ਮੁੰਬਈ: ਮਰਹੂਮ ਸੰਗੀਤਕਾਰ ਬੱਪੀ ਲਹਿਰੀ ਦੇ ਪੁੱਤਰ ਤੇ ਗਾਇਕ ਬੱਪਾ ਲਹਿਰੀ ਦਾ ਕਹਿਣਾ ਹੈ ਕਿ ਐਲਬਮ ‘ਡਿਸਕੋ ਡਾਂਸਰ-ਦਿ ਮਿਊਜ਼ੀਕਲ’ ਬੱਪੀ ਲਹਿਰੀ ਨੂੰ ਸੰਪੂਰਨ ਸ਼ਰਧਾਂਜਲੀ ਹੈ। ਸਲੀਮ-ਸੁਲੇਮਾਨ ਵੱਲੋਂ ‘ਡਿਸਕੋ ਡਾਂਸਰ-ਦਿ ਮਿਊਜ਼ੀਕਲ’ ਨੂੰ ਮੁੜ ਤੋਂ ਬੱਪੀ ਲਹਿਰੀ ਦੇ ਕਲਾਸਿਕ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ ਜੋ ਕਿ 1980 ਦੇ ਡਿਸਕੋ ਦੌਰ ਦੀ ਯਾਦ ਨੂੰ ਤਾਜ਼ਾ ਕਰਵਾਏਗੀ। ਗਾਇਕ ਬੱਪਾ ਨੇ ਦੱਸਿਆ ਕਿ ਉਹ 14 ਅਪਰੈਲ ਨੂੰ ਮੁੰਬਈ ਵਿੱਚ ਹੋਣ ਵਾਲੇ ਸੰਗੀਤਕ ਪ੍ਰੀਮੀਅਰ ਦੀ ਉਡੀਕ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਡਿਸਕੋ ਡਾਂਸਰ’ ਨੇ ਭਾਰਤ ਸਣੇ ਕਈ ਦੇਸ਼ਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਬੱਪਾ ਅਨੁਸਾਰ ਉਹ ‘ਗੋਰੋਂ ਕੀ ਨਾ ਕਾਲੋਂ ਕੀ’, ‘ਯਾਦ ਆ ਰਹਾ ਹੈ’, ‘ਜਿੰਮੀ ਜਿੰਮੀ’ ਆਦਿ ਗੀਤਾਂ ਦੀ ਲਾਈਵ ਪੇਸ਼ਕਾਰੀ ਦੇਖਣ ਦੀ ਉਡੀਕ ਕਰ ਰਿਹਾ ਹੈ ਅਤੇ ਕਾਸ਼ ਪਿਤਾ ਬੱਪੀ ਲਹਿਰੀ ਵੀ ਇਹ ਸਭ ਦੇਖਣ ਲਈ ਮੌਜੂਦ ਹੁੰਦੇ ਕਿ ਕਿਵੇਂ ਉਨ੍ਹਾਂ ਦਾ ਸੰਗੀਤ ਅਜੇ ਵੀ ਵੱਖ-ਵੱਖ ਪੀੜ੍ਹੀਆਂ ਨੂੰ ਜੋੜ ਰਿਹਾ ਹੈ।” ਬੱਪਾ ਲਹਿਰੀ ਅਨੁਸਾਰ ਉਸ ਦਾ ਮੰਨਣਾ ਹੈ ਕਿ ਭਾਰਤ ਵਿੱਚ ਸੰਗੀਤ ਦਾ ਮੰਚਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਗੀਤਾਂ ਅਤੇ ਕੋਰੀਓਗ੍ਰਾਫ਼ੀ ਰਾਹੀਂ ਕਹਾਣੀਆਂ ਸੁਣਾਉਣ ਦੀ ਪਰੰਪਰਾ ਹੈ। ਕਾਬਿਲੇਗੌਰ ਹੈ ਕਿ ਸੰਗੀਤਕਾਰ ਬੱਪੀ ਲਹਿਰੀ ਦਾ 15 ਫਰਵਰੀ 2022 ਨੂੰ ਦੇਹਾਂਤ ਹੋ ਗਿਆ ਸੀ। -ਆਈਏਐੱਨਐੱਸ