ‘ਤੇ ਫਿਲਮਾਇਆ ਗੀਤ ‘ਮੇਰੇ ਘੂੰਘਰ ਵਾਲੇ ਬਾਲ ਓ ਰਾਜਾ’ (ਸ਼ਮਸ਼ਾਦ ਬੇਗ਼ਮ) ਬੜੇ ਮਕਬੂਲ ਹੋਏ ਸਨ। ਆਲ ਇੰਡੀਆ ਪਿਕਚਰਜ਼, ਬੰਬੇ ਦੇ ਬੈਨਰ ਹੇਠ ਹੀ ਉਸ ਨੇ ਐੱਫ਼. ਐੱਚ. ਹਸਨ ਦੀ ਨਿਰਦੇਸ਼ਨਾ ‘ਚ ਫਿਲਮ ‘ਗੌਹਰ’ (1953) ਬਣਾਈ, ਜਿਸ ਵਿੱਚ ਬੀਨਾ ਰਾਏ ਤੇ ਰਹਿਮਾਨ ਨੇ ਮੁੱਖ ਭੁਮਿਕਾਵਾਂ ਨਿਭਾਈਆਂ। ਇਸ ਤੋਂ ਬਾਅਦ ਪੀ. ਐੱਨ. ਅਰੋੜਾ ਨੇ ਕੇ. ਆਰਟਸ, ਬੰਬੇ ਦੀ ਐੱਮ. ਸਾਦਿਕ ਨਿਰਦੇਸ਼ਿਤ ਫਿਲਮ ‘ਪੂਨਮ’ (1952) ਦਾ ਵੀ ਨਿਰਮਾਣ ਕੀਤਾ।

ਬਤੌਰ ਫਿਲਮਸਾਜ਼ ਤੇ ਹਿਦਾਇਤਕਾਰ ਉਸ ਨੇ ਆਪਣੇ ਫਿਲਮਸਾਜ਼ ਅਦਾਰੇ ਹੇਠ ਪਹਿਲੀ ਹਿੰਦੀ ਫਿਲਮ ‘ਰੇਲ ਕਾ ਡਿੱਬਾ’ (1953) ਬਣਾਈ। ਇਸ ਵਿੱਚ ਉਸ ਨੇ ਮਧੂਬਾਲਾ ਤੇ ਸ਼ਮੀ ਕਪੂਰ ਦੀ ਜੋੜੀ ਨੂੰ ਪੇਸ਼ ਕੀਤਾ ਜਦਕਿ ਬਾਕੀ ਸਿਤਾਰਿਆਂ ਵਿੱਚ ਸੱਜਣ, ਓਮ ਪ੍ਰਕਾਸ਼, ਯਾਸਮੀਨ, ਕੁੱਕੂ, ਜੇਯੰਤ, ਪ੍ਰੋਤਿਮਾ ਦੇਵੀ, ਰਾਮ ਅਵਤਾਰ, ਮਜਨੂੰ, ਅਮਰ, ਅਮੀਰ ਅਲੀ, ਕਥਾਨਾ ਸ਼ਾਮਲ ਸਨ। ਫਿਲਮ ਦਾ ਸੰਗੀਤ ਗ਼ੁਲਾਮ ਮੁਹੰਮਦ (ਸਹਾਇਕ ਐੱਸ. ਇਬਰਾਹਿਮ ਤੇ ਅਲਾਊਦੀਨ) ਤੇ ਗੀਤ ਸ਼ਕੀਲ ਬਦਾਯੂੰਨੀ ਨੇ ਤਿਆਰ ਕੀਤੇ ਸਨ। ਆਪਣੇ ਅਦਾਰੇ ਹੇਠ ਹੀ ਉਸ ਨੇ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਹੇਠ ਦੂਜੀ ਹਿੰਦੀ ਫਿਲਮ ‘ਚੋਰ ਬਾਜ਼ਾਰ’ (1954) ਬਣਾਈ। ਇਸ ਫਿਲਮ ‘ਚ ਉਸ ਨੇ ਸ਼ਮੀ ਕਪੂਰ (ਪ੍ਰਿੰਸ ਮੁਰਾਦ) ਤੇ ਚਿੱਤਰਾ (ਸ਼ਹਿਜ਼ਾਦੀ ਚੀਕੂ) ਦੀ ਜੋੜੀ ਨੂੰ ਪੇਸ਼ ਕੀਤਾ। ਸੰਗੀਤਕ ਤਰਜ਼ਾਂ ਸਰਦਾਰ ਮਲਿਕ ਤੇ ਗੀਤ ਸ਼ਕੀਲ ਬਾਦਯੂੰਨੀ ਨੇ ਲਿਖੇ ਸਨ। ਆਲ ਇੰਡੀਆ ਪਿਕਚਰਜ਼ ਦੇ ਬੈਨਰ ਹੇਠ ਹੀ ਅਰੋੜਾ ਨੇ ਕੇ. ਅਮਰਨਾਥ ਦੀ ਹਿਦਾਇਤਕਾਰੀ ਹੇਠ ਫਿਲਮ ‘ਲੈਲਾ ਮਜਨੂੰ’ (1953) ਬਣਾਈ, ਜਿਸ ਵਿੱਚ ਨੂਤਨ ਨੇ ‘ਲੈਲਾ’ ਦਾ ਤੇ ਸ਼ਮੀ ਕਪੂਰ ਨੇ ‘ਮਜਨੂੰ’ ਦਾ ਟਾਈਟਲ ਪਾਰਟ ਅਦਾ ਕੀਤਾ। ਆਲ ਇੰਡੀਆ ਦੇ ਬੈਨਰ ਹੇਠ ਉਨ੍ਹਾਂ ਨੇ ਆਪਣੀ ਫਿਲਮਾਸਾਜ਼ੀ ਤੇ ਹਿਦਾਇਤਕਾਰੀ ‘ਚ ਅੱਧੀ ਰੰਗੀਨ ਫਿਲਮ ‘ਹੂਰ-ਏ-ਅਰਬ’ (1955) ਦਾ ਵੀ ਨਿਰਮਾਣ ਕੀਤਾ, ਜਿਸ ਵਿੱਚ ਸ਼ਸ਼ੀ ਕਲਾ ਤੇ ਪ੍ਰਦੀਪ ਕੁਮਾਰ ਨੇ ਅਹਿਮ ਕਿਰਦਾਰ ਨਿਭਾਏ ਸਨ।

