ਅੰਗਰੇਜ਼ੀ ਭਾਸ਼ਾ ਦਾ ਸ਼ਬਦ ‘Jasmine’ (ਜੈਸਮੀਨ) ਦਰਅਸਲ ਪਾਰਸੀ ਭਾਸ਼ਾ ਦੇ ਸ਼ਬਦ ‘ਯਾਸਮੀਨ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਪ੍ਰਭੂ ਦੀ ਦਾਤ’। ਜਦੋਂ ਵੀ ਬਿਹਤਰੀਨ ਮਹਿਕਾਂ ਵਾਲੇ ਫੁੱਲਾਂ ਦੀ ਗੱਲ ਚੱਲਦੀ ਹੈ ਤਾਂ ਯਾਸਮੀਨ ਪ੍ਰਜਾਤੀ ਨਾਲ ਸਬੰਧਤ ਫੁੱਲ ਮੋਤੀਆ, ਮੋਗਰਾ, ਚਮੇਲੀ, ਡੇਲਾ, ਬੇਲਾ ਆਦਿ ਦਾ ਨਾਂ ਮੁਹਰਲੀ ਕਤਾਰ ਵਿੱਚ ਆਉਂਦਾ ਹੈ। ਪੂਰੇ ਵਿਸ਼ਵ ਵਿੱਚ ਇਸ ਦੀਆਂ ਤਕਰੀਬਨ 200 ਦੇ ਕਰੀਬ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ। ਇਸ ਨੂੰ ਭਾਰਤ ਵਿੱਚ ਅਨੇਕਾਂ ਧਾਰਮਿਕ ਰਹੁ ਰੀਤਾਂ ਵਿੱਚ ਵਰਤਣ ਤੋਂ ਇਲਾਵਾ ਪਿਆਰ, ਖੂਬਸੂਰਤੀ, ਸ਼ੁੱਧਤਾ, ਚੰਗੀ ਕਿਸਮਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਇਸ ਦੀ ਮਿੱਠੀ ਖੁਸ਼ਬੂ ਤੇ ਸੁੰਦਰ ਦਿੱਖ ਨੂੰ ਸਕਾਰਾਤਮਕਤਾ, ਸੰਵੇਦਨਾ ਅਤੇ ਮੋਹ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ।
ਜੈਸਮੀਨ ਦੀਆਂ ਜ਼ਿਆਦਾਤਰ ਕਿਸਮਾਂ ਝਾੜੀਨੁਮਾ ਵੇਲਾਂ ਹਨ ਜੋ ਆਸਰਾ ਮਿਲਣ ‘ਤੇ ਥੋੜ੍ਹੀਆਂ ਉੱਚੀਆਂ ਹੁੰਦੀਆਂ ਹਨ। ਹਿਮਾਲਿਆ ਦਾ ਦੱਖਣੀ ਖੇਤਰ ਇਸ ਦਾ ਮੂਲ ਸਥਾਨ ਮੰਨਿਆ ਜਾਂਦਾ ਹੈ। ਇਹ ਪੌਦੇ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਵੀ ਫੁੱਲ ਦਿੰਦੇ ਹਨ। ਵਿਗਿਆਨਕ ਤੌਰ ‘ਤੇ Jasminum sambac ਵਾਲੀ ਕਿਸਮ ਜਿਸ ਨੂੰ ਮੋਤੀਆਂ ਜਾਂ ਮੋਗਰਾ ਕਿਹਾ ਜਾਂਦਾ ਹੈ, ਸਾਡੇ ਆਸ ਪਾਸ ਜ਼ਿਆਦਾ ਵਿਖਾਈ ਦਿੰਦੀ ਹੈ। ਤਕਰੀਬਨ 8-10 ਫੁੱਟ ਤੱਕ ਦੀ ਉੱਚਾਈ ਵਾਲੇ ਇਸ ਪੌਦੇ ਨੂੰ ਸਫ਼ੈਦ ਰੰਗ ਦੇ ਫੁੱਲ ਪੈਂਦੇ ਹਨ ਜੋ ਬੇਹੱਦ ਮਹਿਕਦਾਰ ਹੁੰਦੇ ਹਨ। ਇਹ ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦਾ ਰਾਸ਼ਟਰੀ ਫੁੱਲ ਹੈ। ਇਸ ਦੇ ਫੁੱਲਾਂ ਦੀਆਂ ਕਿਸਮਾਂ ਨੂੰ ਵਿਸ਼ਵ ਦੇ ਵੱਖ ਵੱਖ ਭਾਗਾਂ ਵਿੱਚ ਔਰਤਾਂ ਆਪਣੇ ਸਜਣ ਸੰਵਰਣ ਵਿੱਚ ਅਨੇਕਾਂ ਤਰੀਕਿਆਂ ਰਾਹੀਂ ਵਰਤਦੀਆਂ ਹਨ।
ਇਸ ਦੇ ਮਨਮੋਹਕ ਫੁੱਲ ਅਰੋਮਾ ਥੈਰੇਪੀ ਵਿੱਚ ਵਰਤੇ ਜਾਂਦੇ ਹਨ। ਫਰਾਂਸ ਅਤੇ ਹੋਰਨਾਂ ਕਈ ਦੇਸ਼ਾਂ ਵਿੱਚ ਇਨ੍ਹਾਂ ਤੋਂ ਇਤਰ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਮੋਮਬੱਤੀਆਂ ਅਤੇ ਧੂਫ਼ਾਂ ਵਿੱਚ ਖੂਬ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਤਣਾਅ ਤੋਂ ਮੁਕਤੀ, ਹਵਾ ਨੂੰ ਸ਼ੁੱਧ ਕਰਨ, ਚਮੜੀ ਅਤੇ ਵਾਲਾਂ ਲਈ ਸ਼ੈਂਪੂ, ਸਾਬਣ, ਲੋਸ਼ਨ ਆਦਿ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ। ਚੀਨ ਵਿੱਚ ‘ਯਾਸਮੀਨ ਟੀ’ ਭਾਵ ਇਸ ਦੇ ਫੁੱਲਾਂ ਤੋਂ ਬਣੀ ਚਾਹ ਪੀਣ ਦਾ ਰਿਵਾਜ ਬਹੁਤ ਪੁਰਾਤਨ ਹੈ। ਵੈਦਿਕ ਗੁਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਵਰਤੋਂ ਜਿਗਰ, ਗੰਭੀਰ ਦਸਤ, ਪੇਟ ਦੀਆਂ ਬਿਮਾਰੀਆਂ, ਦਿਲ ਦੇ ਰੋਗ, ਕੈਂਸਰ, ਜਿਨਸੀ ਇੱਛਾ, ਹਾਰਮੋਨ ਪੱਧਰ ਆਦਿ ਦੇ ਸੰਦਰਭ ਵਿੱਚ ਖੂਬ ਕੀਤੀ ਜਾਂਦੀ ਹੈ। ਖੂਬਸੂਰਤ ਦਿਖ ਅਤੇ ਮਹਿਕਾਂ ਦੇ ਨਾਲ ਨਾਲ ਜੋ ਫੁੱਲ ਤੁਹਾਡੇ ਮਨ ਤੱਕ ਨੂੰ ਸਕੂਨ ਦੇਣ ਦੀ ਖਾਸੀਅਤ ਰੱਖਦੇ ਹੋਣ, ਉਹ ਆਸ ਪਾਸ ਜ਼ਰੂਰ ਲਾਉਣੇ ਚਾਹੀਦੇ ਹਨ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041