ਨਵੀਂ ਦਿੱਲੀ: ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦਿੱਲੀ ਦੇ ਹਵਾਈ ਅੱਡੇ ‘ਤੇ ਅੱਜ ਇਕੱਠੇ ਵੇਖੇ ਗਏ। ਦੋਵਾਂ ਦੇ ਵਿਆਹ ਦੇ ਚਰਚੇ ਅੱਜ ਕੱਲ੍ਹ ਪ੍ਰਸ਼ੰਸਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਦੌਰਾਨ ਹਵਾਈ ਅੱਡੇ ‘ਤੇ ਪਰਿਨੀਤੀ ਚੋਪੜਾ ਮੀਡੀਆ ਤੋਂ ਦੂਰੀ ਬਣਾਉਂਦੀ ਹੋਈ ਦਿਖਾਈ ਦਿੱਤੀ। ਉਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਤੇ ਇਸ ਮੌਕੇ ਰਾਘਵ ਚੱਢਾ ਵੀ ਛੇਤੀ ਹੀ ਕਾਰ ਵਿੱਚ ਬੈਠ ਕੇ ਚਲੇ ਗਏ। ਹਾਲ ਹੀ ਵਿੱਚ ਦੋਵਾਂ ਨੂੰ ਮੁੰਬਈ ਵਿੱਚ ਇਕੱਠਿਆਂ ਵੇਖਿਆ ਗਿਆ ਸੀ। ਅਦਾਕਾਰਾ ਨੂੰ ਕੁਝ ਦਿਨ ਪਹਿਲਾਂ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਵੀ ਦੇਖਿਆ ਗਿਆ ਸੀ, ਜਿਸ ਮਗਰੋਂ ਦੋਵਾਂ ਦੇ ਵਿਆਹ ਦੀਆਂ ਸੰਭਾਵਨਾਵਾਂ ਜਾਗੀਆਂ ਸਨ। ਹਾਲਾਂਕਿ ਹੁਣ ਤੱਕ ਪਰਿਨੀਤੀ ਤੇ ਰਾਘਵ ਚੱਢਾ ਦੋਵੇਂ ਹੀ ਵਿਆਹ ਦੀਆਂ ਖ਼ਬਰਾਂ ਅਤੇ ਇਸ ਨਾਲ ਜੁੜੇ ਸਵਾਲਾਂ ਬਾਰੇ ਚੁੱਪ ਰਹੇ ਹਨ, ਪਰ ਹਾਲ ਹੀ ਵਿੱਚ ਰਾਘਵ ਚੱਢਾ ਦੇ ਮਿੱਤਰ ਤੇ ‘ਆਪ’ ਆਗੂ ਸੰਜੀਵ ਅਰੋੜਾ ਨੇ ਟਵਿਟਰ ਅਕਾਊਂਟ ‘ਤੇ ਦੋਵਾਂ ਦੇ ਵਿਆਹ ਦੀ ‘ਅਫ਼ਵਾਹ’ ਮਿਲਣ ਮਗਰੋਂ ਮੁਬਾਰਕਬਾਦ ਵੀ ਦਿੱਤੀ ਹੈ। ਸੰਜੀਵ ਨੇ ਕਿਹਾ, ‘ਰਾਘਵ ਤੇ ਪਰਿਨੀਤੀ ਨੂੰ ਮੇਰੇ ਵੱਲੋਂ ਦਿਲੋਂ ਮੁਬਾਰਕਾਂ…ਪ੍ਰਮਾਤਮਾ ਕਰੇ ਉਨ੍ਹਾਂ ਦਾ ਮਿਲਨ ਪਿਆਰ ਤੇ ਖੁਸ਼ੀਆਂ ਨਾਲ ਭਰਪੂਰ ਹੋਵੇ। ਮੇਰੀਆਂ ਸ਼ੁਭ ਕਾਮਨਾਵਾਂ।’ -ਏਐੱਨਆਈ