ਇਸ ਤੋਂ ਬਾਅਦ ਉਸ ਨੇ ਆਪਣੀ ਫਿਲਮਸਾਜ਼ੀ ‘ਚ ਆਪਣੇ ਫਿਲਮਸਾਜ਼ ਅਦਾਰੇ ਆਲ ਇੰਡੀਆ ਪਿਕਚਰਜ਼, ਬੰਬੇ ਦੇ ਬੈਨਰ ਹੇਠ ਹੋਰ ਵੀ ਕਈ ਫਿਲਮਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਵਿੱਚ ਐੱਸ. ਕੇ. ਓਝਾ ਦੀ ਹਿਦਾਇਤਕਾਰੀ ਹੇਠ ਫਿਲਮ ‘ਸਿਤਾਰਾ’ (1955), ਐੱਮ. ਸਾਦਿਕ ਨਿਰਦੇਸ਼ਿਤ ਫਿਲਮ ‘ਅਨਜਾਨ’ (1956), ਡੀ. ਡੀ. ਕਸ਼ਯਪ ਨਿਰਦੇਸ਼ਿਤ ਫਿਲਮ ‘ਹਲਾਕੂ’ (1956), ਐੱਮ. ਐੱਲ. ਅਰੋੜਾ ਨਿਰਦੇਸ਼ਿਤ ਫਿਲਮ ‘ਖ਼ਜ਼ਾਨਚੀ’ (1958), ਐੱਮ. ਸਾਦਿਕ ਨਿਰਦੇਸ਼ਿਤ ਫਿਲਮ ‘ਜਵਾਨੀ ਕੀ ਹਵਾ’ (1959), ਵਿਸ਼ਰਾਮ ਬੇਡੇਕਰ ਨਿਰਦੇਸ਼ਿਤ ਫਿਲਮ ‘ਦੋ ਭਾਈ’ (1961) ਤੋਂ ਇਲਾਵਾ ਆਪਣੀ ਹਿਦਾਇਤਕਾਰੀ ਹੇਠ ਵੀ ਦੋ ਫਿਲਮਾਂ ‘ਨੀਲੋਫਰ’ (1957) ਅਤੇ ‘ਸਿੰਦਬਾਦ ਅਲੀਬਾਬਾ ਅਲਾਦੀਨ’ (1965) ਬਣਾਈਆਂ ਸਨ।

