ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਦਾ ਕਹਿਣਾ ਹੈ ਕਿ ਫਿਲਮ ‘ਐ ਵਤਨ ਮੇਰੇ ਵਤਨ’ ਵਿੱਚ ਇੱਕ ਆਜ਼ਾਦੀ ਘੁਲਾਟਣ ਦੀ ਭੂਮਿਕਾ ਨਿਭਾਉਣੀ ਉਸ ਲਈ ਚੁਣੌਤੀਪੂਰਨ ਤੇ ਮਜ਼ੇਦਾਰ ਤਜਰਬਾ ਰਿਹਾ। ਐਮਾਜ਼ੋਨ ਓਰਿਜਨਲ ਦੀ ਇਸ ਫਿਲਮ ਦਾ ਨਿਰਦੇਸ਼ਨ ਕੰਨਨ ਅਈਅਰ ਅਤੇ ਨਿਰਮਾਣ ਕਰਨ ਜੌਹਰ ਦੇ ਧਰਮੈਟਿਕ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 1942 ਵਿੱਚ ਲੜੇ ਗਏ ‘ਭਾਰਤ ਛੱਡੋ ਅੰਦੋਲਨ’ ਦੌਰਾਨ ਵਾਪਰੀਆਂ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ, ਜਿਸ ਵਿੱਚ ਬੰਬਈ ਦੇ ਇੱਕ ਕਾਲਜ ਵਿੱਚ ਪੜ੍ਹਦੀ ਲੜਕੀ ਊਸ਼ਾ ਮਹਿਤਾ ਦੀ ਕਹਾਣੀ ਬਿਆਨੀ ਗਈ ਹੈ, ਜੋ ਹਾਲਾਤ ਦੇ ਮੱਦੇਨਜ਼ਰ ਹੌਲੀ-ਹੌਲੀ ਆਜ਼ਾਦੀ ਘੁਲਾਟਣ ਬਣਦੀ ਹੈ। ਜ਼ਿਕਰਯੋਗ ਹੈ ਕਿ ਊਸ਼ਾ ਮਹਿਤਾ ਨੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ਰੇਡੀਓ ਰਾਹੀਂ ਦੇਸ਼ ਭਰ ਵਿੱਚ ਇਸ ਮੁਹਿੰਮ ਦੀਆਂ ਖ਼ਬਰਾਂਂ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ। ਸਾਰਾ ਦਾ ਕਹਿਣਾ ਹੈ ਕਿ ਬਹਾਦਰੀ ਦੀ ਗਾਥਾ ਸੁਣਾਉਣ ਵਾਲੀ ਇਹ ਫਿਲਮ ਇੱਕ ਅਦਾਕਾਰ ਵਜੋਂ ਉਸ ਲਈ ਇੱਕ ਚੁਣੌਤੀ ਸੀ। -ਪੀਟੀਆਈ