ਕੋਲਕਾਤਾ: ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਕਿਸੇ ਵੀ ਫਿਲਮ ਲਈ ਪ੍ਰਮੋਸ਼ਨ ਦਾ ਸਭ ਤੋਂ ਵਧੀਆ ਢੰਗ, ਕਿਸੇ ਦੇ ਮੂੰਹੋਂ ਕਹੇ ਗਏ ਸ਼ਬਦ ਹਨ। ਰਾਜਕੁਮਾਰ ਦੀ ਫਿਲਮ ‘ਭੀੜ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਅਦਾਕਾਰ ਨੇ ਕੰਨੜ ਭਾਸ਼ਾ ਵਿੱਚ ਬਣੀ ਫਿਲਮ ‘ਕਾਂਤਾਰਾ’ ਦੀ ਸਫ਼ਲਤਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਫਿਲਮ ਦੀ ਕਹਾਣੀ ਲੋਕਾਂ ਨੂੰ ਖਿੱਚਣ ਵਾਲੀ ਹੋਵੇਗੀ ਤਾਂ ਲੋਕ ਸਿਨੇਮਾ ਹਾਲ ਤੱਕ ਜ਼ਰੂਰ ਆਉਣਗੇ। ਅਦਾਕਾਰ ਨੇ ਕਿਹਾ, ‘ਘੱਟ ਬਜਟ ਵਾਲੀਆਂ ਫਿਲਮਾਂ ਲਈ ਇਹ ਲਾਜ਼ਮੀ ਹੁੰਦਾ ਹੈ ਕਿ ਜੇਕਰ ਤੁਸੀਂ ਵੱਡਾ ਕੈਨਵਸ ਨਹੀਂ ਦੇ ਸਕਦੇ ਤਾਂ ਕਹਾਣੀ ‘ਚ ਵਿਸ਼ਾਲਤਾ ਹੋਣੀ ਲਾਜ਼ਮੀ ਹੈ। ਕਹਾਣੀ ਵਿੱਚ ਕੁਝ ਅਜਿਹਾ ਹੋਣਾ ਚਾਹੀਦਾ ਹੈ, ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕੇ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਫਿਲਮ ਦੀ ਪ੍ਰਮੋਸ਼ਨ ਲਈ ਸਭ ਤੋਂ ਜ਼ਰੂਰੀ ਹੈ ਲੋਕਾਂ ਦੇ ਮੂੰਹੋਂ ਹੋਣ ਵਾਲੀ ਸ਼ਲਾਘਾ।’ ਅਦਾਕਾਰ ਨੇ ਕਿਹਾ, ”ਕਾਂਤਾਰਾ’ ਵਰਗੀ ਫਿਲਮ ਨੇ ਵੀ ਸਾਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ…ਮੈਂ ਬੇਸ਼ਕ ਮੁੰਬਈ ਵਿੱਚ ਬੈਠਾ ਹਾਂ, ਪਰ ਮੈਨੂੰ ਵੀ ਹੁਣ ਤੱਕ ਦਸ ਲੋਕ ਪੁੱਛ ਚੁੱਕੇ ਹਨ ਕਿ ਕੀ ਮੈਂ ਇਹ ਫਿਲਮ ਵੇਖੀ ਹੈ। ਕਿਉਂਕਿ ਇਹ ਫਿਲਮ ਵਧੀਆ ਹੈ, ਇਸ ਲਈ ਲੋਕ ਇਸ ਬਾਰੇ ਗੱਲ ਜ਼ਰੂਰ ਕਰਨਗੇ। ਇਸ ਲਈ ਤੁਸੀਂ ਸਿਰਫ਼ ਇੱਕ ਵਧੀਆ ਫਿਲਮ ਬਣਾਓ ਕਿਉਂਕਿ ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ।’ ਜ਼ਿਕਰਯੋਗ ਹੈ ਕਿ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਫਿਲਮ ‘ਭੀੜ’ ਵਿੱਚ ਕਰੋਨਾ ਮਹਾਮਾਰੀ ਦੌਰਾਨ ਪੈਦਾ ਹੋਏ ਮਾਰੂ ਹਾਲਾਤ ਨੂੰ ਦਰਸਾਇਆ ਗਿਆ ਹੈ। ਫਿਲਮ ਵਿੱਚ ਪੰਕਜ ਕਪੂਰ, ਭੂਮੀ ਪੇਡਨੇਕਰ, ਆਸ਼ੂਤੋਸ਼ ਰਾਣਾ ਤੇ ਦੀਆ ਮਿਰਜ਼ਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