1970ਵਿਆਂ ਦੇ ਦਹਾਕੇ ‘ਚ ਪੀ. ਐੱਨ. ਅਰੋੜਾ ਨੇ ਪ੍ਰੇਮ ਨਰਾਇਣ ਅਰੋੜਾ ਦੇ ਨਾਮ ਨਾਲ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਹੇਠ ਮਜ਼ਾਹੀਆ ਰੰਗੀਨ ਫਿਲਮ ‘ਦਿਲ ਦੌਲਤ ਦੁਨੀਆ’ (1972) ਦਾ ਨਿਰਮਾਣ ਕੀਤਾ। ਫਿਲਮ ‘ਚ ਅਰੋੜਾ ਨੇ ਸਾਧਨਾ ਤੇ ਰਾਜੇਸ਼ ਖੰਨਾ ਨੂੰ ਜੋੜੀਦਾਰ ਵਜੋਂ ਪੇਸ਼ ਕੀਤਾ ਜਦਕਿ ਦੂਸਰੇ ਸਿਤਾਰਿਆਂ ‘ਚ ਅਸ਼ੋਕ ਕੁਮਾਰ, ਸੁਲੋਚਨਾ, ਓਮ ਪ੍ਰਕਾਸ਼, ਆਗਾ, ਹੈਲਨ ਆਦਿ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ।

ਪੀ. ਐੱਨ. ਅਰੋੜਾ ਦੀ ਫਿਲਮਸਾਜ਼ ਵਜੋਂ ਆਖ਼ਰੀ ਹਿੰਦੀ ਫਿਲਮ ‘ਯਾਰੀ ਜ਼ਿੰਦਾਬਾਦ’ (1976) ਸੀ। ਫਿਲਮ ਦੇ ਹਿਦਾਇਤਕਾਰ ਜੋਗਿੰਦਰ, ਗੀਤ ਤੇ ਸੰਵਾਦ ਐੱਮ. ਜੀ. ਹਸ਼ਮਤ ਅਤੇ ਸੰਗੀਤਕ ਧੁਨਾਂ ਸੋਨਿਕ-ਓਮੀ (ਸਹਾਇਕ ਰਾਜ ਸੋਨਿਕ ਤੇ ਉੱਤਮ ਸਿੰਘ) ਤਰਤੀਬ ਦਿੱਤੀਆਂ। ਫਿਲਮ ਦੇ ਸਿਤਾਰਿਆਂ ਵਿੱਚ ਕਿਰਨ ਕੁਮਾਰ, ਮਹਿੰਦਰ ਸੰਧੂ, ਅਰੂਨਾ ਇਰਾਨੀ, ਨਾਜ਼ਨੀਨ ਆਦਿ ਅਦਾਕਾਰੀ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾ ਕਰ ਲਿਆ। ਭਾਰਤੀ ਫਿਲਮ ਸਨਅਤ ਦਾ ਅਜ਼ੀਮ ਫਿਲਮਸਾਜ਼, ਹਿਦਾਇਤਕਾਰ, ਰਿਕਾਰਡਸਾਜ਼ ਪੀ. ਐੱਨ. ਅਰੋੜਾ 3 ਦਸੰਬਰ 1985 ਨੂੰ 71 ਸਾਲ ਦੀ ਉਮਰ ਵਿੱਚ ਬੰਬਈ ਵਿਖੇ ਵਫ਼ਾਤ ਪਾ ਗਿਆ।

ਸੰਪਰਕ: 97805-09545



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -