ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ‘ਖਾਲਿਸਤਾਨ’ ਦੀ ਹਮਾਇਤ ਕਰਨ ਬਦਲੇ ਗ੍ਰਿਫ਼ਤਾਰ ਕਰ ਲਏ ਜਾਣ ਦੀ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਮੀਮ ‘ਪੁਲਸ ਆ ਗਈ ਪੁਲਸ’, ਜੋ ਅੱਜਕਲ੍ਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਲਈ ਵਰਤਿਆ ਜਾ ਰਿਹਾ ਹੈ, ਦਾ ਹਵਾਲਾ ਦਿੰਦਿਆਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿਲਜੀਤ ਨੂੰ ਇਹ ਸੰਦੇਸ਼ ਦਿੱਤਾ ਹੈ। ਕੰਗਨਾ ਨੇ ਖਾਣਾ ਘਰ ਘਰ ਪਹੁੰਚਾਉਣ ਵਾਲੇ ਇੱਕ ਗਰੁੱਪ ਦੀ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈ ਦੇ ਰਹੀਆਂ ਹਨ। ਇਸ ਤਸਵੀਰ ‘ਤੇ ਲਿਖਿਆ ਹੈ, ‘ਪਲਸ ਆ ਗਈ ਪਲਸ’। ਇੱਥੇ ਪਲਸ ਤੋਂ ਭਾਵ ਦਾਲਾਂ ਹੈ। ਇਸ ਸਟੋਰੀ ਨਾਲ ਕੰਗਨਾ ਨੇ ਦਿਲਜੀਤ ਨੂੰ ਟੈਗ ਕਰਕੇ ਲਿਖਿਆ ਹੈ, ‘ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’ ਇੱਕ ਹੋਰ ਪੋਸਟ ਵਿੱਚ ਕੰਗਨਾ ਨੇ ਕਿਹਾ, ‘ਜਿੰਨੇ ਵੀ ਲੋਕ ਖਾਲਿਸਤਾਨ ਦੀ ਹਮਾਇਤ ਕਰ ਰਹੇ ਹਨ…ਯਾਦ ਰੱਖਣ ਅਗਲਾ ਨੰਬਰ ਤੁਹਾਡਾ ਹੈ…ਪੁਲਸ ਆ ਚੁੱਕੀ ਹੈ…ਹੁਣ ਉਹ ਵੇਲਾ ਨਹੀਂ, ਜਦੋਂ ਕੋਈ ਵੀ ਕੁਝ ਵੀ ਕਰਦਾ ਸੀ…ਹੁਣ ਦੇਸ਼ ਨਾਲ ਗੱਦਾਰੀ ਜਾਂ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਮਹਿੰਗੀ ਪਵੇਗੀ।’ ਜ਼ਿਕਰਯੋਗ ਹੈ ਕਿ 2020 ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਹੋਏ ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਤੇ ਦਿਲਜੀਤ ਵਿਚਾਲੇ ਸ਼ਬਦੀ ਤਕਰਾਰ ਹੋਈ ਸੀ। -ਆਈਏਐੱਨਐੱਸ