ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਕਰ ਜੇਤੂ ਦਸਤਾਵੇਜ਼ੀ ‘ਦਿ ਐਲੀਫੈਂਟ ਵਿਸਪਰਰਜ਼’ ਦੀ ਟੀਮ ਨਾਲ ਮੁਲਾਕਾਤ ਕੀਤੀ। ਦਸਤਾਵੇਜ਼ੀ ਦੀ ਨਿਰਦੇਸ਼ਿਕਾ ਕਾਰਤਿਕੀ ਗੌਂਜ਼ਾਲਵਿਸ ਅਤੇ ਨਿਰਮਾਤਾ ਗੁਨੀਤ ਮੋਂਗਾ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਦਿ ਐਲੀਫੈਂਟ ਵਿਸਪਰਰਜ਼’ ਦੀ ਸਫ਼ਲਤਾ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਨਾਲ-ਨਾਲ ਸ਼ਲਾਘਾ ਵੀ ਹਾਸਲ ਕੀਤੀ ਹੈ। ਅੱਜ ਮੈਨੂੰ ਫਿਲਮ ਦੀ ਸ਼ਾਨਦਾਰ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਭਾਰਤ ਦਾ ਬਹੁਤ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਕਾਰਤਿਕੀ ਗੌਂਜ਼ਾਲਵਿਸ ਵੱਲੋਂ ਆਸਕਰ ਜੇਤੂ ਦਸਤਾਵੇਜ਼ੀ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ, ਜਦੋਂ ਕਿ ਗੁਨੀਤ ਮੋਂਗਾ ਨੇ ਇਸ ਦਾ ਨਿਰਮਾਣ ਕੀਤਾ ਹੈ। ‘ਦਿ ਐਲੀਫੈਂਟ ਵਿਸਪਰਰਜ਼’ ਨੇ ਇਸੇ ਮਹੀਨੇ 95ਵੇਂ ਅਕੈਡਮੀ ਐਵਾਰਡ ਸਮਾਗਮ ਦੌਰਾਨ ਸਰਵੋਤਮ ਦਸਤਾਵੇਜ਼ੀ ਲਘੂ ਫਿਲਮ ਸ਼੍ਰੇਣੀ ਵਿੱਚ ਆਸਕਰ ਐਵਾਰਡ ਜਿੱਤਿਆ ਹੈ। ‘ਦਿ ਐਲੀਫੈਂਟ ਵਿਸਪਰਰਜ਼’ ਦੀ ਕਹਾਣੀ ਇਕ ਜੋੜੇ ਅਤੇ ਹਾਥੀ ਦੇ ਬੱਚੇ ਵਿਚਾਲੇ ਰਿਸ਼ਤਿਆਂ ਦੇ ਆਧਾਰਿਤ ਹੈ, ਜੋ ਕਿ ਉਸ ਦੀ ਦੇਖਭਾਲ ਕਰਦੇ ਹਨ। ਫਿਲਮ ਵਿੱਚ ਹਾਥੀ ਦੇ ਬੱਚੇ ਦਾ ਨਾਂ ਰਘੂ ਹੈ। -ਆਈਏਐੱਨਐੱਸ